ਮੋਹਾਲੀ-ਅਦਾਕਾਰਾ ਤੇ ਮਾਡਲ ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਪ੍ਰੋਗਰਾਮ ਪਾਰਟੀ ਦੇ ਮੁੱਖ ਦਫ਼ਤਰ ਸੈਕਟਰ 28 ਚੰਡੀਗੜ੍ਹ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ। ਸੋਨੀਆ ਮਾਨ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼ਾਮਲ ਕਰਾਉਣਾ ਸੀ। ਇਸ ਸਬੰਧੀ ਸੋਨੀਆ ਮਾਨ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਪੀ. ਏ. ਮਨੀ ਨੇ ਫੋਨ ’ਤੇ ਦੱਸਿਆ ਕਿ ਉਹ ਅਕਾਲੀ ਦਲ ’ਚ ਸ਼ਾਮਲ ਨਹੀਂ ਹੋ ਰਹੇ। ਸੋਨੀਆ ਮਾਨ ‘ਕਿਸਾਨ ਅੰਦੋਲਨ’ ’ਚ ਕਾਫ਼ੀ ਸਰਗਰਮ ਹੈ। ਇਸ ਸਬੰਧੀ ਖ਼ਬਰ ਆਈ ਕਿ ਸੋਨੀਆ ਮਾਨ ਅਕਾਲੀ ਦਲ ’ਚ ਸ਼ਾਮਲ ਹੋ ਕੇ ਮੋਹਾਲੀ ਤੋਂ ਉਮੀਦਵਾਰ ਬਣ ਰਹੀ ਹੈ ਤਾਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ। ਲੋਕਾਂ ਵੱਲੋਂ ਸੋਨੀਆ ਮਾਨ ਲਈ ਇਹ ਵੀ ਕਿਹਾ ਜਾ ਰਿਹਾ ਸੀ ਕਿ ਸੋਨੀਆ ਮਾਨ ਆਪਣੇ ਪਿਤਾ ਬਲਦੇਵ ਮਾਨ ਦੀ ਵਿਚਾਰਧਾਰਾ ਤੋਂ ਉਲਟ ਜਾ ਰਹੀ ਹੈ।
ਅਕਾਲੀ ਦਲ ਵੱਲੋਂ ਪਾਰਟੀ ’ਚ ਸ਼ਾਮਲ ਕਰਨ ਸਬੰਧੀ ਰੱਖੇ ਪ੍ਰੋਗਰਾਮ ’ਤੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਰੱਖਿਆ ਗਿਆ ਸੀ, ਸੋਨੀਆ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਤੋਂ ਲੋਕਾਂ ਦੇ ਬਹੁਤ ਫੋਨ ਆ ਰਹੇ ਹਨ, ਅਸੀਂ ਸਭ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਅਕਾਲੀ ਦਲ ’ਚ ਸ਼ਾਮਲ ਨਹੀਂ ਹੋ ਰਹੀ। ਸੋਨੀਆ ਮਾਨ ਨਾਲ ਗੱਲ ਕਰਾਉਣ ਲਈ ਕਹਿਣ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹਾਲੇ ਬਿਜੀ ਹਨ।
ਦੂਜੇ ਪਾਸੇ ਅਕਾਲੀ ਦਲ ਦੇ ਸੂਤਰਾਂ ਨੇ ਦੱਸਿਆ ਕਿ ਸੋਨੀਆ ਮਾਨ ਦਾ ਸ਼ਾਮਲ ਹੋਣ ਦਾ ਪੱਕਾ ਪ੍ਰੋਗਰਾਮ ਸੀ ਪਰ ਸ਼ੋਸ਼ਲ ਮੀਡੀਆ ’ਤੇ ਉਸ ਵਿਰੁੱਧ ਪਈਆਂ ਪੋਸਟਾਂ ਕਾਰਨ ਉਹ ਕੁੱਝ ਝਿਜਕ ਮਹਿਸੂਸ ਕਰ ਰਹੀ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਸੋਨੀਆ ਮਾਨ ਸੁਖਬੀਰ ਬਾਦਲ ਨੂੰ ਮਿਲ ਕੇ ਗਈ ਸੀ ਅਤੇ ਹੁਣ ਵੀ ਉਹ ਉਨ੍ਹਾਂ ਦੇ ਸੰਪਰਕ ’ਚ ਹੈ।
