ਸਿਆਸਤਖਬਰਾਂਚਲੰਤ ਮਾਮਲੇ

ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ‘ਤੇ ਭਖਿਆ ਵਿਵਾਦ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਇਕ ਇਤਿਹਾਸਕ ਫੈਸਲਾ ਲੈਣਗੇ। ਇਸ ਸੰਬੰਧੀ ਇੱਕ ਟਵੀਟ ‘ਚ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਮੂਹ ਸੰਗਤਾਂ ਦੀ ਮੰਗ ਅਨੁਸਾਰ ਅਸੀਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੇ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫ਼ਤ ਹੋਵੇਗਾ। ਇਸ ਲਈ ਕਿਸੇ ਟੈਂਡਰ ਦੀ ਲੋੜ ਨਹੀਂ ਹੈ। ਕੱਲ੍ਹ ਮੰਤਰੀ ਮੰਡਲ ਵਿੱਚ ਅਤੇ 20 ਜੂਨ ਨੂੰ ਵਿਧਾਨ ਸਭਾ ਵਿੱਚ ਪ੍ਰਸਤਾਵ ਆਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਟਵੀਟ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ । ਵੱਖ-ਵੱਖ ਸਿਆਸੀ ਆਗੂਆਂ ਅਤੇ ਧਾਰਮਿਕ ਆਗੂਆਂ ਵੱਲੋਂ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਇਸੇ ਹੀ ਲੜੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਮੁੱਖ ਮੰਤਰੀ @BhagwantMann ਜੀ, ਸਿੱਖਾਂ ਦੇ ਧਾਰਮਿਕ ਮਾਮਲਿਆਂ ਨੂੰ ਉਲਝਾਉਣ ਦੀ ਕੋਸ਼ਿਸ਼ ਨਾ ਕਰੋ। ਸਿੱਖੀ ਦੇ ਮਾਮਲੇ ਸੰਗਤ ਦੀ ਭਾਵਨਾਵਾਂ ਤੇ ਸਰੋਕਾਰਾਂ ਨਾਲ ਸਬੰਧਤ ਹਨ, ਜਿਨ੍ਹਾਂ ‘ਚ ਸਰਕਾਰਾਂ ਨੂੰ ਸਿੱਧੇ ਤੌਰ ‘ਤੇ ਦਖ਼ਲ ਕਰਨ ਦਾ ਕੋਈ ਹੱਕ ਨਹੀਂ। ਤੁਸੀਂ ਸਿੱਖ ਗੁਰਦੁਆਰਾ ਐਕਟ 1925 ‘ਚ ਸੋਧ ਕਰਕੇ ਨਵੀਂ ਧਾਰਾ ਜੋੜਨ ਦੀ ਗੱਲ ਕਰ ਰਹੇ ਹੋ,ਜਿਸ ਦੀ ਪ੍ਰਕਿਰਿਆ ਬਾਰੇ ਤੁਹਾਨੂੰ ਜਾਣਕਾਰੀ ਨਹੀਂ। ਇਹ ਕਾਰਜ ਸਿੱਖ ਸੰਗਤ ਵੱਲੋਂ ਚੁਣੀ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ਾਂ ਨਾਲ ਭਾਰਤ ਸਰਕਾਰ ਸੰਸਦ ਵਿੱਚ ਹੀ ਕਰ ਸਕਦੀ ਹੈ। ਪੰਜਾਬ ਸਰਕਾਰ ਨੂੰ ਇਸ ਐਕਟ ਵਿੱਚ ਸੋਧ ਕਰਨ ਦਾ ਕੋਈ ਅਧਿਕਾਰ ਨਹੀਂ। ਆਪਣੇ ਸਿਆਸੀ ਹਿੱਤਾਂ ਲਈ ਕੌਮ ਨੂੰ ਦੁਵਿਧਾ ਵਿੱਚ ਪਾਉਣ ਤੋਂ ਬਾਜ ਆਓ।