ਸ਼੍ਰੀਨਗਰ – ਅੱਤਵਾਦ ਵਿਰੋਧੀ ਮੁਹਿੰਮ ਦੇ ਚਲਦਿਆਂ ਜੰਮੂ ਕਸ਼ਮੀਰ ਦੇ ਉੱਪ ਜ਼ਿਲ੍ਹਾ ਸੋਪੋਰ ‘ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਅਤੇ ਇਕ ਓਵਰਗ੍ਰਾਊਂਡ ਵਰਕਰ (ਓ.ਜੀ.ਡਬਲਿਊ.) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋਪੋਰ ਪੁਲਸ ਨੇ ਫ਼ੌਜ ਦੀ 22 ਰਾਸ਼ਟਰੀ ਰਾਈਫਲਜ਼, 179 ਬਟਾਲੀਅਨ ਸੀ.ਆਰ.ਪੀ.ਐੱਫ. ਅਤੇ ਮਾਕਰਸ ਨਾਲ ਬੋਟਿੰਗੂ ਪਿੰਡ ‘ਚ ਲਸ਼ਕਰ ਦੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਇਕ ਭਰੋਸੇਯੋਗ ਸੂਚਨਾ ਦੇ ਅਧਾਰ ‘ਤੇ ਸੋਪੋਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ 2 ਵਿਅਕਤੀ ਸ਼ੱਕੀ ਹਾਲਤ ‘ਚ ਘੁੰਮਦੇ ਪਾਏ ਗਏ। ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਨਾਂ ਇਮਤਿਆਜ਼ ਅਹਿਮਦ ਗਨਈ ਅਤੇ ਵਸੀਮ ਅਹਿਮਦ ਲੋਨ ਵਾਸੀ ਬੋਟਿੰਗੂ ਦੱਸਿਆ। ਤਲਾਸ਼ੀ ਲੈਣ ‘ਤੇ ਇਮਤਿਆਜ਼ ਗਨਈ ਦੇ ਕਬਜ਼ੇ ‘ਚੋਂ ਇਕ ਪਿਸਤੌਲ, ਇਕ ਮੈਗਜ਼ੀਨ, 8 ਪਿਸਤੌਲ ਰਾਊਂਡ ਅਤੇ ਵਸੀਮ ਲੋਨ ਦੇ ਕਬਜ਼ੇ ‘ਚੋਂ ਇਕ ਚੀਨੀ ਹੱਥਗੋਲਾ ਬਰਾਮਦ ਹੋਇਆ। ਮੁੱਢਲੀ ਪੁੱਛ-ਗਿੱਛ ਦੌਰਾਨ ਦੋਹਾਂ ਨੇ ਖੁਲਾਸਾ ਕੀਤਾ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਲਈ ਹਾਈਬ੍ਰਿਡ ਅੱਤਵਾਦੀ ਅਤੇ ਓ.ਜੀ.ਡਬਲਿਊ. ਦੇ ਤੌਰ ‘ਤੇ ਕੰਮ ਕਰ ਰਹੇ ਸਨ ਅਤੇ ਸੋਪੋਰ ਖੇਤਰ ਅਤੇ ਆਲੇ-ਦੁਆਲੇ ਸੁਰੱਖਿਆ ਫ਼ੋਰਸਾਂ ਅਤੇ ਨਾਗਰਿਕਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਸ ਸਟੇਸ਼ਨ ਸੋਪੋਰ ‘ਚ ਇਸ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ।
Comment here