ਸਿਆਸਤਖਬਰਾਂਦੁਨੀਆ

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਵਹੀਰਾਂ ਘੱਤ ਪਹੁੰਚੀਆਂ

ਪਾਕਿ ਸਿੱਖਾਂ ਨੇ ਸ਼ਰਧਾਲੂਆਂ ਦਾ ਕੀਤਾ ਨਿੱਘਾ ਸਵਾਗਤ
ਵਿਸ਼ੇਸ਼ ਰਿਪੋਰਟ (ਜਸਰੂਪ ਸਿੰਘ)-ਭਾਰਤ ਤੋਂ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨੀ ਸਿੱਖਾਂ ਵੱਲੋਂ ਗੁਲਾਬ ਦੇ ਫੁੱਲਾਂ ਦੇ ਹਾਰ ਗਲੇ ’ਚ ਪਾ ਕੇ ਸਰਹੱਦ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਅਤੇ ਐਮਪੀਏ ਸਰਦਾਰ ਰਮੇਸ਼ ਸਿੰਘ ਅਰੋੜਾ, ਡਾ ਮਹੀਪਾਲ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੱਜ ਇਕ ਵਾਰ ਫਿਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਸਰਕਾਰ ਵੱਲੋਂ ਖੋਲ੍ਹਣ ’ਤੇ ਉਹ ਭਾਰਤੀ ਸਿੱਖ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਨ ਤੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਲਾਂਘਾ ਹੁਣ ਲਗਾਤਾਰ ਖੁੱਲ੍ਹਣਾ ਚਾਹੀਦਾ ਹੈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਵੱਲੋਂ ਅਰਦਾਸ ਬੇਨਤੀ ਕਰਕੇ ਆਈਆਂ ਸੰਗਤਾਂ ਵੱਲੋਂ ਗੁਰੂ ਨਾਨਕ ਦੇ ਭਾਸ਼ਾ ਦੇ ਚਰਨਾਂ ਚ ਹਾਜ਼ਰੀ ਲਗਵਾਈ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਪਹਿਲਾਂ ਦੀ ਤਰ੍ਹਾਂ ਭਾਰਤੀ ਸਿੱਖ ਸ਼ਰਧਾਲੂ ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮੀਂ ਚਾਰ ਵਜੇ ਤਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਰੁਕੇ ਤੇ ਸ਼ਾਮ ਨੂੰ ਇਸ ਰਸਤੇ ਆਪਣੇ ਵਤਨ ਪਰਤ ਆਏ।
ਪ੍ਰਕਾਸ਼ ਪੁਰਬ ਤੇ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਲਕੀ ਸਾਹਿਬ ਵਿਚ ਸ਼ੁਸ਼ੋਬਿਤ ਕੀਤੇ। ਨਗਰ ਕੀਰਤਨ ਵਿਚ ਸ਼ਬਦੀ ਜਥੇ, ਚੌਕੀ ਜਥੇ, ਗੱਤਕਾ ਪਾਰਟੀਆਂ, ਸਕੂਲ ਬੈਂਡ ਪਾਰਟੀ ਅਤੇ ਸੰਗਤਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਮੁੱਖ ਮੰਤਰੀ ਚੰਨੀ ਮੰਤਰੀਆਂ ਤੇ ਅਫਸਰਾਂ ਨਾਲ ਕਾਰੀਡੋਰ ਪਹੁੰਚੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਤਰੀਆਂ ਤੇ ਅਫਸਰਾਂ ਨਾਲ ਕਾਰੀਡੋਰ ਪਹੁੰਚੇ। 17 ਮੈਂਬਰੀ ਜੱਥਾ ਕਰਤਾਰਪੁਰ ਸਾਹਿਬ ਲਈ ਰਵਾਨਾਉਹ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਉਸ ਦੇ ਬੈਚ ’ਚ 50 ਲੋਕ ਹੋਣਗੇ।
ਉਹ ਆਪਣੇ ਕੈਬਨਿਟ ਮੰਤਰੀਆਂ ਨਾਲ ਟਰਮੀਨਲ ਪਹੁੰਚੇ ਅਤੇ ਫਿਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਏ। ਕਾਂਗਰਸ ਦੇ ਪਹਿਲੇ ਜੱਥੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਵਿਜੇ ਸਿੰਗਲਾ, ਮਨਪ੍ਰੀਤ ਬਾਦਲ, ਵਿਧਾਇਕ ਇੰਦਰਬੀਰ ਸਿੰਘ, ਵਿਧਾਇਕ ਮਹਿੰਦਰ ਸਿੰਘ ਕੇਪੀ, ਹਰਪ੍ਰਤਾਪ ਸਿੰਘ ਅਜਨਾਲਾ ਸਮੇਤ 17 ਲੋਕ ਸ਼ਾਮਲ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਪਾਰਟੀ ਨਾਲ ਜਾਣਾ ਸੀ, ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ।
250 ਦੇ ਕਰੀਬ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦਿੱਤਾ ਜਾਵੇਗਾ। ਇਨ੍ਹਾਂ ਸ਼ਰਧਾਲੂਆਂ ਨੂੰ ਕੋਰੋਨਾ ਟੈਸਟ ਦੀ ਰਿਪੋਰਟ ਅਤੇ ਕੋਰੋਨਾ ਵੈਕਸੀਨ ਲੈਣ ਦਾ ਸਰਟੀਫਿਕੇਟ ਦਿਖਾਉਣ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾਵੇਗਾ। ਸਵੇਰ ਤੋਂ ਹੀ ਕਰਤਾਰਪੁਰ ਲਾਂਘੇ ’ਤੇ ਪਹੁੰਚਣ ਵਾਲੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਨੂੰ ਕੋਰੋਨਾ ਟੈਸਟ ਅਤੇ ਪਲਸ ਪੋਲੀਓ ਦੀ ਦਵਾਈ ਦੇਣ ਤੋਂ ਬਾਅਦ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਡੇਰਾ ਬਾਬਾ ਨਾਨਕ ਵਿਖੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਹੈ। ਕਰਤਾਰਪੁਰ ਲਾਂਘਾ 17 ਨਵੰਬਰ ਨੂੰ ਮੁੜ ਖੋਲ੍ਹਿਆ ਗਿਆ ਸੀ। ਪਹਿਲੇ ਦਿਨ 49 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ। ਅੱਜ ਲਗਭਗ 249 ਸ਼ਰਧਾਲੂਆਂ ਦੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸੰਭਾਵਨਾ ਹੈ।
ਨਵਜੋਤ ਸਿੱਧੂ 20 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਣਗੇ
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਦੇ ਵਫ਼ਦ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾਣ ਦਿੱਤਾ ਗਿਆ। ਇਸ ਕਾਰਨ ਸਿੱਧੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਗੁਰਪੁਰਬ ਮੌਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਨਹੀਂ ਟੇਕ ਸਕਣਗੇ। ਸਿੱਧੂ ਦੇ ਮੀਡੀਆ ਸਲਾਹਕਾਰ ਜਗਤਾਰ ਸਿੱਧੂ ਨੇ ਦੱਸਿਆ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਸਾਰੇ ਦਸਤਾਵੇਜ਼ ਮੁਕੰਮਲ ਹਨ, ਪਰ ਉਨ੍ਹਾਂ ਨੂੰ ਵੀਰਵਾਰ ਦੀ ਬਜਾਏ 20 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ ਹੈ।
ਸਿੱਧੂ ਦੇ ਮੀਡੀਆ ਸਲਾਹਕਾਰ ਜਗਤਾਰ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਆਸੀ ਦੁਸ਼ਮਣੀ ਕਾਰਨ ਅਜਿਹਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੱਧੂ ਪਾਕਿਸਤਾਨ ਗਏ ਸਨ ਤਾਂ ਨਵਜੋਤ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਨੂੰ ਲੈ ਕੇ ਸੁਰਖੀਆਂ ’ਚ ਆ ਗਏ ਸਨ। ਇਸ ਦਾ ਵਿਆਪਕ ਵਿਰੋਧ ਹੋਇਆ ਪਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਜਦੋਂ ਬਾਜਵਾ ਨੇ ਉਨ੍ਹਾਂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਦੱਸਿਆ ਤਾਂ ਉਨ੍ਹਾਂ ਬਾਜਵਾ ਨੂੰ ਜੱਫੀ ਪਾ ਲਈ।
ਅਸ਼ਵਨੀ ਸ਼ਰਮਾ ਦੀ ਅਗਵਾਈ ’ਚ ਭਾਜਪਾ ਆਗੂ ਵੀ ਪਹੁੰਚੇ ਕਰਤਾਰਪੁਰ ਸਾਹਿਬ
ਭਾਜਪਾ ਦੇ ਆਗੂ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ’ਚ ਵੀਰਵਾਰ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਮੱਥਾ ਟੇਕਣ ਲਈ ਪਹੁੰਚਣਗੇ। ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਜੱਥੇ ’ਚ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਸੁਖਵੰਤ ਸਿੰਘ ਧਨੌਲਾ, ਜਸਵਿੰਦਰ ਸਿੰਘ ਢਿੱਲੋਂ, ਐੱਸਐੱਸ ਚੰਨੀ, ਹਰਜੀਤ ਸਿੰਘ ਗਰੇਵਾਲ, ਬਿਕਰਮਜੀਤ ਸਿੰਘ ਚੀਮਾ, ਰਜਿੰਦਰ ਮੋਹਨ ਸਿੰਘ ਛੀਨਾ, ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਤੀਕਸ਼ਣ ਸੂਦ, ਸ਼ਿਵਬੀਰ ਸਿੰਘ ਰਾਜਨ, ਮਨਜੀਤ ਸਿੰਘ ਰਾਏ, ਕੇਡੀ ਭੰਡਾਰੀ ਆਦਿ ਸ਼ਾਮਲ ਹੋਣਗੇ। ਇਹ ਸਾਰੇ ਸ਼ਰਧਾਲੂ ਸਵੇਰੇ ਗੁਰੂ ਦੀ ਚਰਨਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ’ਤੇ ਨਤਮਸਤਕ ਹੋਣਗੇ ਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਕੇ ਵਾਪਸ ਪਰਤਣਗੇ।

