ਅਪਰਾਧਸਿਆਸਤਖਬਰਾਂ

ਸੋਸ਼ਲ ਮੀਡੀਆ ’ਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੇ 80 ਫਰਜ਼ੀ ਅਕਾਊਂਟ ਬੈਨ

ਨਵੀਂ ਦਿੱਲੀ-ਬੀਤੇ ਦਿਨੀਂ  ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਖ਼ੁਦ ਨੂੰ ਸਿੱਖ ਧਰਮ ਦਾ ਸਮਰਥਕ ਦੱਸਦੇ ਹੋਏ ਖਾਲਿਸਤਾਨ ਦੇ ਏਜੰਡੇ ਨੂੰ ਅੱਗੇ ਹਵਾ ਦੇਣ ਵਾਲੇ ਉਨ੍ਹਾਂ 80 ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਹੁਣ ਫਰਜ਼ੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਖਾਤਿਆਂ ਦੀ ਵਰਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਕੀਤੀ ਜੀ ਰਹੀ ਸੀ। ਲੇਖਕ ਬੇਂਜਾਮਿਨ ਸਟ੍ਰਿਕ ਵਲੋਂ ਲਿਖੀ ਗਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਇਸ ਨੈੱਟਵਰਕ ਦਾ ਉਦੇਸ਼ ਸਿੱਖਾਂ ਦੀ ਆਜ਼ਾਦੀ, ਮਨੁੱਖੀ ਅਧਿਕਾਰ ਅਤੇ ਉਨ੍ਹਾਂ ਕਦਰਾਂ-ਕੀਮਤਾਂ ਵਰਗੇ ਅਹਿਮ ਵਿਸ਼ਿਆਂ ’ਤੇ ਨਜ਼ਰੀਏ ਨੂੰ ਬਦਲਣਾ ਸੀ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਉਸ ਨੇ ਭਾਰਤ ਸਰਕਾਰ ਤੋਂ ਇਸ ’ਤੇ ਆਪਣਾ ਪੱਖ ਮੰਗਿਆ ਹੈ ਪਰ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
ਹਾਲਾਂਕਿ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਜਾਣਬੁੱਝ ਕੇ ਚੁੱਕਿਆ ਗਿਆ ਇਕ ਸਿਆਸੀ ਕਦਮ ਹੋ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧਪੁਰ) ਦੇ ਨੇਤਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਸਾਡਾ ਮੰਨਣਾ ਹੈ ਕਿ ਇਹ ਅਕਾਊਂਟ ਸਰਕਾਰ ਦੇ ਇਸ਼ਾਰੇ ’ਤੇ ਬਣਾਏ ਗਏ ਸਨ ਅਤੇ ਇਨ੍ਹਾਂ ਦਾ ਉਦੇਸ਼ ਪ੍ਰਦਰਸ਼ਨਾਂ ਦੇ ਖਿਲਾਫ ਇਕ ਭਾਵਨਾ ਨੂੰ ਪੈਦਾ ਕਰਨਾ ਸੀ।
