ਅਪਰਾਧਸਿਆਸਤਖਬਰਾਂਦੁਨੀਆ

ਸੋਸ਼ਲ ਮੀਡੀਆ ਉੱਤੇ ਤਾਲਿਬਾਨਾਂ ਦੇ ਕਹਿਰ ਨੂੰ ਲੈ ਕੇ ਹਾਹਾਕਾਰ

ਯੂਜ਼ਰਜ਼ ਤਾਲਿਬਾਨੀ ਕਰੂਰ ਚਿਹਰੇ ਦੀਆਂ ਵੀਡੀਓ, ਤਸਵੀਰਾਂ ਸਾਂਝੀਆਂ ਕਰਕੇ ਕਰ ਰਹੇ ਨੇ ਅਲੋਚਨਾ

ਕਾਬੁਲ- ਅਫਗਾਨਿਸਤਾਨ ਵਿੱਚ ਤਾਲਿਬਾਨੀ ਕਹਿਰ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ, ਤਾਲਿਬਾਨੀ ਤਸ਼ੱਦਦ ਦੇ ਸ਼ਿਕਾਰ ਹੋ ਰਹੇ ਮਜ਼ਲੂਮਾਂ ਦੇ ਹੱਕ ਚ ਅਵਾਜ਼ ਉਠਾਉਂਦਿਆਂ ਸੋਸ਼ਲ ਮੀਡੀਆ ਯੂਜ਼ਰਜ਼ ਵਲੋਂ ਹਾਲਾਤ ਸਾਜ਼ਗਾਰ ਕਰਨ ਲਈ ਕੁਝ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਵਾਰ ਕ੍ਰਾਈਮਜ਼ ਇਨ ਅਫਗਾਨਿਸਤਾਨ ਯੂਜ਼ਰ ਅਤੇ ਗੁਲਾਮ ਸੇਖੀ ਨੇ ਕਮੇਡੀਅਨ ਖਾਸ਼ਾ ਉੱਤੇ ਤਾਲਿਬਾਨਾਂ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਵੀਡੀਓ ਸਾਂਝੀ ਕਰਦਿਆਂ ਅਲੋਚਨਾ ਕੀਤੀ ਹੈ। ਇਸ ਪੋਸਟ ਨੂੰ ਹੈਸ਼ਟੈਗ ਤਾਲਿਬਾਨ ਤੇ ਈਦਅਲਅਧਾ ਕੀਤਾ ਗਿਆ ਹੈ।

ਗੁਲਾਮ ਸੇਖੀ ਨੇ ਬੁਰੀ ਤਰਾਂ ਕੋੜਿਆਂ ਨਾਲ ਫੱਟੜ ਹੋਏ ਇੱਕ ਸ਼ਖਸ ਦੀ ਪਿੱਠ ਤੇ ਲੱਤਾਂ ਦੇ ਜ਼ਖਮ ਦਿਖਾਉਂਦੀਆਂ ਤਸਵੀਰਾਂ ਸਾਂਝੀਆਂ ਕਰਕੇ ਟਵੀਟ ਕੀਤਾ ਹੈ-ਮਨੁੱਖਤਾ ਖਿਲਾਫ ਜੁਲਮ ਦੀ ਲਗਾਤਾਰਤਾ- ਇਸ ਸ਼ਖਸ ਨੂੰ ਤਾਲਿਬਾਨਾਂ ਨੇ ਕੰਧਾਰ ਵਿੱਚ ਤਸ਼ਦਦ ਦਾ ਸ਼ਿਕਾਰ ਬਣਾਇਆ, ਕਿਉਂਕਿ ਉਸ ਦੀ ਜੇਬ ਚੋਂ ਜਨਰਲ ਰਜੀਕ ਦੀਆਂ ਤਸਵੀਰਾਂ ਮਿਲੀਆਂ ਸਨ।

