ਅਪਰਾਧਸਿਆਸਤਖਬਰਾਂ

ਸ੍ਰੀਨਗਰ ’ਚ ਬੰਬ ਧਮਾਕਿਆਂ ਦੀ ਸਾਜ਼ਿਸ਼ ਫੇਲ੍ਹ; ਅੱਤਵਾਦੀਆਂ ਦੇ ਚਾਰ ਮਦਦਗਾਰ ਫੜੇ

ਸ੍ਰੀਨਗਰ-ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਆਮ ਨਾਗਰਿਕਾਂ ਵਿਸ਼ੇਸ਼ ਕਰਕੇ ਗ਼ੈਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਾਜ਼ਿਸ਼ ਵਿਚ ਤੇਜ਼ੀ ਤੋਂ ਬਾਅਦ ਐੱਨਆਈਏ ਨੇ ਵੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਰੱਖੀ ਹੈ। ਐੱਨਆਈਏ ਦੇ ਦੋ ਦਰਜਨ ਅਧਿਕਾਰੀ ਤੇ ਮੁਲਾਜ਼ਮ ਬੀਤੇ ਇਕ ਹਫ਼ਤੇ ਤੋਂ ਸ੍ਰੀਨਗਰ ਵਿਚ ਡੇਰਾ ਲਾਈ ਬੈਠੇ ਹਨ।
ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀਨਗਰ, ਪੁਲਵਾਮਾ ਅਤੇ ਸ਼ੋਪੀਆਂ ਵਿਚ ਕਰੀਬ 16 ਥਾਵਾਂ ਅਤੇ ਦੋ ਥਾਵਾਂ ’ਤੇ ਜੰਮੂ-ਕਸ਼ਮੀਰ ਪੁਲਿਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਸ੍ਰੀਨਗਰ ਤੋਂ ਅੱਤਵਾਦੀਆਂ ਲਈ ਕੰਮ ਕਰਨ ਵਾਲੇ ਚਾਰ ਓਵਰਗਰਾਊਂਡ ਵਰਕਰ ਵਸੀਮ ਅਹਿਮਦ ਸੋਫੀ ਨਿਵਾਸੀ ਛੱਤਾਬਲ, ਤਾਰਿਕ ਅਹਿਮਦ ਡਾਰ ਨਿਵਾਸੀ ਸ਼ੇਰਗੜ੍ਹੀ ਅਤੇ ਬਿਲਾਲ ਅਹਿਮਦ ਨਿਵਾਸੀ ਪਾਰਿਮਪੋਰਾ ਤੋਂ ਇਲਾਵਾ ਰਾਜੌਰੀ ਕਦਲ ਦੇ ਤਾਰਿਕ ਅਹਿਮਦ ਬਾਫਦਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਅੱਤਵਾਦੀ ਸੰਗਠਨਾਂ ਨੇ ਵੱਡੇ ਪੈਮਾਨੇ ’ਤੇ ਵਿਨਾਸ਼ਕਾਰੀ ਸਰਗਰਮੀਆਂ ਦੀ ਸਾਜ਼ਿਸ਼ ਰਚੀ ਹੈ। ਇਸ ਸਾਜ਼ਿਸ਼ ਨੂੰ ਲਸ਼ਕਰ, ਜੈਸ਼, ਹਿਜ਼ਬੁਲ ਮੁਜਾਹਦੀਨ, ਅਲ ਬਦਰ, ਦ ਰਜਿਸਟੈਂਸ ਫਰੰਟ (ਟੀਆਰਐੱਫ) ਤੇ ਪੀਪਲਜ਼ ਐਂਟੀ ਫਾਸਿਸਟ ਫੋਰਸ ਵਰਗੇ ਸੰਗਠਨਾਂ ਦੇ ਅੱਤਵਾਦੀਆਂ ਵੱਲੋਂ ਅੰਜਾਮ ਦਿੱਤਾ ਜਾਣਾ ਹੈ। ਫੜੇ ਗਏ ਚਾਰੇ ਓਵਰਗਰਾਊਂਡ ਵਰਕਰਾਂ ਦੇ ਘਰਾਂ ਤੇ ਹੋਰਨਾਂ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਜਿਹਾਦੀ ਸਾਹਿਤ, ਟੈਰਰ ਫੰਡਿੰਗ ਨਾਲ ਜੁੜੇ ਦਸਤਾਵੇਜ਼, ਮੋਬਾਈਲ ਫੋਨ, ਪੈੱਨ ਡਰਾਈਵ ਅਤੇ ਮੈਮਰੀ ਕਾਰਡ ਜ਼ਬਤ ਕੀਤਾ ਹੈ ਜਿਸ ਵਿਚ ਅੱਤਵਾਦੀ ਸਰਗਰਮੀਆਂ ਨਾਲ ਸਬੰਧਤ ਡਾਟਾ ਹੈ। ਫੜੇ ਗਏ ਅੱਤਵਾਦੀਆਂ ਦੇ ਚਾਰੇ ਓਵਰਗਰਾਊਂਡ ਵਰਕਰ ਵੱਖ-ਵੱਖ ਮਾਧਿਅਮਾਂ ਤੋਂ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਸਰਗਨਿਆਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਹੋਏ ਦੇਸ਼ ਭਰ ’ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਲਈ ਸਾਜ਼ੋ-ਸਾਮਾਨ ਜੁਟਾਉਣ ਤੇ ਨਵੇਂ ਅੱਤਵਾਦੀਆਂ ਨੂੰ ਭਰਤੀ ਕਰਨ ਵਿਚ ਲੱਗੇ ਹੋਏ ਸਨ।

Comment here