ਮਨੋਰੰਜਨ

ਸੈਫ ਅਲੀ ਖਾਨ ਰਾਣੀ ਮੁਖਰਜੀ ਨਾਲ ਮੁੜ ਨੱਚੇਗਾ

ਅਦਾਕਾਰ ਸੈਫ ਅਲੀ ਖਾਨ ਦਹਾਕੇ ਤੋਂ ਵੱਧ ਸਮਾਂ ਬਾਅਦ ਆਪਣੀ ਆਉਣ ਵਾਲੀ ਫਿਲਮ ‘ਬੰਟੀ ਔਰ ਬਬਲੀ 2’ ਵਿੱਚ ਅਦਾਕਾਰਾ ਰਾਣੀ ਮੁਖਰਜੀ ਨਾਲ ਨੱਚਦਾ ਨਜ਼ਰ ਆਵੇਗਾ। ਉਸ ਨੇ ਆਖਿਆ ਕਿ ਉਨ੍ਹਾਂ ਨੂੰ ਕਈ ਸਾਲਾਂ ਬਾਅਦ ਨੱਚਣ ਲਈ ‘ਟੈਟੂ ਵਾਲੀਏ’ ਵਰਗੇ ਹਿੱਟ ਗੀਤ ਦੀ ਲੋੜ ਸੀ। ਸੈਫ ਨੇ ਕਿਹਾ, ‘‘ਦਹਾਕਿਆਂ ਤੋਂ ਸਕਰੀਨ ’ਤੇ ਹਰ ਜੋੜੀ ਨੂੰ ਕਿਸੇ ਵਿੱਲਖਣ ਸ਼ੈਲੀ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਰਾਣੀ ਅਤੇ ਮੈਨੂੰ ਰੋਮਾਂਟਿਕ ਕਾਮੇਡੀ ਨਾਲ ਜੋੜਿਆ ਜਾਂਦਾ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਹਿੱਟ ਗੀਤ ਮਿਲੇ। ਖਾਸ ਤੌਰ ’ਤੇ ‘ਹਮ ਤੁਮ’ ਗੀਤ ਦਾ ਸੰਗੀਤ ਸੁਪਰ ਹਿੱਟ ਸੀ। ਮੈਨੂੰ ਅਤੇ ਰਾਣੀ ਨੂੰ ਅਜਿਹੇ ਗੀਤਾਂ ਨੂੰ ਫਿਲਮਾਉਣ ਦੌਰਾਨ ਬਹੁਤ ਆਨੰਦ ਆਇਆ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਅਸੀਂ ‘ਬੰਟੀ ਔਰ ਬਬਲੀ 2’ ਰਾਹੀਂ ਦੁਬਾਰਾ ਸਕਰੀਨ ’ਤੇ ਆ ਰਹੇ ਹਾਂ ਅਤੇ ਇੰਨੇ ਸਾਲ ਬਾਅਦ ਰਾਣੀ ਅਤੇ ਮੈਨੂੰ ਨੱਚਣ ਲਈ ‘ਟੈਟੂ ਵਾਲੀਏ’ ਵਰਗੇ ਗੀਤ ਦੀ ਜ਼ਰੂਰਤ ਸੀ। ਇਹ ਇੱਕ ਮਜ਼ੇਦਾਰ ਪਾਰਟੀਆਂ ’ਤੇ ਚੱਲਣ ਵਾਲਾ ਗੀਤ ਹੈ, ਜੋ ਲੋਕਾਂ ਨੂੰ ਪੈਰ ਥਿਰਕਾਉਣ ਲਈ ਮਜਬੂਰ ਕਰ ਦੇਵੇਗਾ।’’ ਰਾਣੀ ਨੇ ਕਿਹਾ ਕਿ ਸੈਫ ਨਾਲ ਗੀਤ ਵਿੱਚ ਕੰਮ ਕਰ ਕੇ ਬਹੁਤ ਮਜ਼ਾ ਆਇਆ। ‘ਟੈਟੂ ਵਾਲੀਏ’ ਸਬੰਧੀ ਉਸ ਨੇ ਕਿਹਾ, ‘‘ਫਿਲਮ ‘ਤਾ ਰਾ ਰਮ ਪਮ’ ਦੇ ‘ਅਬ ਤੋ ਫੌਰਐਵਰ’ ਤੋਂ ਬਾਅਦ ਸਿੱਧਾ ਇਹ ਡਾਂਸ ਗੀਤ ਆਇਆ ਹੈ। ‘ਟੈਟੂ ਵਾਲੀਏ’ ਬਹੁਤ ਸ਼ਾਨਦਾਰ ਗੀਤ ਹੈ। ਇਸ ਦੀ ਸ਼ੂਟਿੰਗ ਕਰਨ ਦੌਰਾਨ ਬਹੁਤ ਮਜ਼ਾ ਆਇਆ। ਵੈਭਵੀ ਦੀ ਕੋਰੀਓਗ੍ਰਾਫੀ ਨੇ ਇਸ ਨੂੰ ਹੋਰ ਮਜ਼ੇਦਾਰ ਬਣਾ ਦਿੱਤਾ।’’ ਜ਼ਿਕਰਯੋਗ ਹੈ ਕਿ ਵਰੁਣ ਵੀ ਸ਼ਰਮਾ ਦੇ ਨਿਰਦੇਸ਼ਨ ਅਤੇ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਇਹ ਫਿਲਮ 19 ਨਵੰਬਰ ਨੂੰ ਰਿਲੀਜ਼ ਹੋਵੇਗੀ।

Comment here