ਸਿਆਸਤਖਬਰਾਂਚਲੰਤ ਮਾਮਲੇ

ਸੰਗਰੂਰ ਚ ਪ੍ਰਚਾਰ ਅੱਜ ਬੰਦ, ਕੇਜਰੀਵਾਲ ਕਰਨਗੇ ਰੋਡ ਸ਼ੋਅ

ਸੰਗਰੂਰ- ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਅੱਜ ਸ਼ਾਮ 6 ਵਜੇ ਸਮਾਪਤ ਹੋ ਜਾਵੇਗਾ। ਚੋਣਾਂ ਦੇ ਮੱਦੇਨਜ਼ਰ 21 ਜੂਨ ਸ਼ਾਮ 6 ਵਜੇ ਤੋਂ ਲੈ ਕੇ 23 ਜੂਨ 2022 ਨੂੰ ਹੋਣ ਵਾਲੀ ਵੋਟਿੰਗ ਤੱਕ ਪੂਰੇ ਖੇਤਰ ਵਿੱਚ ਮੁਕੰਮਲ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪਿਛਲੇ 48 ਘੰਟਿਆਂ ਨਾਲ ਸਬੰਧਤ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐਸਓਪੀ) 21 ਜੂਨ ਸ਼ਾਮ 6 ਵਜੇ ਤੋਂ ਲਾਗੂ ਹੋ ਜਾਵੇਗੀ। ਰਿਟਰਨਿੰਗ ਅਫਸਰ ਨੇ ਕਿਹਾ ਹੈ ਕਿ ਆਦਰਸ਼ ਚੋਣ ਜ਼ਾਬਤੇ ਦੇ ਮੈਨੂਅਲ ਦੇ ਉਪਬੰਧਾਂ ਅਨੁਸਾਰ ਪਿਛਲੇ 48 ਘੰਟਿਆਂ ਦੌਰਾਨ ਚੋਣ ਮਾਮਲਿਆਂ ਤਹਿਤ ਸਬੰਧਤ ਪੋਲਿੰਗ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਜਨਤਕ ਮੀਟਿੰਗ ਬੁਲਾਉਣ ਦੀ ਮਨਾਹੀ ਹੈ। ਇਸ ਤੋਂ ਇਲਾਵਾ 48 ਘੰਟਿਆਂ ਦੇ ਸਮੇਂ ਦੌਰਾਨ ਸਿਨੇਮੈਟੋਗ੍ਰਾਫ਼, ਟੈਲੀਵਿਜ਼ਨ ਜਾਂ ਇਸ ਤਰ੍ਹਾਂ ਦੇ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਕਰਕੇ ਕੋਈ ਵੀ ਚੋਣ ਸਮੱਗਰੀ ਦਿਖਾਉਣ ‘ਤੇ ਪਾਬੰਦੀ ਹੋਵੇਗੀ।  ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦੇਣ ਲਈ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135ਬੀ ਦੇ ਉਪਬੰਧਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਵਿੱਚ ਸਨਅਤੀ ਖੇਤਰਾਂ, ਕਾਰੋਬਾਰੀ ਖੇਤਰਾਂ, ਦੁਕਾਨਾਂ ਅਤੇ ਸੰਸਥਾਵਾਂ ਦੇ ਕਰਮਚਾਰੀ 23 ਜੂਨ 2022 ਨੂੰ ਵੋਟਿੰਗ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ‘ਤੇ ਹੋਣਗੇ। ਸੰਗਰੂਰ ਲੋਕ ਸਭਾ ਹਲਕੇ ਵਿੱਚ ਕੁੱਲ 15,69,240 ਵੋਟਰ ਹਨ, ਜਿਨ੍ਹਾਂ ਵਿੱਚ 8,30,056 ਮਰਦ, 7,39,140 ਔਰਤਾਂ ਅਤੇ 44 ਟਰਾਂਸਜੈਂਡਰ ਹਨ। ਇਸ ਉਪ ਚੋਣ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 13 ਪੁਰਸ਼ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। ਸੰਗਰੂਰ ਵਿੱਚ 23 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 26 ਜੂਨ, 2022 ਨੂੰ ਹੋਵੇਗੀ। ਸੰਗਰੂਰ ਦੇ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਲਾਕੇ ਦੀਆਂ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਜ਼ਿਮਨੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਸਰਕਾਰੀ ਮਸ਼ੀਨਰੀ ਦਿਨ-ਰਾਤ ਕੰਮ ਕਰ ਰਹੀ ਹੈ, ਤਾਂ ਜੋ ਚੋਣਾਂ ਨੂੰ ਸ਼ਾਂਤਮਈ, ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਕੇਜਰੀਵਾਲ ਦਾ ਰੋਡ ਸ਼ੋਅ

ਅੱਜ ਹਲਕੇ ਵਿੱਚ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਗਰੂਰ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ। ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਜਿੱਤ ਲਈ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ, ਮੁੱਖਮੰਤਰੀ ਭਗਵੰਤ ਮਾਨ ਖੁਦ ਰੋਡ ਸ਼ੋਅ ਕਰ ਚੁੱਕੇ ਹਨ ਅਤੇ ਕਈ ਮੰਤਰੀ ਹਲਕਵਾਰ ਮੀਟਿੰਗਾਂ ਕਰ ਰਹੇ ਹਨ।

Comment here