ਮੋਗਾ-ਹੁਣੇ ਜਿਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਦੇ ਸਿਆਸਤ ਵਿੱਚ ਆਉਣ ਦਾ ਐਲਾਨ ਕਰਦਿਆਂ ਦੱਸਿਆ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੋਗਾ ਵਿਧਾਨ ਸਭਾ ਸੀਟ ਤੋਂ ਲੜੇਗੀ। ਸੋਨੂੰ ਸੂਦ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹਨ। ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਅਜੇ ਇਹ ਫੈਸਲਾ ਕਰਨਾ ਹੈ ਕਿ ਉਹ ਰਾਜ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਵੇਗੀ, ਇਸ ਬਾਰੇ ਫੈਸਲਾ ‘‘ਸਹੀ ਸਮੇਂ ’ਤੇ ਸਾਹਮਣੇ ਆਵੇਗਾ’’।
ਸੋਨੂੰ ਸੂਦ ਨੇ ਮੋਗਾ ਵਿਚ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਕਿ ਮਾਲਵਿਕਾ ਸੂਦ ਸੱਚਰ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ, ਉਸਦੀ ਵਚਨਬੱਧਤਾ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਤੈਅ ਨਹੀਂ ਹੋਇਆ ਕਿ ਉਹ ਕਿਸ ਪਾਰਟੀ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨਾਲੋਂ ਸੋਚ ਜ਼ਿਆਦਾ ਜ਼ਰੂਰੀ ਹੈ। ਮਾਲਵਿਕਾ ਲੋਕਾਂ ਵੱਲੋਂ ਦਿੱਤੇ ਗਏ ਰੁਤਬੇ ’ਤੇ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਉਹ ਪਾਰਟੀ ਦਾ ਨਾਂ ਵੀ ਉਜਾਗਰ ਕਰਨਗੇ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਵੀ ਰਾਜਨੀਤੀ ਵਿਚ ਸ਼ਾਮਲ ਹੋਣਗੇ, ਸੂਦ ਨੇ ਕਿਹਾ ਕਿ ਇਸ ਵੇਲੇ ਪਹਿਲਾਂ ਮਾਲਵਿਕਾ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ, ਮੈਂ ਬਾਅਦ ਵਿੱਚ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰਾਂਗਾ। ਸੋਨੂੰ ਸੂਦ ਭਾਵੇਂ ਸਿਆਸਤ ਵਿੱਚ ਆਉਣ ਬਾਰੇ ਕੁਝ ਨਾ ਕਹਿਣ ਪਰ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਮੋਗਾ ਵਿੱਚ ਕਾਫੀ ਸਰਗਰਮ ਹੈ।
ਦੱਸਣਯੋਗ ਹੈ ਕਿ ਸੋਨੂ ਸੂਦ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਹੈ। ਸੂਦ ਨੇ ਕਿਹਾ ਕਿ ਉਹ ‘ਆਪ’ ਦੇ ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸਿਆਸੀ ਆਗੂਆਂ ਨੂੰ ਵੀ ਮਿਲਣ ਲਈ ਤਿਆਰ ਹਨ।
ਸੋਨੂੰ ਸੂਦ ਦੀ ਭੈਣ ਮੋਗੇ ਤੋਂ ਲੜੂ ਚੋਣ

Comment here