ਲਾਹੌਰ-ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਜਿੱਥੇ ਸੰਗਤਾਂ ਦੀ ਆਮਦ ਵਧੀ ਹੈ, ਉਥੇ ਗੁਰੂ ਘਰ ਦੀ ਆਮਦਨ ਵਿਚ ਵਾਧਾ ਹੋਇਆ ਹੈ।ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਪਾਕਿਸਤਾਨ ਦੀ ਗੋਲਕ ਵਿੱਚੋਂ ਕਰੋੜਾਂ ਰੁਪਏ ਦੇ ਗ਼ਬਨ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਪੰਜਾਬ ਸਰਕਾਰ ਨੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਸਕੱਤਰ ਅਤੇ ਕਰਤਾਰਪੁਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਣਾ ਸ਼ਾਹਿਦ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਅਤਿ ਨਜ਼ਦੀਕੀ ਸੂਤਰਾਂ ਅਨੁਸਾਰ ਇਹ ਕਾਰਵਾਈ ਪ੍ਰਾਜੈਕਟ ਵਿੱਚ ਵਿੱਤੀ ਬੇਨਿਯਮੀਆਂ ਦੇ ਹੈਰਾਨ ਕਰਨ ਵਾਲੇ ਖ਼ੁਲਾਸੇ ਤੋਂ ਬਾਅਦ ਹੋਈ ਹੈ। ਚੈਅਰਮੈਨ ਰਾਣਾ ਸ਼ਾਹਿਦ ਨੇ 1,14,000 ਰੁਪਏ ਦੀ ਤਨਖ਼ਾਹ ਨਾਲ ਇੱਕ ਔਰਤ ਨੂੰ ਲੋਕ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਹੈ। ਕਥਿਤ ਤੌਰ ‘ਤੇ ਨਿਯੁਕਤੀ ਤੋਂ ਬਾਅਦ ਔਰਤ ਦਿਖਾਈ ਦੇਣ ਵਿੱਚ ਅਸਫ਼ਲ ਰਹੀ, ਜਦੋਂਕਿ ਸੀ.ਈ.ਓ. ਨੇ ਆਪਣੀ ਤਨਖ਼ਾਹ ਲਈ ਬੈਂਕ ਤੋਂ ਲੱਖਾਂ ਰੁਪਏ ਕੱਢਵਾ ਲਏ ਅਤੇ ਇਸ ਮੁੱਦੇ ‘ਤੇ ਆਵਾਜ਼ ਉਠਾਉਣ ਵਾਲੇ ਘੱਟੋ-ਘੱਟ 15 ਕਰਮਚਾਰੀਆਂ ਨੂੰ ਸ਼ਾਹਿਦ ਨੇ ਜ਼ਬਰਦਸਤੀ ਨੌਕਰੀਓਂ ਫ਼ਾਰਗ ਕਰ ਦਿੱਤਾ। ਇਸ ਤੋਂ ਇਲਾਵਾ, ਬਰਖ਼ਾਸਤ ਕੀਤੇ ਗਏ ਅਧਿਕਾਰੀ ਤੋਂ ਵੀਜ਼ਾ ਮੁਕਤ ਸਰਹੱਦੀ ਲਾਂਘੇ ਅਤੇ ਧਾਰਮਿਕ ਗਲਿਆਰੇ ‘ਤੇ ਸਿੱਖ ਸ਼ਰਧਾਲੂਆਂ ਵੱਲੋਂ ਦਿੱਤੇ ਦਾਨ ਅਤੇ ਨਕਦੀ ਦੀ ਵਰਤੋਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮਹੀਨੇ ਦੀ ਆਮਦਨ ਲੱਖਾਂ ਵਿੱਚ ਰਹਿ ਗਈ ਅਤੇ ਚੈਅਰਮੈਨ ਵੱਲੋਂ ਆਪਣੀ ਕੋਠੀ ਅਤੇ ਦਫ਼ਤਰ ਲਈ ਗੁਰੂ ਦੀ ਗੋਲਕ ਵਿੱਚੋਂ ਕਰੋੜਾਂ ਰੁਪਏ ਹੜਪ ਕਰ ਲਏ ਗਏ।
ਭਾਰਤ-ਪਾਕਿਸਤਾਨ ਸਰਕਾਰਾਂ ਨੇ ਆਪਸੀ ਤਾਲਮੇਲ ਰਾਹੀਂ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਵਿਵਸਥਾ ਕੀਤੀ ਹੈ, ਜਿਸ ਨਾਲ ਸਿੱਖ ਸ਼ਰਧਾਲੂਆਂ ਨੂੰ ਭਾਰਤ ਸਰਕਾਰ ਵੱਲੋਂ ਖੁੱਲ੍ਹੇ ਦਿਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ। ਇਹ ਲਾਂਘਾ ਸਰਹੱਦ ਤੋਂ ਸਿੱਧਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ 4 ਕਿਲੋਮੀਟਰ ਦੂਰ ਜਾਂਦਾ ਹੈ। ਇਸੇ ਦੌਰਾਨ ਚੇਅਰਮੈਨ ਈ.ਟੀ.ਪੀ. ਬੋਰਡ, ਲਾਹੌਰ ਦੀ ਪ੍ਰਵਾਨਗੀ ਨਾਲ ਕਰਤਾਰਪੁਰ ਸਾਹਿਬ ਲਾਂਘੇ ਦਾ ਸਨਾਉੱਲ੍ਹਾ ਖਾਨ, ਐਡੀਸ਼ਨਲ ਸੈਕਟਰੀ ਐਡਮਿਨ ਈ.ਟੀ.ਪੀ.ਬੀ. ਨੂੰ ਮੁੱਖ ਕਾਰਜਕਾਰੀ ਅਧਿਕਾਰੀ (ਪ੍ਰੋਜੈਕਟ) ਦੇ ਅਹੁਦੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
Comment here