ਗੁਲਾਮ ਸੇਖੀ ਨੇ ਬੁਰੀ ਤਰਾਂ ਰੋ ਕੁਰਲਾ ਰਹੇ ਫਰਿਆਦ ਕਰ ਰਹੇ ਇੱਕ ਅਫਗਾਨੀ ਬਜੁਰਗ ਦੀ ਵੀਡੀਓ ਸਾਂਝੀ ਕਰਦਿਆਂ ਦੱਸਿਆ ਹੈ ਕਿ- ਬਲਖ ਪ੍ਰਾਂਤ ਦੇ ਇਸ ਆਦਮੀ ਦਾ ਕਹਿਣਾ ਹੈ ਕਿ ਉਸਦੀ ਧੀ ਦੀ ਕਿਸੇ ਹੋਰ ਆਦਮੀ ਨਾਲ ਮੰਗਣੀ ਹੋਈ ਸੀ, ਹੁਣ ਉਸਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਹੈ ਅਤੇ ਇੱਕ ਤਾਲਿਬਾਨ ਲੜਾਕੂ ਨਾਲ ਵਿਆਹ ਲਈ ਮਜਬੂਰ ਕਰ ਦਿੱਤਾ ਹੈ। ਗੁਲਾਮ ਨੇ ਇਹ ਵੀਡੀਓ ਕੁਝ ਵੱਡੇ ਕੌਮਾਂਤਰੀ ਮੀਡੀਆ ਅਦਾਰਿਆਂ ਨੂੰ ਟੈਗ ਕਰਦਿਆਂ ਸਵਾਲ ਕੀਤਾ ਹੈ ਕਿ ਤੁਹਾਡੀਆਂ ਰਿਪੋਰਟਾਂ ਚ ਇਹ ਦਰਦ ਤੇ ਭਿਆਨਕਤਾ ਕਿਉਂ ਨਹੀਂ ਦਿਖਾਈ ਜਾਂਦੀ?

ਇੱਕ ਹੋਰ ਯੂਜ਼ਰ ਰਘੂਮਨ 1 ਨੇ ਤਾਲਿਬਾਨਾਂ ਵਲੋਂ ਮਹਿਲਾਵਾਂ ਤੇ ਕੀਤੇ ਜਾ ਰਹੇ ਤਸ਼ੱਦਦ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ ਕ੍ਰਿਪਾ ਕਰਕੇ ਸਾਰੇ ਬਲਾਤਕਾਰੀਆਂ, ਕਾਤਲਾਂ, ਜਬਰੀ ਬਣ ਰਹੇ ਲਾੜਿਆਂ ਨੂੰ ਓਥੇ ਵਾਪਸ ਭੇਜੋ, ਜਿੱਥੇ ਦੇ ਉਹ ਹਨ, ਉਹਨਾਂ ਗੈਰ ਕਨੂੰਨੀ ਪ੍ਰਵਾਸੀਆਂ ਨੂੰ ਵੀ ਭੇਜੋ, ਜੋ ਆਪਣੀ ਸਹੂਲਤ ਅਨੁਸਾਰ ਸ਼ਰਨ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਆਪਣੇ ਗੱਭਰੇਟ ਤੇ ਜਵਾਨ ਬੱਚਿਆਂ ਨੂੰ ਤਾਲਿਬਾਨਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਕੁਝ ਕਰੋ।

