ਸਿਆਸਤਖਬਰਾਂਚਲੰਤ ਮਾਮਲੇ

ਸੈਮੀਨਾਰ : ਵਾਤਾਵਰਨ ਨੂੰ ਸਿਆਸੀ ਮੁੱਦਾ ਬਣਾਉਣ ਲਈ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ

ਕੋਟਕਪੂਰਾ-ਪੰਜਾਬੀਆਂ ਦੇ ਸਿਹਤ ਦੇ ਹੋ ਰਹੇ ਵੱਡੇ ਨੁਕਸਾਨ ਦੇ ਵਿਸ਼ੇ ‘ਤੇ ਵਾਤਾਵਰਨ ਨਾਲ ਜੁੜੇ ਪਾਣੀ, ਹਵਾ ਤੇ ਧਰਤੀ ਦੇ ਪਲੀਤ ਹੋਣ ਕਰਕੇ ਇੱਕ ਆਨਲਾਈਨ (ਵਰਚੁਅਲ) ਸੈਮੀਨਾਰ ‘ਚ ਸੰਤ ਬਲਬੀਰ ਸਿੰਘ ਸੀਚੇਵਾਲ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਬੀਬੀ ਇੰਦਰਜੀਤ ਕੌਰ ਪਿੰਗਲਵਾੜਾ ਤੋਂ ਇਲਾਵਾ ਵਾਤਾਵਰਨ ਲਈ ਚਿੰਤਤ ਬਹੁਤ ਸਾਰੇ ਕਾਰਕੁਨ ਸ਼ਾਮਲ ਹੋਏ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾ ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਤਿਆਰ ਕੀਤਾ ਵਾਤਾਵਰਨ ਲੋਕ ਮਨੋਰਥ ਪੱਤਰ ਸਾਰੀਆਂ ਸਿਆਸੀ ਧਿਰਾਂ ਨੂੰ ਪਹੁੰਚਾ ਦਿੱਤਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਸਾਰੀਆਂ ਹੀ ਧਿਰਾਂ ਆਪਣੇ ਚੋਣ ਮਨੋਰਥ ਪੱਤਰਾਂ ‘ਚ ਵਾਤਾਵਰਨ ਨਾਲ ਜੁੜੇ ਮੁੱਦੇ ਪ੍ਰਮੁੱਖਤਾ ਨਾਲ ਸ਼ਾਮਲ ਕਰਨਗੀਆਂ।
ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਵਾਤਾਵਰਨ ਨੂੰ ਸਿਆਸੀ ਮੁੱਦਾ ਬਣਾਉਣ ਲਈ ਪੰਜਾਬ ਦੀ ਨੌਜਵਾਨੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਉਨ੍ਹਾਂ ਲਈ ਜ਼ਰੂਰੀ ਵੀ ਹੈ, ਕਿਉਂਕਿ ਵਾਤਾਵਰਨ ‘ਚ ਆ ਰਹੇ ਨਿਘਾਰ ਦਾ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ‘ਤੇ ਵੱਡਾ ਅਸਰ ਪਵੇਗਾ। ਕਾਹਨ ਸਿੰਘ ਪੰਨੂ ਆਈ ਏ ਐੱਸ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੇ ਵਿਸ਼ੇ ਨੂੰ ਮੁੱਖ ਮੁੱਦਾ ਬਣਾਉਣ ਲਈ ਮੰਗ ਕਰਦਿਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ, ਤਾਂ ਕਿ ਇਸ ਦੀ ਗੂੰਜ ਸਿਆਸੀ ਧਿਰਾਂ ਦੇ ਕੰਨਾਂ ਤੱਕ ਜ਼ੋਰਦਾਰ ਢੰਗ ਨਾਲ ਪਹੁੰਚੇ। ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਨੇ ਕਿਹਾ ਕਿ ਜਿਸ ਹਵਾ ‘ਚ ਅਸੀਂ ਸਾਹ ਲੈਂਦੇ ਹਾਂ, ਉਸੇ ‘ਚ ਸਿਆਸੀ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਵੀ ਸਾਹ ਲੈਣਾ ਹੈ। ਧਰਤੀ, ਹਵਾ ਅਤੇ ਪਾਣੀ ਪਲੀਤ ਕਰਕੇ ਉਹ ਵੀ ਇਸ ਦੇ ਮਾੜੇ ਅਸਰ ਤੋਂ ਨਹੀਂ ਬਚ ਸਕਦੇ।