ਪਾਕਿਸਤਾਨ ਨੇ ਸਿੱਧੂ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

ਨਵਜੋਤ ਸਿੱਧੂ ਭਾਵੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਹੋਣ ਪਰ ਪਾਕਿਸਤਾਨ  ਨੇ ਕਰਤਾਰਪੁਰ ਕੋਰੀਡੋਰ ਦੀ ਵੈੱਬਸਾਈਟ www.kartarpurcorridor.com.pk ‘ਤੇ ਨਵਜੋਤ ਸਿੰਘ ਸਿੱਧੂ ਨੂੰ ਖੂਬ ਸਰਾਹਨਾ ਕੀਤੀ ਗਈ ਹੈ। ਇਹ ਲਿਖਿਆ ਹੈ, ‘(ਕਰਤਾਰਪੁਰ ਕੋਰਿਡੋਰ ਖੋਲ੍ਹਣ ਦੇ) ਵਿਚਾਰ ਭਾਰਤ ਦੇ ਲੀਜੈਂਡ ਸਿੱਖ ਕ੍ਰਿਕਟਰ ਨਵਜੋਤ ਸਿੰਘ ਸਿੱਧੂ  ਨੇ ਸਾਂਝੇ ਕੀਤੇ ਸਨ, ਜੋ ਪਾਕਿਸਤਾਨੀ ਦੇ ਪ੍ਰਧਾਨ ਮੰਤਰੀ  ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਕਰਤ ਕਰਨ ਆਏ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ “ਸਹੁੰ ਚੁੱਕ ਸਮਾਗਮ” ਦੌਰਾਨ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ‘ਤੇ ਸਿੱਖ ਭਾਈਚਾਰੇ ਲਈ ਸਦਭਾਵਨਾ ਦੇ ਸੰਕੇਤ ਵਜੋਂ ਕਰਤਾਰਪੁਰ ਲਾਂਘਾ  ਖੋਲ੍ਹਣ ਦਾ ਫੈਸਲਾ ਕੀਤਾ। 28 ਨਵੰਬਰ 2018 ਨੂੰ, ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਦੇ ਗਰਾਊਂਡ ਬ੍ਰੇਕਿੰਗ ਸਮਾਰੋਹ ਵਿੱਚ ਸ਼ਿਰਕਤ ਕੀਤੀ। 11 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ, FWO ਅਤੇ ETPB ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਕਰਤਾਰਪੁਰ ਲਾਂਘੇ ਦਾ ਸੁਪਨਾ ਸਾਕਾਰ ਹੋਇਆ। 09 ਨਵੰਬਰ 2019 ਨੂੰ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ‘ਤੇ ਤੋਹਫ਼ੇ ਵਜੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕੀਤਾ। ਕਰਤਾਰਪੁਰ ਕੋਰੀਡੋਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਕੰਮ ਕਰ ਰਿਹਾ ਹੈ। ਰੋਜ਼ਾਨਾ ਦੇ ਆਧਾਰ ‘ਤੇ 5000 ਭਾਰਤੀ ਯਾਤਰੀਆਂ ਨੂੰ ਭਾਰਤੀ ਪਾਸੇ ਤੋਂ ਦਾਖਲ ਹੋਣ ਦੀ ਇਜਾਜ਼ਤ ਹੈ ਪਰ ਵਿਸ਼ੇਸ਼ ਮੌਕਿਆਂ ‘ਤੇ ਇਹ ਗਿਣਤੀ 15000 ਤੱਕ ਜਾ ਸਕਦੀ ਹੈ। ਇਸ ਲਈ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਸਿੱਖ ਸੰਗਤਾਂ ਦੀ ਗਿਣਤੀ ‘ਤੇ ਕੋਈ ਰੋਕ ਨਹੀਂ ਹੈ।ਬਾਬਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ। ਜਦੋਂ ਬਾਬਾ ਗੁਰੂ ਨਾਨਕ 22 ਸਤੰਬਰ 1539 ਨੂੰ ਸਵਰਗ ਸਿਧਾਰ ਗਏ ਸਨ। ਉਸ ਤੋਂ ਬਾਅਦ ਸਮਾਧੀ ਅਤੇ ਮਜ਼ਾਰ ਪਹਿਲੀ ਵਾਰ ਸਥਾਪਿਤ ਕੀਤੇ ਗਏ ਸਨ ।