ਅਸਲੀ ਹੈਂਡਲਰ ਨੂੰ ਨਹੀਂ ਜਾਣਦੇ ਸਨ ਲਾਈਕ ਕਰਨ ਵਾਲੇ
ਇੰਫਲੂਐਂਸ ਆਪ੍ਰੇਸ਼ਨ ਨੂੰ ਸਮਝਣ ਵਾਲੇ ਮਾਹਰ ਇਸ ਨੂੰ ‘ਐਮਲਿਫਿਕੇਸ਼ਨ’ ਭਾਵ ਪ੍ਰਭਾਵ ਨੂੰ ਵਧਾਉਣ ਦੀ ਰਣਨੀਤੀ ਦੇ ਰੂਪ ਵਿਚ ਦੇਖਦੇ ਹਨ ਕਿਉਂਕਿ ਨੈੱਟਵਰਕ ਨੂੰ ਜਿੰਨੀ ਸਮੱਗਰੀ ਮਿਲੇਗੀ ਉਸ ਦਾ ਅਸਰ ਓਨਾਂ ਹੀ ਜ਼ਿਆਦਾ ਹੋਵੇਗਾ। ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਖੁਦ ਨੂੰ ਮਨੁਖੀ ਅਧਿਕਾਰ ਅਤੇ ਸਮਾਜਿਕ ਵਰਕਰ ਦੱਸਣ ਵਾਲੀ ਰੂਬਲ ਨਾਗੀ ਦੱਸਦੀ ਹੈ ਕਿ ਉਨ੍ਹਾਂ ਨੇ ਇਕ ਫਰਜ਼ੀ ਖਾਤੇ ਦੇ ਟਵੀਟ ’ਤੇ ਤਾੜੀਆਂ ਵਜਾਉਣ ਵਾਲੀ ਇਮੋਜੀ ਦੇ ਨਾਲ ਪ੍ਰਤੀਕਿਰਿਆ ਦਿੱਤੀ ਸੀ। ਉਹ ਦੱਸਦੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅਕਾਊਂਟ ਫਰਜ਼ੀ ਸਨ। ਖੁਦ ਨੂੰ ਭੂ-ਸਿਆਸੀ ਫੌਜੀ ਮਾਹਰ ਦੱਸਣ ਵਾਲੇ ਕਰਨਲ ਰੋਹਿਤ ਦੇਵ ਨੇ ਵੀ ਇਕ ਅਕਾਊਂਟ ਦੀ ਪੋਸਟ ’ਤੇ ਥੰਬਸ ਅਪ ਇਮੋਜੀ ਨਾਲ ਪ੍ਰਤੀਰਿਕਿਆ ਦਿੱਤੀ ਸੀ ਪਰ ਉਨ੍ਹਾਂ ਨੇ ਕਿਹਾ ਕਿ ਉਹ ਇਹ ਨਹੀਂ ਜਾਣਦੇ ਹਨ ਕਿ ਇਸ ਹੈਂਡਲ ਦੇ ਪਿੱਛੇ ਕੌਣ ਹੈ।
ਨਿਊਜ਼ ਵੈੱਬਸਾਈਟਾਂ ’ਤੇ ਟਵੀਟਸ ਨੂੰ ਦਿੱਤੀ ਜਾਂਦੀ ਸੀ ਥਾਂ
ਇਨ੍ਹਾਂ ਖਾਤਿਆਂ ਦੇ ਹਜ਼ਾਰਾਂ ਫਾਲੋਅਰ ਸਨ ਅਤੇ ਇਸ ਨੈੱਟਵਰਕ ਦੀ ਪੋਸਟ ਨੂੰ ਅਸਲੀ ਸੋਸ਼ਲ ਮੀਡੀਆ ਖਪਤਕਾਰਾਂ ਵਲੋਂ ਲਾਈਕ ਅਤੇ ਰੀ-ਟਵੀਟ ਕੀਤਾ ਜਾਂਦਾ ਸੀ। ਇਸ ਦੇ ਨਾਲ ਹੀ ਨਿਊਜ਼ ਵੈੱਬਸਾਈਟਾਂ ’ਤੇ ਇਨ੍ਹਾਂ ਦੇ ਟਵੀਟਸ ਨੂੰ ਥਾਂ ਦਿੱਤੀ ਜਾਂਦੀ ਸੀ। ਆਮ ਤੌਰ ’ਤੇ ਫਰਜ਼ੀ ਖਾਤਿਆਂ ਦੀ ਮਦਦ ਨਾਲ ਅਸਰ ਪਾਉਣ ਲਈ ਚਲਾਏ ਜਾਣ ਵਾਲੀਆਂ ਅਜਿਹੀਆਂ ਕਈ ਮੁਹਿੰਮਾਂ ਅਸਲੀ ਲੋਕਾਂ ਦੇ ਨਾਲ ਸੰਵਾਦ ਸਥਾਪਤ ਕਰਨ ਵਿਚ ਅਸਫਲ ਰਹਿੰਦੀਆਂਂਹਨ ਪਰ ਰਿਸਰਚ ਦੌਰਾਨ ਇਸ ਨੈੱਟਵਰਕ ਨਾਲ ਜੁੜੀਆਂ ਅਜਿਹੀਆਂ ਕਈ ਪੋਸਟ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਸਮਰਥਨ ਜਨਤਕ ਹਸਤੀਆਂ ਨੇ ਕੀਤਾ ਹੈ। ਇਸ ਰਿਪੋਰਟ ਵਿਚ ਨਿਊਜ਼ ਬਲਾਗਸ ਅਤੇ ਟਿੱਪਣੀ ਕਰਨ ਵਾਲੀ ਵੈੱਬਸਾਈਟਾਂ ਨਾਲ ਜੁੜੇ ਫਰਜ਼ੀ ਖਾਤਿਆਂ ਦੀ ਸਮੱਗਰੀ ਦੀ ਵੀ ਪਛਾਣ ਕੀਤੀ ਗਈ ਹੈ।
ਕਿਸਾਨ ਅੰਦੋਲਨ ਨੂੰ ਵੀ ਬਣਾਇਆ ਨਿਸ਼ਾਨਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨ ਸੰਗਠਨ ਬੀਤੇ ਇਕ ਸਾਲ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਇਸ ਨੈੱਟਵਰਕ ਨੇ ਦਹਾਕਿਆਂ ਪੁਰਾਣੇ ਖਾਲਿਸਤਾਨ ਅੰਦੋਲਨ ਅਤੇ ਇਕ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਅਕਾਊਂਟਸ ਵਲੋਂ ਸਿੱਖਾਂ ਦੀ ਆਜ਼ਾਦੀ ਨਾਲ ਜੁੜੇ ਕਿਸੇ ਵੀ ਵਿਚਾਰ ਨੂੰ ਕੱਟੜਪੰਥੀ ਰੰਗ ਵਿਚ ਰੰਗਿਆ ਗਿਆ। ਕਿਸਾਨ ਅੰਦੋਲਨ ਨੂੰ ਵੀ ਨਾਜਾਇਜ਼ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦਾਅਵਾ ਕੀਤਾ ਗਿਆ ਕਿ ਇਸ ਅੰਦੋਲਨ ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਹੈ ਪਰ ਇਸ ਤੋਂ ਪਹਿਲਾਂ ਭਾਰਤ ਦੇ ਵੀ ਕੁਝ ਨੇਤਾਵਾਂ ਨੇ ਵੀ ਦਾਅਵਾ ਕੀਤਾ ਸੀ ਕਿਸਾਨਾਂ ਦੇ ਅੰਦੋਲਨ ਵਿਚ ਖਾਲਿਸਤਾਨੀ ਸ਼ਾਮਲ ਹੋ ਗਏ ਹਨ। ਕੁਝ ਖਾਤਿਆਂ ਨੇ ਬ੍ਰਿਟੇਨ ਅਤੇ ਕੈਨੇਡਾ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਖਾਲਿਸਤਾਨੀ ਅੰਦੋਲਨ ਨੂੰ ਸ਼ਰਨ ਦੇਣ ਵਾਲਿਆਂ ਦੇ ਰੂਪ ਵਿਚ ਦਿਖਾਇਆ ਸੀ।
ਮੇਟਾ ਨੇ ਕੀਤੇ ਫਰਜ਼ੀ ਖਾਤੇ ਬੰਦ
