ਸਿਆਸਤਵਿਸ਼ੇਸ਼ ਲੇਖ

ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਮੌਕੇ ਸ਼ਰਧਾ ਦਾ ਸੈਲਾਬ

ਅੰਮ੍ਰਿਤਸਰ-ਸਿੱਖ ਭਾਈਚਾਰੇ ਵੱਲੋਂ ਦੀਵਾਲੀ ਵਾਲੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਿੱਖ ਸੰਗਤਾਂ ਵੱਲੋਂ ਦੀਪ ਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਬੰਦੀ ਛੋੜ ਦਿਵਸ ਤੋਂ ਭਾਵ ਹੈ ਮੁਕਤੀ ਦਾ ਦਿਵਸ। ਇਸ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ। ਰਿਹਾਅ ਹੋਣ ਉਪਰੰਤ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੀ ਕੈਦ ‘ਚੋਂ ਬੰਦੀ ਰਾਜਿਆਂ ਨੂੰ ਮੁਕਤ ਕਰਵਾ ਕੇ ਬੰਦੀਛੋੜ ਸਤਿਗੁਰੂ ਬਣੇ।  ਇਸ ਖੁਸ਼ੀ ਵਿਚ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਉਹਨਾਂ ਦਾ ਅੰਮ੍ਰਿਤਸਰ ਵਿਖੇ ਸਵਾਗਤ ਕੀਤਾ। ਉਹਨਾਂ ਦੇ ਆਉਣ ਦੀ ਖੁਸ਼ੀ ਵਿਚ ਸੰਗਤਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਇਹ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਵਸ ਮਨਾਉਣ ਲੱਗਿਆ। ਹਰ ਸਾਲ ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਤੇ ਦੀਪਮਾਲਾ ਕਰਦੀਆਂ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖਾਂ ਵਿਚ ਦੀਵਾਲੀ ਵਾਲੇ ਦਿਨ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਅੰਮ੍ਰਿਤਸਰ ਆਏ ਸਨ। ਇਸ ਲਈ ਖੁਸ਼ੀ ਵਿਚ ਰੋਸ਼ਨੀ ਕੀਤੀ ਗਈ। ਇਸ ਦਿਨ ਹਰਿਮੰਦਰ ਸਾਹਿਬ ਵਿਖੇ ਕੀਤੀ ਜਾਂਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਬੇਹੱਦ ਅਲੋਕਿਕ ਹੁੰਦਾ ਹੈ। ਦੂਸਰੇ ਪਾਸੇ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖਾਂ ਲਈ ਭਿਆਨਕ ਸਮਾਂ ਆਇਆ। ਭਾਈ ਮਨੀ ਸਿੰਘ ਜੀ ਜੋ ਕਿ ਉਨ੍ਹੀਂ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਮਹਾਨ ਸੇਵਾ ਨਿਭਾਅ ਰਹੇ ਸਨ, ਨੇ 1733 ਈਸਵੀ ਦੀ ਬੰਦੀ ਛੋੜ ਦਿਵਸ ਮੌਕੇ ਸਿੱਖ ਸੰਗਤਾਂ ਦੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਲਈ। ਉਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ। ਇਸ ਗੱਲ ਦਾ ਪਤਾ ਲੱਗਣ ’ਤੇ ਭਾਈ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਭਾਈ ਸਾਹਿਬ ਨੇ ਕਿਹਾ ਮੈਨੂੰ ਸਿੱਖੀ ਪਿਆਰੀ ਹੈ ਜਾਨ ਨਹੀਂ, ਮੈਨੂੰ ਸ਼ਹੀਦ ਹੋਣਾ ਪ੍ਰਵਾਨ ਹੈ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜ ਗਿਆ।

ਦਰਸ਼ਨੀ ਡਿਓੜੀ ਤੋਂ ਬੀਬੀ ਜਗੀਰ ਕੌਰ ਨੇ ਕੀਤਾ ਸੰਬੋਧਤ

ਬੰਦੀ ਛੋੜ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬਾਨ, ਹਾਜ਼ਰ ਪੰਥਕ ਸ਼ਖ਼ਸੀਅਤਾਂ ਅਤੇ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਇਤਿਹਾਸਕ ਦਿਹਾੜੇ ਦੀ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਸਿੱਖ ਕੌਮ ਦੇ ਨਿਰਾਲੇ ਇਤਿਹਾਸ ਦੀ ਵਿਲੱਖਣ ਗਾਥਾ ਹੈ। ਇਸ ਨੇ ਮਨੁੱਖੀ ਅਜ਼ਾਦੀ ਦੇ ਨਾਲ-ਨਾਲ ਹੱਕ ਸੱਚ ਅਤੇ ਇਨਸਾਫ਼ ਲਈ ਮਿਸਾਲੀ ਉਦਾਹਰਣ ਪੇਸ਼ ਕੀਤੀ। ਇਸ ਇਤਿਹਾਸਕ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੁੜਦਾ ਹੈ, ਜਿਨ੍ਹਾਂ ਨੇ 52 ਰਾਜਿਆਂ ਨੂੰ ਗਵਾਲੀਅਰ ਦੀ ਕੈਦ ਵਿੱਚੋਂ ਰਿਹਾਅ ਕਰਵਾ ਕੇ ਮਨੁੱਖ ਦੇ ਬੁਨਿਆਦੀ ਹੱਕਾਂ ਦੀ ਰਖਵਾਲੀ ਦਾ ਸੁਨੇਹਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਦਾ ਰਾਹ ਦਿਖਾਇਆ। ਗੁਰੂ ਸਾਹਿਬਾਨ ਨੇ ਆਤਮਿਕ ਖੇੜੇ ਲਈ ਸਿੱਖ ਕੌਮ ਵਿਲੱਖਣ ਜੀਵਨ ਜਾਂਚ ਬਖ਼ਸ਼ੀ ਅਤੇ ਸਮਾਜ ਅੰਦਰ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ। ਛੇਵੇਂ ਪਾਤਸ਼ਾਹ ਜੀ ਨੇ ਇਸੇ ਸੇਧ ਵਿਚ ਗਵਾਲੀਅਰ ਦੀ ਕੈਦ ਵਿਚ ਰਿਹਾਅ ਹੋਣ ਦੀ ਆਸ ਛੱਡ ਚੁੱਕੇ ਬੰਦੀ ਰਾਜਿਆਂ ਨੂੰ ਮੁਕਤ ਕਰਵਾ ਕੇ ਲੋਕਾਈ ਨੂੰ ਨਵੀਂ ਰੌਸ਼ਨੀ, ਨਵੇਂ ਜਜ਼ਬੇ ਅਤੇ ਨਵੇਂ ਜੋਸ਼ ਦੇ ਰੂਬਰੂ ਕੀਤਾ। ਇਸ ਨਾਲ ਮਨੁੱਖਤਾ ਅੰਦਰ ਮਰ ਚੁੱਕੀ ਅਜ਼ਾਦੀ ਦੀ ਕਿਰਨ ਇਕ ਵਾਰ ਤੋਂ ਰੌਸ਼ਨ ਹੋ ਗਈ। ਇਸ ਤਰ੍ਹਾਂ ਗੁਰੂ ਸਾਹਿਬ ਦਾ ਬੰਦੀ ਛੋੜ ਦਿਹਾੜਾ ਮਨੁੱਖੀ ਹੱਕਾਂ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਇਸ ਦਾ ਸਬੰਧ ਸਿੱਖ ਕੌਮ ਦੇ ਉਸ ਮਹਾਨ ਸ਼ਹੀਦ ਨਾਲ ਵੀ ਜੁੜਿਆ ਹੋਇਆ ਹੈ, ਜਿਸ ਨੇ ਬੰਦ-ਬੰਦ ਤਾਂ ਕਟਵਾ ਲਿਆ ਪਰ ਸਿੱਖੀ ਨੂੰ ਆਂਚ ਨਾ ਆਉਣ ਦਿੱਤੀ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੇ ਕੌਮ ਅੰਦਰ ਇਕਜੁਟਤਾ ਅਤੇ ਕੌਮੀ ਜਜ਼ਬਾ ਹੋਰ ਤਿੱਖਾ ਕਰ ਦਿੱਤਾ। ਇਹ ਗੱਲ ਸਾਨੂੰ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਸਮੇਂ ਦੀਆਂ ਹਕੂਮਤਾਂ ਨੇ ਸਦਾ ਹੀ ਸਿੱਖ ਕੌਮ ਨੂੰ ਦਬਾਉਣ ਦਾ ਯਤਨ ਕੀਤਾ। ਅੱਜ ਵੀ ਇਹ ਵਰਤਾਰਾ ਬੰਦ ਨਹੀਂ ਹੋਇਆ। ਬੰਦੀ ਛੋੜ ਦਿਹਾੜੇ ਮੌਕੇ 18 ਵੀਂ ਸਦੀ ਮੁਸ਼ਕਲ ਦੌਰ ਵਿਚ ਸਿੱਖ ਪੰਥ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠਾ ਹੋ ਕੇ ਕੌਮੀ ਲੇਖਾ-ਜੋਖਾ ਕਰਿਆ ਕਰਦਾ ਸੀ ਅਤੇ ਪਿਛਲੇ ਸਮੇਂ ਵਿਚ ਹੋਈਆਂ ਕੁਤਾਹੀਆਂ ਦੇ ਨਾਲ-ਨਾਲ ਕੌਮ ਦੀਆਂ ਭਵਿੱਖਮੁਖੀ ਤਰਜ਼ੀਹਾਂ ਵੀ ਨਿਰਾਧਰਤ ਕਰਨ ਲਈ ਵਿਉਂਤਾਂ ਉਲੀਕਿਆ ਕਰਦਾ ਸੀ। ਹਕੂਮਤ ਦੇ ਸਖ਼ਤੀ ਭਰੇ ਦੌਰ ਵਿਚ ਵੀ ਸਿੱਖ ਪੰਥ ਚੜ੍ਹਦੀ ਕਲਾ ਵਿਚ ਰਿਹਾ, ਜੋ ਸਾਨੂੰ ਸਦਾ ਹਿੰਮਤ, ਅਣਖ, ਦਲ੍ਹੇਰੀ ਅਤੇ ਚੇਤਨਤਾ ਨਾਲ ਜੋੜਦਾ ਰਿਹਾ ਹੈ। ਅੱਜ ਵੀ ਕੌਮ ਨੂੰ ਇਕੱਠੇ ਹੋ ਕੇ ਸਿਰਜੋੜ ਬੈਠਣ ਦੀ ਜ਼ਰੂਰਤ ਹੈ। ਬੰਦੀ ਛੋੜ ਦਿਹਾੜਾ ਚਾਨਣ ਦਾ ਪ੍ਰਤੀਕ ਵੀ ਹੈ, ਕਿਉਂਕਿ ਇਸ ਦਿਨ ਸੰਗਤ ਨੇ ਗੁਰੂ ਸਾਹਿਬ ਦੇ ਸਵਾਗਤ ਲਈ ਦੀਪਮਾਲਾ ਕਰਕੇ ਚਾਅ ਕੀਤਾ ਸੀ। ਹਨ੍ਹੇਰਾ ਅਗਿਆਨਤਾ ਦਾ ਪ੍ਰਤੀਕ ਹੈ ਅਤੇ ਚਾਨਣ ਦੀ ਸੰਗਿਆ ਗਿਆਨ ਨਾਲ ਕੀਤੀ ਜਾਂਦੀ ਹੈ। ਅੱਜ ਦੇ ਦਿਹਾੜੇ ਜਿਥੇ ਮੋਮਬੱਤੀਆਂ ਅਤੇ ਬਿਜਲਈ ਉਪਕਰਣਾਂ ਨਾਲ ਅਸੀਂ ਦੁਨਿਆਵੀਂ ਹਨ੍ਹੇਰਿਆਂ ਨੂੰ ਦੂਰ ਕਰਨਾ ਹੈ, ਉਥੇ ਹੀ ਗੁਰੂ ਦੇ ਗਿਆਨ ਦਾ ਦੀਪ ਆਪਣੇ ਅੰਦਰ ਜਗਾਉਣਾ ਬੇਹੱਦ ਜ਼ਰੂਰੀ ਹੈ। ਇਹ ਇਸ ਲਈ ਵੀ ਅਵੱਸ਼ਕ ਹੈ ਕਿ ਸਾਡੇ ਅੰਦਰ ਜੋ ਵਹਿਮਾਂ ਭਰਮਾਂ, ਕਰਮ-ਕਾਂਡਾਂ, ਈਰਖਾ, ਦਵੈਤ ਅਤੇ ਲੋਭ ਲਾਲਚ ਦਾ ਹਨ੍ਹੇਰਾ ਹੈ, ਉਹ ਖ਼ਤਮ ਹੋ ਜਾਵੇ। ਗਿਆਨ ਦਾ ਦੀਵਾ ਸਾਡੇ ਮਨਮਸਤਕ ਅੰਦਰ ਤਾਂ ਹੀ ਜਗ੍ਰੇਗਾ, ਜੇਕਰ ਅਸੀਂ ਗੁਰੂ ਲੜ ਲੱਗਾਂਗੇ। ਅਗਿਆਨਤਾ ਵਿਸ਼ੇ-ਵਿਕਾਰਾਂ, ਕਰਮ-ਕਾਂਡਾਂ ਅਤੇ ਫੋਕਟ ਰੀਤਾਂ ਰਸਮਾਂ ਤੋਂ ਬੰਦ ਖਲਾਸੀ ਅੱਜ ਦੀ ਵੱਡੀ ਲੋੜ ਹੈ। ਸੋ, ਮੈਂ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕਰਦੀ ਹਾਂ ਕਿ ਆਓ, ਇਕਜੁਟ ਹੋ ਬੈਠੀਏ। ਗੁਰੂ ਸਾਹਿਬ ਦੇ ਆਦਰਸ਼ ਦੀ ਪਾਲਣਾ ਕਰੀਏ, ਗੁਰਬਾਣੀ ਨੂੰ ਆਪਣੇ ਸਾਹਾਂ ਵਿਚ ਜੀਵੀਏ। ਸਿੱਖ ਇਤਿਹਾਸ ਤੋਂ ਸੇਧਾਂ ਪ੍ਰਾਪਤ ਕਰਕੇ ਅੱਗੇ ਵਧੀਏ ਅਤੇ ਗੁਰਮਤਿ ਰਹਿਣੀ ‘ਤੇ ਹਰ ਸਮੇਂ ਦ੍ਰਿੜਤਾ ਨਾਲ ਪਹਿਰਾ ਦਈਏ। ਬੰਦੀ ਛੋੜ ਦਿਹਾੜੇ ਦੀ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦੀ ਹੋਈ ਇਹ ਕਾਮਨਾ ਕਰਦੀ ਹਾਂ ਕਿ ਹੇ ਅਕਾਲ ਪੁਰਖ! ਆਪਣੇ ਵਰੋਸਾਏ ਹੋਏ ਖਾਲਸਾ ਪੰਥ ਦੇ ਸਦਾ ਮਿਹਰ ਰੱਖੋ ਅਤੇ ਦੇਸ਼ ਦੁਨੀਆਂ ਵਿਚ ਬੈਠੇ ਗੁਰੂ ਨਾਨਕ ਨਾਮ ਲੇਵਾ ਨੂੰ ਸੁਖੀ ਜੀਵਨ ਅਤੇ ਤਰੱਕੀਆਂ ਬਖ਼ਸ਼ਿਸ ਕਰੋ। ਬੀਬੀ ਜਗੀਰ ਕੌਰ ਨੇ ਕਿਹਾ ਕਿ  ਅੱਜ ਦੇ ਦਿਨ ਮੈਂ ਇਹ ਅਰਦਾਸ ਵੀ ਕਰਦੀ ਹਾਂ ਕਿ ਸਿੱਖ ਪੰਥ ਵੱਲੋਂ ਵੱਡੀਆਂ ਕੁਰਬਾਨੀਆ ਤੋਂ ਬਾਅਦ ਸਥਾਪਤ ਕੀਤੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ 100 ਸਾਲ ਪੂਰੇ ਹੋਣ ‘ਤੇ ਗੁਰੂ ਸਾਹਿਬ ਇਸ ਸ਼ਾਨਾਮਤੀ ਸੰਸਥਾ ਨੂੰ ਇਤਿਹਾਸ ਦੀ ਰੌਸ਼ਨੀ ਵਿਚ ਸਿੱਖ ਪੰਥ ਦੀ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ ਲਈ ਕਿਰਪਾ ਬਣਾਈ ਰੱਖਣ।

Comment here