ਗੁਰਬਾਣੀ ਪ੍ਰਸਾਰਣ ਆਮ ਪ੍ਰਸਾਰਣ ਨਹੀਂ, ਇਸ ਦੀ ਪਵਿੱਤਰਤਾ ਤੇ ਮਰਯਾਦਾ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੰਦਿਆਂ ਲਿਖਿਆ ਹੈ ਕਿ ਕੇਜਰੀਵਾਲ ਦੀ “ਆਪ” ਸਰਕਾਰ ਦੇ ਮੁੱਖ ਮੰਤਰੀ ਦਾ ਪਾਵਨ ਸਿੱਖ ਗੁਰਬਾਣੀ ਸੰਬੰਧੀ ਐਲਾਨ ਸਿੱਧਾ ਸਿੱਧਾ ਖਾਲਸਾ ਪੰਥ ਅਤੇ ਸਿੱਖ ਗੁਰਧਾਮਾਂ ਉੱਤੇ ਸਰਕਾਰੀ ਹੱਲਾ ਹੈ। ਇਹ ਘਿਨਾਉਣਾ ਫ਼ੈਸਲਾ ਸਿੱਖ ਸੰਗਤ ਕੋਲੋਂ ਗੁਰਬਾਣੀ ਪ੍ਰਚਾਰ ਦਾ ਹੱਕ ਖੋਹ ਕੇ ਗੁਰਧਾਮਾਂ ਦੇ ਸੰਭਾਲ ਸਰਕਾਰੀ ਕਬਜ਼ੇ ਵਿਚ ਲੈਣ ਵੱਲ ਪਹਿਲਾ ਖ਼ਤਰਨਾਕ ਅਤੇ ਹਿਮਾਕਤ ਭਰਿਆ ਕਦਮ ਹੈ। ਇਸ ਫੈਸਲੇ ਨੇ ਸ੍ਰੀ ਹਰਮੰਦਿਰ ਸਾਹਿਬ ਉੱਤੇ ਮੁਗਲਾਂ, ਅੰਗਰੇਜ਼ਾਂ ਤੇ ਇੰਦਰਾ ਗਾਂਧੀ ਦੇ ਜਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਪਰ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।
ਇਸ ਨਾਲ ਇੱਕ ਗੱਲ ਹੋਰ ਵੀ ਉਜਾਗਰ ਹੋ ਗਈ ਹੈ। ਜੋ ਲੋਕ ਕੱਲ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਕੌਮ ਨੂੰ ਬਾਰ ਬਾਰ ਦਿੱਤੀ ਜਾ ਰਹੀ ਇਸ ਚੇਤਾਵਨੀ ਨੂੰ ਕੇਵਲ ਸਿਆਸੀ ਦੱਸਦੇ ਸਨ ਕਿ ਸਰਕਾਰਾਂ ਸਿੱਖ ਗੁਰਧਾਮਾਂ ਉੱਤੇ ਸਿੱਧਾ ਕਬਜ਼ਾ ਕਰਨ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ, ਅੱਜ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਹਰਮੰਦਿਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਵਾਹ ਉੱਤੇ ਕਬਜ਼ਾ ਕਰਨ ਦੀ ਇਸ ਕੋਝੀ ਸਾਜਿਸ਼ ਨਾਲ ਉਹਨਾਂ ਦੀਆਂ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ।
