ਅੰਮ੍ਰਿਤਸਰ-ਬਾਲੀਵੁੱਡ ਉਤੇ ਧਮਾਲ ਮਚਾਉਣ ਵਾਲੀ ਗ਼ਦਰ ਫਿਲਮ ਨੇ ਇੱਕ ਦੌਰ ‘ਚ ਸਭਨਾਂ ਦੇ ਮਨਾਂ ਵਿਚ ਆਪਣਾ ਸਥਾਨ ਬਣਾ ਲਿਆ ਸੀ। ਉਥੇ ਹੀ ਗ਼ਦਰ 2 ਹੁਣ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਗ਼ਦਰ 2 ਦੀ ਕਾਮਯਾਬੀ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਫਿਲਮ ਦੀ ਸਟਾਰ ਕਾਸਟ ‘ਚੋਂ ਬਾਲੀਵੁੱਡ ਅਦਾਕਾਰ ਮਨੀਸ਼ ਵਧਵਾ ਪਰਿਵਾਰ ਸਮੇਤ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਉਹਨਾਂ ਪਵਿੱਤਰ ਗੁਰੂਘਰ ਵਿਖੇ ਪਰਿਕਰਮਾ ਕੀਤੀ ਅਤੇ ਮੱਥਾ ਟੇਕਣ ਉਪਰੰਤ ਉਨ੍ਹਾਂ ਪਵਿੱਤਰ ਗੁਰਬਾਣੀ ਦੇ ਕੀਰਤਨ ਦਾ ਵੀ ਸਰਵਨ ਕੀਤਾ।
ਬੀਤੇ ਦਿਨੀਂ ਇਸ ਫਿਲਮ ਨੂੰ ਲੈ ਕੇ ਸੁਰਖੀਆਂ ‘ਚ ਚੱਲ ਰਹੇ ਵਿਵਾਦ ਸਬੰਧੀ ਉਨ੍ਹਾਂ ਸਪਸ਼ਟੀਕਰਨ ਕੀਤਾ ਕਿ ਜੋ ਦਰਸਾਇਆ ਜਾ ਰਿਹਾ ਹੈ, ਅਸਲੀਅਤ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸ਼ੂਟਿੰਗ ਤੋਂ ਬਾਅਦ ਦੀ ਤਸਵੀਰ ਹੈ, ਜਦ ਕਿ ਫਿਲਮ ਵਿੱਚ ਅਜਿਹਾ ਕੁੱਝ ਵੀ ਨਹੀਂ ਦਰਸਾਇਆ ਗਿਆ। ਉੱਥੇ ਹੀ ਇਸ ਫਿਲਮ ਵਿੱਚ ਆਪਣਾ ਕਿਰਦਾਰ ਨਿਭਾਉਣ ਵਾਲੇ ਮਨੀਸ਼ ਵਧਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਿਲਮ ਵਿੱਚ ਪ੍ਰਸਿੱਧ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਕੰਮ ਕਰ ਕੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋਇਆ। ਗ਼ਦਰ 2 ਵਿੱਚ ਅਦਾਕਾਰ ਮਨੀਸ਼ ਵਧਵਾ ਵਿਲਨ ਦਾ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ ਅਤੇ ਉਹਨਾਂ ਦਰਸ਼ਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਗ਼ਦਰ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ ,ਉਸੇ ਤਰ੍ਹਾਂ ਗ਼ਦਰ 2 ਨੂੰ ਪਿਆਰ ਦਿੱਤਾ ਜਾਵੇ।
Comment here