ਵਿਨੈ ਰਾਵੋਰੀ ਨੇ ਤਾਲਿਬਾਨੀ ਹਮਲੇ ਦੀ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ ਇਹ ਵੀਡੀਓ ਕੰਧਾਰ ਦੇ ਸਪਿਨ ਬਲਡੋਕ ਦੀ ਹੈ, ਕਿੰਨੇ ਜਾਲਮ ਹਨ ਇਹ? ਇਹ ਤਾਲਿਬਾਨ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਬਾਹਰ ਧੂਹ ਰਹੇ ਨੇ, ਤੇ ਕਤਲ ਕਰ ਰਹੇ ਨੇ, ਉਹਨਾਂ ਦੇ ਸਮਰਥਕਾਂ ਨੂੰ ਉਲਟਾ ਬਲੇਮ ਕਰਦੇ ਨੇ। ਇਸ ਪੋਸਟ ਨੂੰ ਹੈਸ਼ਟੈਗ ਅਫਗਾਨਿਸਤਾਨ ਗੌਰਮਿੰਟ ਕੀਤਾ ਗਿਆ ਹੈ।ਇਸ ਯੂਜ਼ਰ ਨੇ ਲਿਖਿਆ ਹੈ ਕਿ ਤਾਲਿਬਾਨ ਸੱਤਾ ਚ ਆਉਣ ਜਾਂ ਨਾ ਆਉਣ, ਪਰ ਇਹ ਕਰੂਰ ਤਸਵੀਰਾਂ ਡਰਾਉਂਦੀਆਂ ਰਹਿਣਗੀਆਂ। ਮਾਰੇ ਜਾ ਰਹੇ ਮਜ਼ਲੂਮਾਂ ਦੀ ਗਿਣਤੀ ਭਿਆਨਕ ਅੰਕੜੇ ਵਾਲੀ ਹੈ।ਇਸ ਯੂਜ਼ਰ ਨੇ ਤਾਲਿਬਾਨਾਂ ਵਲੋਂ ਕਤਲ ਕੀਤੇ ਫੌਜੀਆਂ ਦੇ ਢੇਰ ਦੀਆਂ ਦਿਲ ਦਹਿਲਾਊ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਐਂਡੀ1990 ਨੇ ਹੈਸ਼ਟੈਗ ਤਾਲਿਬਾਨ ਡਿਸਟ੍ਰਾਇੰਗ ਅਫਗਾਨਿਸਤਾਨ ਨਾਲ ਤਾਲਿਬਾਨਾਂ ਵਲੋਂ ਅਫਗਾਨ ਫੌਜੀਆਂ ਦੀ ਬੇਰਹਿਮੀ ਨਾਲ ਹੱਤਿਆ ਦੀ ਵੀਡੀਓ ਸਾਂਝੀ ਕਰਕੇ ਲਿਖਿਆ ਹੈ ਕਿ ਇਹ ਫਰਾਬ ਤੋਂ ਹੈ, ਜਿੱਥੇ ਅਫਗਾਨ ਕਮਾਂਡੋ ਫੜੇ ਗਏ ਤੇ ਮਾਰ ਦਿੱਤੇ ਗਏ, ਤਾਲਿਬਾਨ ਪੁਰਾਣੇ ਰਸਤੇ ਤੇ ਜਾ ਰਿਹਾ ਹੈ। ਬਿਨਾ ਵਜਾ ਅੰਨੇਵਾਹ ਕਤਲੇਆਮ ਕੌਮਾਂਤਰੀ ਪੱਧਰ ਤੇ ਧਿਆਨ ਖਿੱਚਣ ਲਈ। ਸੰਯੁਕਤ ਰਾਸ਼ਟਰ ਨੂੰ ਧਿਆਨ ਦੇਣਾ ਚਾਹੀਦਾ ਹੈ।

ਘਰੋਂ ਬੇਘਰ ਹੋਏ ਤੇ ਉਜਾੜ ਦਿੱਤੇ ਗਏ ਔਰਤਾਂ, ਬਜੁਰਗਾਂ ਤੇ ਬੱਚਿਆਂ ਦੀ ਮੰਦੀ ਹਾਲਤ ਬਿਆਨਦੀ ਵੀਡੀਓ ਸਾਂਝੀ ਕਰਦਿਆਂ ਹਿਜ਼ਬੁਲਾ ਖਾਨ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ ਹੈ ਕਿ ਕੰਧਾਰ ਤੋਂ ਉਜਾੜੇ ਦੀ ਸ਼ਿਕਾਰ ਇਕ ਮਹਿਲਾ ਦਾ ਕਹਿਣਾ ਹੈ ਕਿ ਇੱਥੇ ਨਾ ਤਾਂ ਅਮਰੀਕਨ ਹਨ, ਨਾ ਕਾਫਿਰ, ਤਾਲਿਬਾਨਾਂ ਨੇ ਜੇਹਾਦ ਲਈ ਮੁਸਲਮਾਨਾਂ, ਵਿਧਵਾਵਾਂ ਤੇ ਅਨਾਥਾਂ ਨੂੰ ਉਜਾੜ ਦਿੱਤਾ।

