ਮੁਗਲਾਂ ਨਾਲ ਲੰਬੀ ਜੱਦੋ-ਜਹਿਦ ਤੋਂ ਬਾਅਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1706 ਈ. ਵਿੱਚ ਤਲਵੰਡੀ ਸਾਬੋ ਵਿਖੇ ਆਦਿ ਗ੍ਰੰਥ ਦੀ ਸੰਪੂਰਨਤਾ ਕਰਦੇ ਹੋਏ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ ਅਤੇ ਬਾਣੀ ਲਿਖਣ ਦੀ ਮਹਾਨ ਸੇਵਾ ਭਾਈ ਮਨੀ ਸਿੰਘ ਨੇ ਨਿਭਾਈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਹਜ਼ੂਰ ਸਾਹਿਬ, ਨਾਂਦੇੜ ਵਿਖੇ ਅਕਤੂਬਰ, 1708 ਈ ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥਾ ਟੇਕਿਆ ਅਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਗੁਰੂ ਥਾਪ ਦਿੱਤਾ। ਇਸ ਤਰ੍ਹਾਂ ਸਿੱਖ ਕੌਮ ਨੂੰ ਸਦੀਵੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਗੁਰੂ ਸਾਹਿਬ ਨੇ ਲਾਇਆ।
ਸਭ ਤੋਂ ਪਹਿਲਾਂ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਸਦੀਵੀ ਬਚਨਾਂ ਨੂੰ ਪੋਥੀ ਰੂਪ ਵਿੱਚ ਲਿਖਿਆ। ਇਸ ਤੋਂ ਮਗਰੋਂ ਜਿਸ ਵਕਤ ਗੁਰੂ ਅੰਗਦ ਦੇਵ ਜੀ ਗੁਰਿਆਈ ’ਤੇ ਬਿਰਾਜਮਾਨ ਸਨ, ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਇਸ ਪੋਥੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ। ਆਤਮ ਤ੍ਰਿਪਤੀ ਅਤੇ ਨਿਰੰਕਾਰ ਦੇ ਦਰਸ਼ਨ ਕਰਵਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦਾ ਪਰਵਾਹ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੱਕ ਨਿਰੰਤਰ ਚਲਦਾ ਰਿਹਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦਾ ਦੁੱਖ ਹਰਣ ਦੇ ਲਈ ਭਗਤਾਂ, ਭੱਟਾਂ ਤੇ ਗੁਰੂ ਘਰ ਵਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ‘ਆਦਿ ਗ੍ਰੰਥ’ ਤਿਆਰ ਕਰਵਾਇਆ।
1430 ਅੰਕ ਵਾਲੇ ਇਸ ਮਹਾਨ ਗ੍ਰੰਥ ਵਿੱਚ ਅੰਕ 1 ਤੋਂ ਲੈ ਕੇ 13 ਤੱਕ ਰਾਗ-ਮੁਕਤ ਨਿੱਤਨੇਮ ਦੀਆਂ ਬਾਣੀਆਂ ਅੰਕਿਤ ਹਨ। ਅੰਕ 14 ਤੋਂ ਲੈ ਕੇ 1353 ਤੱਕ ਰਾਗ-ਬੱਧ ਬਾਣੀ ਅੰਕਿਤ ਹੈ। ਅੰਕ 1353 ਤੋਂ 1430 ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਤੇ ਭੱਟ ਸਾਹਿਬਾਨ ਵਲੋਂ ਉਚਾਰੇ ਸਲੋਕ, ਸਵੱਯੇ, ਰਾਗ ਮਾਲਾ ਦਰਜ ਹੈ। ਅਖੀਰ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1708 ਈ ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥਾ ਟੇਕਿਆ ਅਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਗੁਰੂ ਥਾਪ ਦਿੱਤਾ। ਇਸ ਤਰ੍ਹਾਂ ਸਿੱਖ ਕੌਮ ਨੂੰ ਸਦੀਵੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਗੁਰੂ ਸਾਹਿਬ ਨੇ ਲਾਇਆ।
Comment here