ਮੇਟਾ ਨੇ ਵੀ ਇਨ੍ਹਾਂ ਖਾਤਿਆਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਅਪ੍ਰਮਾਣਿਕ ਵਿਵਹਾਰ ਨੀਤੀ ਦੀ ਉਲੰਘਣਾ ਕਰਨ ਕਾਰਨ ਬੰਦ ਕਰ ਦਿੱਤਾ ਹੈ। ਇਕ ਮੀਡੀਆ ਰਿਪੋਰਟ ਮੇਟਾ ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਹੈ ਕਿ ਇਨ੍ਹਾਂ ਖਾਤਿਆਂ ਨੇ ਲੋਕਾਂ ਨੂੰ ਆਪਣੇ ਬਾਰੇ ਅਤੇ ਆਪਣੀ ਸਮੱਗਰੀ ਦੀ ਲੋਕਪ੍ਰਿਯੰਤਾ ਨੂੰ ਲੈ ਕੇ ਭੁਲੇਖੇ ਵਿਚ ਪਾਇਆ ਹੈ ਅਤੇ ਫੇਕ ਅਕਾਊਂਟ ਦੀ ਵਰਤੋਂ ਕੀਤੇ ਗਏ ਲੋਕਾਂ ਨੂੰ ਸਪੈਮ ਕੀਤਾ ਹੈ ਅਤੇ ਸਾਡੀ ਪਕੜ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ।
ਖਾਤਿਆਂ ’ਚ ਕੀਤੀ ਗਈ ਸੀ ਸਿੱਖਾਂ ਦੇ ਨਾਂ ਦੀ ਵਰਤੋਂ
ਇਸ ਨੈੱਟਵਰਕ ਨੇ ‘ਸਾਕ ਪਪੇਟ’ ਅਕਾਊਂਟਸ ਦੀ ਵਰਤੋਂ ਕੀਤੀ ਜੋ ਕਿ ਫਰਜ਼ੀ ਸੋਸ਼ਲ ਮੀਡੀਆ ਖਾਤੇ ਹੁੰਦੇ ਹਨ, ਪਰ ਇਨ੍ਹਾਂ ਨੂੰ ਅਸਲੀ ਲੋਕਾਂ ਵਲੋਂ ਇਸਤੇਮਾਲ ਕੀਤਾ ਜਾਂਦਾ ਹੈ। ਰਿਪੋਰਟ ਦੇ ਮੁਤਾਬਕ ਫਰਜ਼ੀ ਖਾਤਿਆਂ ਵਿਚ ਸਿੱਖ ਨਾਵਾਂ ਦੀ ਵਰਤੋਂ ਕੀਤੀ ਗਈ ਅਤੇ ਅਸਲੀ ਸਿੱਖ ਹੋਣ ਦਾ ਦਾਅਵਾ ਕੀਤਾ ਗਿਆ। ਇਹ ਲੋਕ ਆਪਣੇ ਏਜੰਡੇ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਰੀਅਲ ਸਿੱਖ ਹੈਸ਼ਟੈਗ ਦੀ ਵਰਤੋਂ ਕਰਦੇ ਸਨ। ਗੈਰ-ਲਾਭਕਾਰੀ ਸੰਗਠਨ ਸੈਂਟਰ ਫਾਰ ਇਨਫਾਰਮੈਸ਼ਨ ਰੇਜਿਲੀਐਂਸ (ਸੀ. ਆਈ. ਆਰ.) ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਸ ਨੈੱਟਵਰਕ ਵਿਚ ਇਕ ਹੀ ਫਰਜ਼ੀ ਪ੍ਰੋਫਾਈਲ ਨੂੰ ਵੱਖਰੇ-ਵੱਖਰੇ ਮੰਚਾਂ ’ਤੇ ਇਸਤੇਮਾਲ ਕੀਤਾ ਗਿਆ ਸੀ। ਇਨ੍ਹਾਂ ਅਕਾਊਂਟਸ ਦੇ ਨਾਂ, ਪ੍ਰੋਫਾਈਲ ਪਿਕਚਰ ਅਤੇ ਕਵਰ ਫੋਟੋ ਵੀ ਇਕ ਹੀ ਸਨ। ਇਹੋ ਨਹੀਂ, ਇਨ੍ਹਾਂ ਪ੍ਰੋਫਾਈਲਾਂ ਤੋਂ ਇਕੋ ਜਿਹੀ ਪੋਸਟ ਵੀ ਕੀਤੀ ਗਈ ਸੀ।

Comment here