ਅਸ਼ਕਾਨਾ888 ਨਾਮ ਦੇ ਯੂਜ਼ਰ ਨੇ ਤਾਲਿਬਾਨੀ ਅੱਤਵਾਦੀਆਂ ਵਲੋਂ ਇੱਕ ਬੰਦੀ ਨੂੰ ਤੋਪ ਨਾਲ ਉਡਾਏ ਜਾਣ ਤੇ ਫੇਰ ਜਸ਼ਨ ਮਨਾਉਣ ਦੀ ਵੀਡੀਓ ਸਾਂਝੀ ਕੀਤੀ ਹੈ। ਜਿਸ ਨੂੰ ਬਾਇਡਨ, ਵਾਈਟ ਹਾਊਸ, ਹਿਊਮਨ ਰਾਈਟਸ ਨੂੰ ਵੀ ਟੈਗ ਕੀਤਾ ਗਿਆ ਹੈ।

ਨੂਰਉੱਲਾ ਦੁਰਾਨੀ ਨੇ ਤਾਲਿਬਾਨੀਆਂ ਵਲੋਂ ਇੱਕ ਬਜੁਰਗ ਨੂੰ ਕੋੜੇ ਮਾਰੇ ਜਾਣ ਦੀ ਦਿਲਦਹਿਲਾਊ ਵੀਡੀਓ ਸਾਂਝੀ ਕਰਦਿਆਂ ਟਵੀਟ ਕੀਤਾ ਹੈ ਕਿ ਤਾਲਿਬਾਨਾਂ ਨੂੰ ਔਰਤਾਂ, ਬੱਚਿਆਂ, ਬਜੁਰਗਾਂ, ਜਵਾਨਾਂ ਦੀ ਕੋਈ ਪਰਵਾਹ ਨਹੀਂ ਹੈ। ਕੋਈ ਵੀ ਉਨ੍ਹਾਂ ਦੇ ਅਣਮਨੁੱਖੀ ਵਿਵਹਾਰ ਤੋਂ ਸੁਰੱਖਿਅਤ ਨਹੀਂ ਹੈ। ਕੀ ਸੱਚਮੁੱਚ ਪਾਕਿਸਤਾਨ ਇਸਦਾ ਸਮਰਥਨ ਕਰਦਾ ਹੈ? ਅਜਿਹਾ ਕਰਨ ਲਈ  ਸ਼ਰਮ ਕਰੋ।

ਇਸ ਨੂੰ ਹਿਊਮਨ ਰਾਈਟਸ, ਤਾਲਿਬਾਨ ਅਵਰ ਐਨਮੀ, ਅਫਗਾਨ, ਜੰਮੂ ਹੈਸ਼ਟੈਗ ਕੀਤਾ ਗਿਆ ਹੈ।

ਓਸਮਾਨ ਬਰਕਤ ਨਾਮ ਦੇ ਇੱਕ ਯੂਜ਼ਰ ਨੇ ਬੇਘਰੇ ਪਰਿਵਾਰਾਂ ਦੀ ਮੰਦੜੇ ਹਾਲੀਂ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਹੈ- ਕੰਧਾਰ ਦੀ ਜੰਗ ਦੌਰਾਨ ਉਜਾੜੇ ਗਏ ਪਰਿਵਾਰ । ਉਨ੍ਹਾਂ ਦੀ ਗਿਣਤੀ 22000 ਤੋਂ ਕਿਤੇ ਵੱਧ ਹੈ।

ਕੰਧਾਰ ਲਹੂ ਲੁਹਾਣ ਹੈ!

ਉਸ ਨੇ ਇੱਕ ਲਾਸ਼ ਨਾਲ ਰੋ ਰਹੇ ਬੱਚੇ ਦੀ ਦਰਦਨਾਕ ਤਸਵੀਰ ਸਾਂਝੀ ਕਰਦਿਆਂ ਇੱਕ ਹੋਰ ਟਵੀਟ ਕੀਤਾ ਹੈ- ਇੱਕ ਬੱਚਾ ਆਪਣੇ ਮਾਸੂਮ ਪਿਤਾ ਦੀ ਮ੍ਰਿਤਕ ਦੇਹ ਕੋਲ ਬੈਠਾ ਰੋ ਰਿਹਾ ਹੈ। ਉਸਨੂੰ ਇਹ ਵੀ ਨਹੀਂ ਪਤਾ ਕਿ ਉਸਦੇ ਪਿਤਾ ਦਾ ਕੀ ਕਸੂਰ ਹੈ?

ਕੰਧਾਰ ਸੁਰੱਖਿਅਤ ਨਹੀਂ ਹੈ! ਕੰਧਾਰ ਅਸੁਰੱਖਿਅਤ ਹੈ!

ਇਹਨਾਂ ਪੋਸਟਾਂ ਨੂੰ ਸੇਵ ਕੰਧਾਰ, ਯੂਐਨ, ਹਿਊਮਨ ਰਾਈਟਸ, ਨਾਟੋ ਆਦਿ ਨੂੰ ਟੈਗ ਕੀਤਾ ਗਿਆ ਹੈ।

ਆਲਮਜੇਬ ਖਾਨ ਮਹਿਸੂਦ ਨੇ ਕਿਸੇ ਰਾਹਤ ਕੈਂਪ ਚ ਸ਼ਰਨ ਲੈ ਕੇ ਬੈਠੇ ਦਿਸਦੇ ਇੱਕ ਹੱਥ ਗਵਾ ਚੁੱਕੇ ਬੱਚੇ ਦੀ ਤਸਵੀਰ ਸਾਂਝੀ ਕਰਦਿਆਂ  ਲਿਖਿਆ ਹੈ – ਅਹਿਸਾਨਉੱਲਾ ਪੁੱਤਰ ਮਮਤ ਖਾਨ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸਪੀਨ ਕਮਰ ਮਕਿਨ ਤਹਿਸੀਲ ਦਾ ਰਹਿਣ ਵਾਲਾ ਹੈ। ਉਹ 12 ਜੂਨ 2019 ਨੂੰ ਆਪਣੇ ਪਿੰਡ ਵਿੱਚ ਬਾਰੂਦੀ ਸੁਰੰਗ ਆਈਈਡੀ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਉਸਨੇ ਆਪਣਾ ਸੱਜਾ ਹੱਥ ਗੁਆ ਦਿੱਤਾ। ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।

ਰਮੀਨਖਲੀ ਨੇ ਤਾਲਿਬਾਨਾਂ ਵਲੋਂ ਇੱਕ ਸ਼ਖਸ ਨੂੰ ਬੁਰੀ ਤਰਾਂ ਕੁੱਟਦਿਆਂ ਦੀ ਵੀਡੀਓ ਸਾਂਝੀ ਕਰਦਿਆਂ ਸਵਾਲ ਕੀਤੇ ਨੇ ਕਿ ਕਿਸ ਮਨੁੱਖੀ ਮਾਪਦੰਡ ਦੁਆਰਾ ਇਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਇਹ ਧਰਮੀ, ਜੋ ਆਪਣੇ ਆਪ ਨੂੰ ਧਰਤੀ ‘ਤੇ ਰੱਬ ਦੇ ਸਰਵ ਸ਼ਕਤੀਮਾਨ ਪ੍ਰਤੀਨਿਧ ਮੰਨਦੇ ਹਨ, ਕਿਸ ਧਰਮ ਨੇ ਇਸ ਕਿਸਮ ਦੇ ਘਿਨਾਉਣੇ ਕੰਮਾਂ ਦੀ ਆਗਿਆ ਦਿੱਤੀ? ਇਥੋਂ ਤਕ ਕਿ ਇਨ੍ਹਾਂ ਜਾਨਵਰਾਂ ਦੀ ਪਹੁੰਚ ਸ਼ਿਕਾਰੀਆਂ ਨਾਲ ਵੀ ਮੇਲ ਨਹੀਂ ਖਾਂਦੀ…