ਉੱਧਰ ਸੋਨੀਆ ਮਾਨ ਦੇ ਹਮਾਇਤੀ ਚੌਟਾਲਾ ਪਰਿਵਾਰ ਬਾਰੇ ਖ਼ਬਰ ਹੈ ਕਿ ਉਹ ਸੋਨੀਆ ਮਾਨ ਦਾ ਸਾਰਾ ਚੋਣ ਖ਼ਰਚਾ ਆਪ ਚੁੱਕਣਗੇ। ਦੂਜੇ ਪਾਸੇ ਅਕਾਲੀ ਆਗੂਆ ਨੇ ਕਿਹਾ ਕਿ ਫਿਲਹਾਲ ਇਹ ਪ੍ਰੋਗਰਾਮ ਅੱਗੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅੱਜ ਗੁਰਮੀਤ ਸਿੰਘ ਬਾਕਰਪੁਰ ਦੇ ਘਰ ਪਹੁੰਚੇ ਸਨ। ਸੁਖਬੀਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਬਸਪਾ ਆਗੂ ਗੁਰਮੀਤ ਸਿੰਘ ਬਾਕਰਪੁਰ ਦੀ ਹਾਜ਼ਰੀ ’ਚ ਸ਼ਾਮਲ ਕੀਤਾ ਜਾਵੇ।
ਸੋਨੀਆ ਮਾਨ ਦਾ ਨਿੱਜੀ ਵਿਰੋਧ ਨਹੀਂ, ਅਕਾਲੀ ਦਲ ’ਚ ਜਾਣ ਤੇ ਕਰਾਂਗੇ ਵਿਰੋਧ—ਰੁੁਲਦੂ ਸਿੰਘ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵਲੋਂ ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਤੇ ਉਨ੍ਹਾਂ ਕਿਹਾ ਕਿ ਇਹ ਉਸ ਦਾ ਮੌਲਿਕ ਅਧਿਕਾਰ ਹੈ, ਕੋਈ ਕਿਤੇ ਵੀ ਜਾ ਸਕਦਾ ਹੈ, ਕਿਸੇ ’ਤੇ ਪਾਬੰਦੀ ਨਹੀਂ ਹੁੰਦੀ ਪਰ ਜੇ ਕੋਈ ਸੰਘਰਸ਼ਸ਼ੀਲ ਵਿਅਕਤੀ ਜਥੇਬੰਦੀ ’ਚ ਰਹੇ, ਉਹੀ ਠੀਕ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਰਾਜਨੀਤਕ ਪਾਰਟੀਆਂ ਵੱਡੀਆਂ ਪਾਰਟੀਆਂ ਹਨ, ਸੰਘਰਸ਼ਸ਼ੀਲ ਵਿਅਕਤੀ ਜਦੋਂ ਪਾਰਟੀਆਂ ’ਚ ਜਾਣਦਾ ਤਾਂ ਉਸ ਦੀ ਆਪ ਦੀ ਫਿਰ ਉਨੀ ਅਹਿਮੀਅਤ ਨਹੀਂ ਰਹਿੰਦੀ। ਜਦੋਂ ਰੁਲਦੂ ਸਿੰਘ ਮਾਨਸਾ ਨੂੰ ਪੁੱਛਿਆ ਗਿਆ ਕਿ ਕੀ ਇਸ ਦਾ ਕਿਸਾਨ ਅੰਦੋਲਨ ’ਤੇ ਕੋਈ ਅਸਰ ਪਵੇਗਾ ਤਾਂ ਉਨ੍ਹਾਂ ਕਿਹਾ, ‘ਇਸ ਦਾ ਕਿਸਾਨ ਅੰਦੋਲਨ ’ਤੇ ਕੋਈ ਫਰਕ ਨਹੀਂ ਪੈਣਾ। ਕਿਸਾਨ ਅੰਦੋਲਨ ’ਤੇ ਜੇ ਸਾਡੇ ’ਚੋਂ ਕੋਈ ਲੀਡਰ ਵੀ ਚਲਾ ਜਾਵੇ ਤਾਂ ਵੀ ਫਰਕ ਨਹੀਂ ਪੈਣਾ। ਜੋ ਆਇਆ ਜਿੰਨੀ ਸੇਵਾ ਕਰ ਗਿਆ, ਉਸ ਦਾ ਧੰਨਵਾਦ ਤੇ ਜੋ ਚਲਾ ਗਿਆ, ਇਹ ਉਸ ਦੀ ਮਰਜ਼ੀ।’ ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਨ ਤੇ ਕਿਉਂਕਿ ਹੁਣ ਸੋਨੀਆ ਮਾਨ ਅਕਾਲੀ ਦਲ ਦਾ ਹਿੱਸਾ ਬਣਨ ਜਾ ਰਹੀ ਹੈ ਤਾਂ ਉਸ ਦਾ ਨਿੱਜੀ ਵਿਰੋਧ ਨਹੀਂ ਕਰਾਂਗੇ, ਜੋ ਅਕਾਲੀ ਦਲ ਤੋਂ ਚੋਣਾਂ ਲੜੇਗਾ, ਉਸ ਦਾ ਵਿਰੋਧ ਕਰਾਂਗੇ।
Comment here