ਪੰਥਕ ਹਲਕਿਆਂ ਚ ਬਾਦਲਾਂ ਦੀ ਪਕੜ ਹੋਰ ਹਲਕੀ ਹੋਊ
ਸੰਗਰੂਰ-ਬੀਤੇ ਦਿਨ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਵੱਜਿਆ ਹੈ, ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਹੈ, ਜਿਸ ਨੇ ਪੰਥਕ ਸਿਆਸਤ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਉਨ੍ਹਾਂ ਦੀ ਇਸ ਜਿੱਤ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲਦੇ ਨਜ਼ਰ ਆ ਰਹੇ ਹਨ ਅਤੇ ਪੰਥਕ ਸਿਆਸਤ ਵਿੱਚ ਏਕਾਧਿਕਾਰ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਇਹ ਜਿੱਤ ਵੱਡੀ ਚੁਣੌਤੀ ਬਣ ਸਕਦੀ ਹੈ। ਸਿਆਸੀ ਮਾਹਿਰਾਂ ਅਨੁਸਾਰ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅਕਾਲੀ ਦਲ (ਬਾਦਲ) ਕੋਲ ਪਹਿਲਾਂ ਹੀ ਆਪਣੇ ਵਰਕਰਾਂ ਨੂੰ ਇਕਜੁੱਟ ਰੱਖਣ ਦੀ ਚੁਣੌਤੀ ਸੀ ਪਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਹੁਣ ਉਸ ਲਈ ਆਪਣਾ ਕੇਡਰ ਬਚਾਉਣਾ ਮੁਸ਼ਕਲ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਿੱਖ ਮੁੱਦਿਆਂ ਤੋਂ ਆਪਣਾ ਕੰਟਰੋਲ ਗੁਆਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਬਹਿਬਲ ਕਲਾਂ ਵਿੱਚ ਪੁਲਿਸ ਗੋਲੀਬਾਰੀ ਵਿੱਚ ਦੋ ਸਿੱਖ ਮਾਰੇ ਗਏ ਸਨ। ਕਥਿਤ ਤੌਰ ਉਤੇ ਡੇਰਾ ਸੱਚਾ ਸੌਦਾ ਨਾਲ ਅਕਾਲੀ ਦਲ ਦੀ ਸਾਂਝ ਦੇ ਦੋਸ਼ਾਂ ਨੇ ਵੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ। ਅਕਾਲੀ-ਭਾਜਪਾ ਗਠਜੋੜ ਦੌਰਾਨ ਵੀ ਸਿੱਖ ਮਾਮਲਿਆਂ ਵਿੱਚ ਆਰਐਸਐਸ ਦੀ ਕਥਿਤ ਦਖ਼ਲਅੰਦਾਜ਼ੀ ਦੇ ਦੋਸ਼ ਲੱਗੇ ਸਨ।
ਸਰਬੱਤ ਖਾਲਸਾ ਤੋਂ ਬਾਅਦ ਅਕਾਲੀ ਦਲ (ਬਾਦਲ) ਕਮਜ਼ੋਰ ਹੋਇਆ
ਨਵੰਬਰ 2015 ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਸਮੇਤ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਅਤੇ ਪਾਰਟੀਆਂ ਵੱਲੋਂ ਕਰਵਾਈ ਗਈ ਸਰਬੱਤ ਖਾਲਸਾ ਵਿਸ਼ਾਲ ਸਭਾ, ਪੰਥਕ ਰਾਜਨੀਤੀ ਵਿੱਚ ਅਕਾਲੀ ਦਲ (ਬਾਦਲ) ਦੀ ਅਜਾਰੇਦਾਰੀ ਲਈ ਪਹਿਲੀ ਚੁਣੌਤੀ ਸੀ ਅਤੇ ਪਾਰਟੀ ਉਦੋਂ ਤੋਂ ਹੀ ਸੰਘਰਸ਼ ਕਰ ਰਹੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਇਹ ਬਾਦਲ ਧੜੇ ਲਈ ਵੱਡੀ ਚੁਣੌਤੀ ਹੋ ਸਕਦੀਆਂ ਹਨ। ਪੰਥਕ ਵੋਟਾਂ ਦੇ ਮਾਨ ਦਲ ਵੱਲ ਝੁਕਾਅ ਨੇ ਅਕਾਲੀ ਦਲ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸੰਗਰੂਰ ਜਿਮਨੀ ਚੋਣਾਂ ਵਿਚ ਅਕਾਲੀ ਦਲ ਨੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਉਭਾਰਿਆ ਸੀ ਤੇ ਦਾਅਵਾ ਕੀਤਾ ਸੀ ਕਿ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ ਪਰ ਜੋ ਨਤੀਜੇ ਆਏ, ਉਹ ਸਭ ਦੇ ਸਾਹਮਣੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਆਪਣੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਸੰਗਰੂਰ ਚ ਦਿੱਲੀ ਦੀ ਪੰਜਾਬ ਚ ਦਖਲਅੰਦਾਜ਼ੀ ਹਾਰੀ-ਡਾ ਗਾਂਧੀ
ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸੰਗਰੂਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਸਬੰਧੀ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਪੰਜਾਬ ਸਰਕਾਰ ਵਿੱਚ ਦਿੱਲੀ ਦੀ ਦਖ਼ਲਅੰਦਾਜ਼ੀ ਨੂੰ ਹਰਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਪੰਜਾਬ ਦੇ ਮਾਮਲਿਆਂ ਵਿੱਚ ਰਾਘਵ ਚੱਢਾ ਦੀ ਦਖ਼ਲਅੰਦਾਜ਼ੀ ਲੋਕਾਂ ਨੂੰ ਰੜਕ ਰਹੀ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਮਗਰੋਂ ਹੁਣ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਇਕ ਵੀ ਮੈਂਬਰ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਵਿੱਚ ‘ਆਪ’ ਦੋ ਮੰਤਰੀਆਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਵਿੱਚੋਂ ਬੁਰੀ ਤਰ੍ਹਾਂ ਹਾਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਟਵੀਟ ਕੀਤਾ ਤੇ ਲਿਖਿਆ-ਰਾਘਵ ਚੱਢੇ ਨੂੰ ਕਦੇ ਸਮਝ ਹੀ ਨਹੀਂ ਆ ਸਕਦਾ ਕਿ 50,000 ਵੋਟਾਂ ਤਾਂ ਭਗਵੰਤ ਮਾਨ ਦੇ ਖਿੜਕੀ ਨਾਲ ਲਮਕਣ ਵਾਲੇ ਦਿਨ ਹੀ ਉੱਡ ਗਈਆਂ ਸਨ।
Comment here