ਇੱਕ ਹੋਰ ਯੂਜ਼ਰ ਨੇ ਤਾਲਿਬਾਨੀ ਹਮਲੇ ਚ ਢਹਿ ਗਏ ਇੱਕ ਧਾਰਮਿਕ ਅਸਥਾਨ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ – ਜੇ ਅਸੀਂ ਤਾਲਿਬਾਨ ਨੂੰ ਅਗਿਆਨੀ, ਕਾਤਲ ਅਤੇ ਕਾਫ਼ਰ ਕਹਿੰਦੇ ਹਾਂ, ਤਾਂ ਅਸੀਂ ਸਹੀ ਹੋਵਾਂਗੇ। ਉਹ ਅਣਜਾਣ ਹੈ ਕਿਉਂਕਿ ਪੰਜਾਬ ਉਸ ਨੂੰ ਟਾਇਲਟ ਪੇਪਰ ਵਾਂਗ ਵਰਤਦਾ ਹੈ। ਕਾਤਲ ਉਹੀ ਹੈ ਜੋ ਹਰ ਰੋਜ਼ ਸੈਂਕੜੇ ਮੁਸਲਮਾਨਾਂ ਨੂੰ ਮਾਰਦਾ ਹੈ ਅਤੇ ਉਹ ਇੱਕ ਅਵਿਸ਼ਵਾਸੀ ਹੈ ਕਿਉਂਕਿ ਉਸਦੇ ਸਾਰੇ ਕੰਮ ਇਸਲਾਮ ਦੇ ਵਿਰੁੱਧ ਹਨ ਅਤੇ ਉਹ ਇਸਲਾਮ ਅਤੇ ਇਤਿਹਾਸ ਦੇ ਨਾਮ ਤੇ ਇੱਕ ਕਾਲੇ ਧੱਬੇ ਦੀ ਤਰ੍ਹਾਂ ਹਨ।

ਸ਼ਫੀਕਕਰਜਈ ਨੇ ਕੁਝ ਲਾਸ਼ਾਂ ਦੀ ਤਸਵੀਰ ਪੋਸਟ ਕਰਦਿਆਂ ਟਵੀਟ ਕੀਤਾ ਹੈ ਕਿ-ਕੰਧਾਰ ਦੇ ਸਪਿਨ ਬੋਲਡਕ ਵਿੱਚ ਕਤਲੇਆਮ ਲਈ ਤਾਲਿਬਾਨੀ ਅਪਰਾਧਕ ਧੜਾ ਜਿਮੇਵਾਰ ਹੈ।

ਸਪੱਸ਼ਟ ਹੈ ਕਿ ਸੋਸ਼ਲ ਮੀਡੀਆ ਤੇ ਐਕਟਿਵ ਮਨੁੱਖਤਾ ਨੂੰ ਪਿਆਰਨ ਵਾਲੇ ਲੋਕ ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੇ ਮਨੁੱਖੀ ਘਾਣ ਦੇ ਕਾਰਿਆਂ ਨੂੰ ਤਸਵੀਰਾਂ, ਤੇ ਵੀਡੀਓ ਜ਼ਰੀਏ ਦੁਨੀਆ ਨਾਲ ਇਸ ਕਰਕੇ ਸਾਂਝਾ ਕਰ ਰਹੇ ਹਨ, ਤਾਂ ਜੋ ਇਸ ਵਰਤਾਰੇ ਤੋਂ ਅਣਜਾਣ ਲੋਕ ਵੀ ਜਾਣ ਸਕਣ ਕਿ ਧਰਮ ਦੇ ਨਾਮ ਤੇ ਤਾਲਿਬਾਨੀ ਅਤਵਾਦੀ ਕਿੰਨਾ ਕਹਿਰ ਕਮਾ ਰਹੇ ਹਨ, ਤੇ ਅਫਗਾਨਿਸਤਾਨ ਦੇ ਮਜ਼ਲੂਮ ਲੋਕਾਂ ਨੂੰ ਇਸ ਕਹਿਰ ਤੋਂ ਬਚਾਉਣ ਲਈ ਸਾਂਝਾ ਉਪਰਾਲਾ ਹੋ ਸਕੇ।

Comment here