ਜੇ ਪਾਵਨ ਗੁਰਬਾਣੀ ਸੰਗਤਾਂ ਤੱਕ ਗੁਰ ਮਰਿਆਦਾ ਅਨੁਸਾਰ ਪਹੁੰਚਾਉਣ ਦਾ ਹੱਕ ਵੀ ਸਿੱਖ ਸੰਗਤ ਅਤੇ ਉਸਦੇ ਚੁਣੇ ਹੋਏ ਨੁਮਾਇੰਦਿਆਂ ਦੀ ਬਜਾਏ ਸਰਕਾਰਾਂ ਨੂੰ ਹੀ ਸੌਂਪਣਾ ਹੁੰਦਾ ਤਾਂ ਗੁਰਧਾਮਾਂ ਨੂੰ ਸਰਕਾਰੀ ਮਸੰਦਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਨੂੰ ਅਕਹਿ ਤੇ ਅਸਹਿ ਤਸੀਹੇ ਸਹਿਣ ਤੇ ਬੇਸ਼ੁਮਾਰ ਬੇਮਿਸਾਲ ਕੁਰਬਾਨੀਆਂ ਦੀ ਲੋੜ ਹੀ ਕਿਉਂ ਹੁੰਦੀ। ਗੁਰਬਾਣੀ ਦੇ ਪ੍ਰਸਾਰਨ ਸਬੰਧੀ ਭਗਵੰਤ ਮਾਨ ਸਰਕਾਰ ਵੱਲੋਂ ਐਲਾਨਿਆ ਫੈਸਲਾ ਖਾਲਸਾ ਪੰਥ ਦੇ ਗੁਰਧਾਮਾਂ ਉੱਤੇ ਹੀ ਨਹੀ ਬਲਕਿ ਸਿੱਖ ਕੌਮ ਉੱਤੇ ਵੀ ਸਿੱਧਾ ਹਮਲਾ ਹੈ ਅਤੇ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।
ਗੈਰ ਪੰਜਾਬੀਆਂ ਤੇ ਗੈਰ ਸਿੱਖਾਂ ਦੇ ਇਸ ਹੱਥ ਠੋਕੇ ਮੁੱਖ ਮੰਤਰੀ ਦਾ ਹੰਕਾਰ ਹੁਣ ਸਭ ਹੱਦਾਂ ਪਾਰ ਕਰ ਗਿਆ ਹੈ ਤੇ ਉਸਨੂੰ ਹੁਣ ਗੁਰੂ ਘਰ ਨਾਲ ਮੱਥਾ ਲਾਉਣ ਵਿੱਚ ਵੀ ਅਕਾਲ ਪੁਰਖ ਅਤੇ ਗੁਰੂ ਦਾ ਕੋਈ ਭੈਅ ਹੀ ਨਹੀਂ ਰਿਹਾ। ਗ਼ੈਰਸਿੱਖ ਤੇ ਸਿੱਖ ਦੁਸ਼ਮਣ ਅੰਸਰਾਂ ਦਾ ਇਹ ਸੂਬੇਦਾਰ ਹੁਣ ਸਿੱਧਾ ਹੀ ਗੁਰੂ ਘਰ ਨੂੰ ਲਲਕਾਰਨ ਦੀ ਹਿਮਾਕਤ ਕਰ ਰਿਹਾ ਹੈ। ਤਾਕਤ ਨਾਲ ਅੰਨ੍ਹੇ ਹੋਏ ਸਿੱਖ ਦੁਸ਼ਮਣ ਤਾਕਤਾਂ ਦੇ ਇਸ ਹੱਥ ਠੋਕੇ ਵੱਲੋਂ ਦਿੱਤੀ ਇਸ ਹੰਕਾਰੀ ਵੰਗਾਰ ਨੂੰ ਖਾਲਸਾ ਪੰਥ ਸਵੀਕਾਰ ਕਰਦਾ ਹੈ।
ਭਾਜਪਾ ਆਗੂ ਸੁਨੀਲ ਜਾਖੜ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਮਾਨ ਸਾਹਿਬ, ਗੁਰੁ ਘਰ ਜਾਕੇ ਮੱਥਾ ਟੇਕੀਦਾ ਹੈ, ਮੱਥਾ ਲਾਈਦਾ ਨਹੀਂ। ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਗੁਰਬਾਣੀ ਪ੍ਰਸਾਰਣ ਤੇ ਕਿਸੇ ਦਾ ਏਕਾ ਅਧਿਕਾਰ ਨਹੀਂ ਹੋਣਾ ਚਾਹੀਦਾ, ਪਰ ਜਿਸ ਤਰਹਾਂ ਤੁਸੀਂ ਆਪਣੀਆਂ ਸਿਆਸੀ ਕਿੜਾਂ ਕੱਢਣ ਲਈ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਦੇ ਰਹੇ ਹੋ ਇਹ ਅੱਤ ਨਿੰਦਣਯੋਗ ਹੈ ਅਤੇ ਮੈਂ ਆਪ ਦੇ ਗੁਰਦੁਆਰਾ ਐਕਟ ਵਿੱਚ ਸੋਧ ਦੇ ਇਸ ਇਰਾਦੇ (ਜੋਕਿ ਅਸਲ ਵਿੱਚ ਰਾਜ ਦੇ ਅਧਿਕਾਰ ਦਾ ਵਿਸ਼ਾ ਵੀ ਨਹੀਂ) ਦਾ ਸਖਤ ਵਿਰੋਧ ਕਰਦਾ ਹਾਂ।
ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲ ਅੰਦਾਜ਼ੀ ਦੀਆਂ ਸ਼ਰਾਰਤਾਂ ਨਾਂ ਕਰੋ। ਕੋਈ ਫਾਇਦਾ ਨਹੀਂ ਹੋਣਾ। ਤੁਹਾਡੇ ਟਵੀਟ ਦੀ ਮੰਸ਼ਾ ਤੋਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਤੁਹਾਡੇ ਵਿੱਚ ਇੰਦਰਾਂ ਗਾਂਧੀ ਦੀ ਰੂਹ ਆ ਗਈ ਹੋਵੇ। ਪਰ ਤੁਹਾਡੀਆਂ ਅਜਿਹੀਆਂ ਹਰਕਤਾਂ ਨੂੰ ਅਣਖੀ ਸਿੱਖ ਤਾਂ ਕਦਾਚਿਤ ਵੀ ਬਰਦਾਸ਼ਤ ਨਹੀਂ ਕਰ ਸਕਦਾ। ਤੁਹਾਡੇ ਅਜਿਹੇ ਕਦਮਾਂ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਹਨ।ਕਿਰਪਾ ਕਰਕੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਨਾਂ ਲਾਓ…..
ਇਸ ਸੰਬੰਧੀ ਤੁਸੀਂ ਕੁੱਝ ਨਹੀਂ ਕਰ ਸਕਦੇ। ਇਹ ਸਿਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੈ।ਪੂਰੀ ਦੁਨੀਆਂ ਵਿੱਚ ਕਿਸੇ ਵੀ ਸਿੱਖ ਨੂੰ ਗੁਰਬਾਣੀ ਕੀਰਤਨ ਪ੍ਰਸਾਰਣ ਸੰਬੰਧੀ ਕੋਈ ਸ਼ਿਕਾਇਤ ਨਹੀਂ।ਹਰ ਸਿੱਖ ਤੱਕ ਪਹਿਲਾਂ ਹੀ ਗੁਰਬਾਣੀ ਕੀਰਤਨ ਪ੍ਰਸਾਰਣ ਨਿਰਵਿਵਾਦ,ਨਿਰਵਿਘਨ ਅਤੇ ਗੁਰਮਤਿ ਦੀ ਮਰਯਾਦਾ ਅਨੁਸਾਰ ਪਹੁੰਚ ਰਿਹਾ ਹੈ। ਕਿਰਪਾ ਕਰਕੇ ਪਹਿਲਾਂ ਗੁਰਬਾਣੀ ਕੀਰਤਨ ਤੇ ਮਰਯਾਦਾ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਇਹ ਧਾਰਮਿਕ ਸੱਚ ਹੈ ਕਿ “ਗੁਰੂ ਨੂੰ ਮੱਥਾ ਟੇਕਿਆ ਜਾਂਦਾ ਹੈ,ਗੁਰੂ ਨਾਲ ਮੱਥਾ ਲਾਇਆ ਨਹੀਂ ਜਾਂਦਾ।”

Comment here