ਕੈਪਟਨ ਦੇ ਪੂਰਵਜ਼ਾਂ ਦਾ ਜ਼ਿਕਰ

ਕਰਤਾਰਪੁਰ ਸਾਹਿਬ ਅੱਜ ਬਾਬਾ ਗੁਰੂ ਨਾਨਕ ਦੇ ਹਜ਼ਾਰਾਂ ਪੈਰੋਕਾਰਾਂ ਲਈ ਧਿਆਨ ਦਾ ਕੇਂਦਰ ਹੈ , ਜੋ ਰੋਜ਼ਾਨਾ ਆਧਾਰ ‘ਤੇ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ।  ਵੈਬਸਾਈਟ ਤੇ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾਂ ਦਾ ਵੀ ਜ਼ਿਕਰ ਕੀਤਾ ਗਏ ਹੈ ਲਿਖਿਆ ਗਿਆ ਹੈ ਕਿ  ਗੁਰੂ ਨਾਨਕ ਦੇਵ ਜੀ ਦੁਆਰਾ 1515 ਵਿੱਚ ਸਥਾਪਿਤ ਕੀਤਾ ਅਸਲ ਨਿਵਾਸ (ਗੁਰਦੁਆਰਾ) ਰਾਵੀ ਦਰਿਆ ਦੇ ਹੜ੍ਹਾਂ ਨਾਲ ਰੁੜ੍ਹ ਗਿਆ ਸੀ ਅਤੇ ਬਾਅਦ ਵਿੱਚ ਪਟਿਆਲਾ ਦੇ ਮਹਾਰਾਜਾ ਨੇ 19ਵੀਂ ਸਦੀ ਵਿੱਚ ਮੌਜੂਦਾ ਇਮਾਰਤ ਬਣਾਈ ਸੀ। 1947 ਵਿੱਚ ਵੰਡ ਤੋਂ ਬਾਅਦ, ਸਿੱਖ ਭਾਈਚਾਰਾ ਭਾਰਤ ਆ ਗਿਆ ਅਤੇ ਗੁਰਦੁਆਰਾ ਸਾਹਿਬ ਨੂੰ ਛੱਡ ਦਿੱਤਾ ਗਿਆ। ETPB ਅਤੇ PSGPC ਨੇ 2004 ਵਿੱਚ ਗੁਰਦੁਆਰੇ ਨੂੰ ਸਿੱਖ ਯਾਤਰੀਆਂ ਲਈ ਇਸਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਤੋਂ ਬਾਅਦ ਬਹਾਲ ਕੀਤਾ। 2004 ਤੋਂ ਲੈ ਕੇ, ਸਿੱਖ ਕੌਮ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਸਾਰੀਆਂ ਧਾਰਮਿਕ ਰਸਮਾਂ ਨਿਭਾਉਂਦੀ ਆ ਰਹੀ ਹੈ। ਹਾਲਾਂਕਿ, ਕਰਤਾਰਪੁਰ ਲਾਂਘੇ ਦਾ ਅਸਲ ਸੁਪਨਾ 2019 ਵਿੱਚ ਹਕੀਕਤ ਬਣ ਗਿਆ, ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 09 ਨਵੰਬਰ 2019 ਨੂੰ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਿਆ ਗਿਆ ਸੀ।

Comment here