ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਨੂੰ ਹਰ ਰੋਜ਼ ਸੜਕ ਹਾਦਸਿਆਂ ਕਾਰਨ ਤਕਰੀਬਨ 50 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਪੰਜਾਬ ਸੜਕ ਦੁਰਘਟਨਾਵਾਂ ਅਤੇ ਟ੍ਰੈਫਿਕ ਰਿਪੋਰਟ-2021 ਦੇ ਮੁਤਾਬਕ ਪਿਛਲੇ ਸਾਲ 5,871 ਸੜਕ ਹਾਦਸਿਆਂ ਵਿੱਚ 4,589 ਲੋਕਾਂ ਦੀ ਮੌਤ ਹੋਈ ਸੀ ਅਤੇ 2,032 ਵਿਅਕਤੀ ਇਨ੍ਹਾਂ ਸੜਕ ਹਾਦਸਿਆਂ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਸਮਾਜਿਕ-ਆਰਥਿਕ ਲਾਗਤ ਵਿਸ਼ਲੇਸ਼ਣ ਨੇ 2021 ਵਿੱਚ 17,851 ਕਰੋੜ ਰੁਪਏ ਦਾ ਘਾਟਾ ਪਾਇਆ ਸੀ। ਇਹ ਲਗਭਗ 49 ਕਰੋੜ ਰੁਪਏ ਪ੍ਰਤੀ ਦਿਨ ਹੈ।ਜੋ ਕਿ ਸਾਲ 2020 ਦੇ ਮੁਕਾਬਲੇ ਲਗਭਗ 15 ਫੀਸਦੀ ਜ਼ਿਆਦਾ ਹੈ, ਜਦੋਂ ਪੰਜਾਬ ਨੂੰ 15,176 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇਹ ਜਾਣਕਾਰੀ ਦਿੱਤੀ ਕਿ ਮੌਤਾਂ, ਸੱਟਾਂ ਅਤੇ ਅਪਾਹਜਤਾ ਕਾਰਨ ਕੰਮ ਦੇ ਘੰਟਿਆਂ ਦੇ ਨੁਕਸਾਨ ਵਰਗੇ ਮਾਪਦੰਡਾਂ ਦੀ ਗਣਨਾ ਕਰ ਕੇ ਸਮਾਜਿਕ-ਆਰਥਿਕ ਲਾਗਤ ਦਾ ਪਤਾ ਲਗਾਇਆ ਗਿਆ ਸੀ। ਇਸ ਵਿੱਚ ਇਲਾਜ ਦੀ ਲਾਗਤ, ਗੁਆਚੀ ਉਤਪਾਦਕਤਾ ਅਤੇ ਸੰਭਾਵੀ ਆਮਦਨ ਦਾ ਨੁਕਸਾਨ ਵੀ ਸ਼ਾਮਲ ਹਨ। ਸੜਕੀ ਹਾਦਸਿਆਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਓਵਰਸਪੀਡਿੰਗ ਅਤੇ ਗਲਤ ਪਾਸੇ ਗੱਡੀ ਚਲਾਉਣਾ ਪੰਜਾਬ ਵਿੱਚ ਮੌਤਾਂ ਦੇ ਮੁੱਖ ਕਾਰਨ ਹਨ।ਸਾਲ 2021 ਦੇ ਵਿੱਚ ਓਵਰਸਪੀਡਿੰਗ ਕਾਰਨ ਕੁੱਲ 3,276 ਲੋਕਾਂ ਦੀ ਮੌਤ ਹੋਈ ਸੀ ਇਸ ਤੋਂ ਬਾਅਦ ਗਲਤ ਪਾਸੇ ਗੱਡੀ ਚਲਾਉਣ ਕਾਰਨ 522 ਮੌਤਾਂ ਹੋਈਆਂ।
ਜਦੋਂ ਉਮਰ ਵਰਗ ਦੀ ਗੱਲ ਆਉਂਦੀ ਹੈ ਤਾਂ ਨੌਜਵਾਨ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ। ਉਮਰ ਦੇ ਹਿਸਾਬ ਨਾਲ ਵੱਖ-ਵੱਖ ਘਾਤਕ ਸੜਕ ਹਾਦਸਿਆਂ ਵਿੱਚ ਸ਼ਾਮਲ 69 ਫੀਸਦੀ ਲੋਕ 18 ਤੋਂ 45 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ। ਜਿੱਥੋਂ ਤੱਕ ਹਾਦਸਿਆਂ ਦੇ ਸਮੇਂ ਦਾ ਸਬੰਧ ਹੈ, ਸਭ ਤੋਂ ਵੱਧ ਸੜਕ ਹਾਦਸਿਆਂ ਦੀ ਗਿਣਤੀ ਸ਼ਾਮ 6 ਵਜੇ ਅਤੇ 9 ਵਜੇ ਤੱਕ ਦਰਜ ਕੀਤੀ ਗਈ ਹੈ।
ਪੰਜਾਬ ਦੀ ਪ੍ਰਤੀ ਮਿਲੀਅਨ ਆਬਾਦੀ ਵਿੱਚ ਮੌਤਾਂ ਦੀ ਗਿਣਤੀ 144 ਸੀ। ਰੋਪੜ, ਐਸ.ਬੀ.ਐਸ. ਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਵੱਡੇ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਪੰਜਾਬ ਦੀ ਔਸਤ ਨਾਲੋਂ ਲਗਭਗ 1.7 ਗੁਣਾ ਹੈ।ਹਾਲਾਂਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ, 10 ਵਿੱਚ ਸੜਕੀ ਮੌਤਾਂ ਵਿੱਚ ਕਮੀ ਆਈ ਹੈ। ਜਲੰਧਰ ਜ਼ਿਲ੍ਹੇ ਦੀ ਰੈਂਕਿੰਗ 18ਵੇਂ ਤੋਂ 10ਵੇਂ ਅਤੇ ਲੁਧਿਆਣਾ 13ਵੇਂ ਤੋਂ 7ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਕਿ ਅਕਤੂਬਰ ਅਤੇ ਨਵੰਬਰ ਵਿੱਚ ਸੜਕੀ ਮੌਤਾਂ ਵਿੱਚ ਕਮੀ ਪਾਈ ਗਈ ਸੀ ਜਦੋਂ ਕਿ ਪਿਛਲੇ ਸਾਲ ਦੇ ਮੁਕਾਬਲੇ ਹੋਰ ਮਹੀਨਿਆਂ ਵਿੱਚ ਵਾਧਾ ਪਾਇਆ ਗਿਆ ਸੀ। ਹਾਲਾਂਕਿ ਸਾਲ 2021 ਦੇ ਵਿੱਚ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਵਿੱਚ ਪਿਛਲੇ ਸਾਲ ਦੇ ਘਟਦੇ ਰੁਝਾਨ ਦੇ ਮੁਕਾਬਲੇ 17.7% ਦਾ ਵਾਧਾ ਦਰਜ਼ ਕੀਤਾ ਗਿਆ ਹੈ। ਦੇਸ਼ ਦੀ ਅੰਦਾਜ਼ਨ 2.29% ਆਬਾਦੀ ਪੰਜਾਬ ਵਿੱਚ ਰਹਿੰਦੀ ਹੈ, ਪਰ ਪਿਛਲੇ ਪੰਜ ਸਾਲਾਂ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਇਸਦਾ ਹਿੱਸਾ 2.8% ਤੋਂ 3.5% ਤੱਕ ਅੱਡ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ ਪੰਜਾਬ ਵਿੱਚ ਰੋਜ਼ਾਨਾ ਔਸਤਨ 375 ਨਵੀਆਂ ਕਾਰਾਂ ਅਤੇ 982 ਦੋਪਹੀਆ ਵਾਹਨ ਰਜਿਸਟਰਡ ਹੋਏ ਸਨ।ਜਦਕਿ ਦਸੰਬਰ 2021 ਤੱਕ ਪੰਜਾਬ ਵਿੱਚ ਕੁੱਲ ਰਜਿਸਟਰਡ ਵਾਹਨ 1.21 ਕਰੋੜ ਹੋ ਗਏ ਸਨ। ਇਸ ਦੇ ਨਾਲ ਹੀ ਸੜਕਾਂ ਦੇ ਉੱਪਰ ਵਾਪਰੇ ਹਾਦਸਿਆਂ ਦੇ ਵਿੱਚ ਮੌਤਾਂ ਦਾ 72% ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਹੋਇਆ ਹੈ।ਜੋ ਕਿ ਪੰਜਾਬ ਦੇ ਲਈ ਇੱਕ ਗੰਭੀਰ ਵਿਸ਼ਾ ਹੈ।
ਸੜਕ ਹਾਦਸਿਆਂ ‘ਚ ਹਰ ਦਿਨ ਹੁੰਦਾ 50 ਕਰੋੜ ਰੁਪਏ ਦਾ ਨੁਕਸਾਨ : ਰਿਪੋਰਟ

Comment here