ਕਰਨਲ ਜਸਜੀਤ ਸਿੰਘ ਗਿੱਲ ਮੈਂਬਰ ਬੁੱਢਾ ਦਰਿਆ ਟਾਸਕ ਫੋਰਸ ਨੇ ਦੱਸਿਆ ਕਿ ਉਨ੍ਹਾ ਨੂੰ ਸੰਯੁਕਤ ਸਮਾਜ ਮੋਰਚੇ ਦੀ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਨੇ ਭਰੋਸਾ ਦਿਵਾਇਆ ਹੈ ਕਿ ਉਹ ਇਸ ਨੂੰ ਪ੍ਰਮੁੱਖਤਾ ਨਾਲ ਆਪਣੇ ਚੋਣ ਮੈਨੀਫੈਸਟੋ ‘ਚ ਸ਼ਾਮਲ ਕਰਨਗੇ। ਖੇਤੀ ਵਿਰਾਸਤ ਮਿਸ਼ਨ ਦੇ ਨਿਰਦੇਸ਼ਕ ਉਮੇਂਦਰ ਦੱਤ ਨੇ ਕਿਹਾ ਕਿ ਸਵੱਛ ਵਾਤਾਵਰਨ ਦੇ ਨਾਲ-ਨਾਲ ਜ਼ਹਿਰ ਮੁਕਤ ਖੇਤੀ ਵੀ ਸਮੇਂ ਦੀ ਵੱਡੀ ਲੋੜ ਹੈ ਅਤੇ ਸਿਆਸੀ ਧਿਰਾਂ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਇੰਜ. ਜਸਕੀਰਤ ਸਿੰਘ ਪੀ ਏ ਸੀ ਸਤਲੁਜ ਅਤੇ ਮੱਤੇਵਾੜਾ ਜੰਗਲ ਨੇ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਦੇ ਮੈਨੀਫੈਸਟੋ ਇਸ ਹਫਤੇ ਤਿਆਰ ਹੋ ਜਾਣਗੇ, ਇਸ ਲਈ ਵਾਤਾਵਰਨ ਦੇ ਮੁੱਦਿਆਂ ਨੂੰ ਸ਼ਾਮਲ ਕਰਵਾਉਣ ਲਈ ਦਬਾਅ ਬਣਾਉਣ ਦਾ ਇਹ ਸਭ ਤੋਂ ਢੁੱਕਵਾਂ ਸਮਾਂ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਡਾ. ਦੇਵਿੰਦਰ ਸੈਫ਼ੀ ਨੇ ਕਿਹਾ ਕਿ ਸਿਆਸੀ ਲੋਕਾਂ ਨੂੰ ਉਨ੍ਹਾਂ ਦੀ ਮਦਹੋਸ਼ੀ ਧਰਤੀ ਪ੍ਰਤੀ ਸੰਵੇਦਨਾ ਅਤੇ ਲੋਕਾਈ ਪ੍ਰਤੀ ਦਰਦ ਤੋਂ ਅਕਸਰ ਹੀ ਅਵੇਸਲੇ ਕਰੀ ਰੱਖਦੀ ਹੈ। ਉਨ੍ਹਾਂ ਨੂੰ ਵਾਤਾਵਰਨ ਦੀਆਂ ਚੁਣੌਤੀਆਂ ਬਾਰੇ ਤੱਥਾਂ ਭਰਪੂਰ ਦੱਸ ਕੇ ਜਵਾਬਦੇਹ ਬਣਨ ਲਈ ਮਜਬੂਰ ਕਰਨਾ ਪਵੇਗਾ। ਡਾ. ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਉਹ ਇਸ ਹਫਤੇ ਜ਼ੀਰੇ ‘ਚ ਇਸ ਵਿਸ਼ੇ ‘ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਉਣਗੇ, ਜਿਸ ‘ਚ ਵਾਤਾਵਰਨ ਨੂੰ ਚੋਣ ਮਨੋਰਥ ਪੱਤਰਾਂ ‘ਚ ਪ੍ਰਮੁੱਖਤਾ ਦਿਵਾਉਣ ਦੇ ਵਿਸ਼ੇ ‘ਤੇ ਗੱਲ ਕਰਨ ਲਈ ਸਿਆਸੀ ਧਿਰਾਂ ਨੂੰ ਸੱਦਾ ਦਿੱਤਾ ਜਾਵੇਗਾ।
ਅਧਿਆਪਕਾ ਮੈਡਮ ਪਰਮਜੀਤ ਕੌਰ ਸਰਾਂ ਨੇ ਕਿਹਾ ਕਿ ਸਮੂਹ ਅਧਿਆਪਕ ਵਰਗ ਆਪਣੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ ਸਾਫ ਪੌਣ-ਪਾਣੀ ਦੀ ਮੰਗ ਲਈ ਜਾਗਰੂਕ ਕਰਨ। ਉਹ ਇਹ ਕੰਮ ਘਰ ਬੈਠੇ, ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਾਉਂਦੇ ਹੋਏ ਵੀ ਕਰ ਸਕਦੇ ਹਨ। ਹਰ ਪਿੰਡ ਦੇ ਗ੍ਰੰਥੀ, ਕੀਰਤਨੀਏ, ਧਾਰਮਕ ਪ੍ਰਚਾਰਕ ਵੇਲਾ ਵਿਚਾਰਨ ਤੇ ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਗੁਰਬਾਣੀ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ, ਤਾਂ ਜੋ ਲੋਕ ਸਿਆਸੀ ਪਾਰਟੀਆਂ ਨੂੰ ਸੁਆਲ ਕਰਨ ਤੇ ਉਨ੍ਹਾਂ ਉੱਪਰ ਦਬਾਅ ਪਾਇਆ ਜਾ ਸਕੇ।

Comment here