ਕਾਂਗਰਸ ਨੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ
ਆਗੂ ਦੇ ਬਚਾਅ ’ਤੇ ਆਈ ਭਾਜਪਾ
ਸ਼ਿਲੌਂਗ-ਮੇਘਾਲਿਆ ਦੇ ਤੁਰਾ ਸ਼ਹਿਰ ਵਿਚ ਵੇਸਵਾ-ਗਮਨੀ ਦਾ ਅੱਡਾ ਚਲਾਉਣ ਦੇ ਦੋਸ਼ਾਂ ਵਿਚ ਘਿਰੇ ਭਾਜਪਾ ਨੇਤਾ ਬਰਨਾਰਡ ਐੱਨ ਮਾਰਕ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋ ਗਏ ਹਨ। ਮਾਰਕ ਦੋਸ਼ ਲੱਗਣ ਤੋਂ ਬਾਅਦ ਭਗੌੜਾ ਹੋ ਗਿਆ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਵਾਰੰਟ ਜਾਰੀ ਕੀਤੇ ਹਨ ਤੇ ਮਾਰਕ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਛਾਪੇ ਮਾਰ ਰਹੀ ਹੈ। ਮਾਰਕ ਨੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ’ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾਇਆ ਸੀ ਤੇ ਜਾਨ ਨੂੰ ਖ਼ਤਰਾ ਦੱਸਿਆ ਸੀ। ਸਰਕਾਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਸੇ ਦੌਰਾਨ ਆਗੂ ਦਾ ਬਚਾਅ ਕਰਦਿਆਂ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫਸਾਇਆ ਗਿਆ ਹੈ ਤੇ ਉਨ੍ਹਾਂ ਉਤੇ ਲੱਗੇ ਦੋਸ਼ ਵਾਪਸ ਲਏ ਜਾਣੇ ਚਾਹੀਦੇ ਹਨ। ਹਾਲਾਂਕਿ ਵਿਰੋਧੀ ਧਿਰ ਕਾਂਗਰਸ ਨੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ। ਪੁਲੀਸ ਨੇ ਕਿਹਾ ਸੀ ਕਿ ਉਨ੍ਹਾਂ ਤੁਰਾ ਦੇ ਬਾਹਰਵਾਰ ਸਥਿਤ ਈਡਨਬਾਰੀ ਵਿਚ ਮਾਰਕ ਦੀ ਮਾਲਕੀ ਵਾਲੇ ਇਕ ਫਾਰਮਹਾਊਸ ਵਿਚੋਂ ਛੇ ਨਾਬਾਲਗਾਂ ਨੂੰ ਆਜ਼ਾਦ ਕਰਾਇਆ ਸੀ ਤੇ 73 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਜਪਾ ਦੇ ਸੂਬਾ ਪ੍ਰਧਾਨ ਅਰਨੈਸਟ ਮਾਵਰੀ ਨੇ ਕਿਹਾ ਕਿ ਮਾਰਕ ਦੀ ਜਾਨ ਨੂੰ ਖ਼ਤਰਾ ਹੈ। ਮਾਵਰੀ ਨੇ ਕਿਹਾ ਕਿ ਭਾਜਪਾ ਈਡਨਬਾਰੀ ਵਿਚ ਕੀਤੀ ਗਈ ਛਾਪੇਮਾਰੀ ਦੀ ਨਿਖੇਧੀ ਕਰਦੀ ਹੈ। ਬਰਨਾਰਡ ਮਾਰਕ ਨੂੰ ਬਦਨਾਮ ਕੀਤਾ ਗਿਆ ਹੈ ਤੇ ਫਸਾਇਆ ਗਿਆ ਹੈ। ਉਹ ਸਿਆਸੀ ਬਦਲਾਖੋਰੀ ਦੇ ਸ਼ਿਕਾਰ ਹੋਏ ਹਨ। ਭਾਜਪਾ ਸੂਬੇ ਵਿਚ ਨੈਸ਼ਨਲ ਪੀਪਲਜ਼ ਪਾਰਟੀ ਦੀ ਅਗਵਾਈ ਵਾਲੇ ਸੱਤਾਧਾਰੀ ਮੇਘਾਲਿਆ ਡੈਮੋਕ੍ਰੈਟਿਕ ਗੱਠਜੋੜ ਦਾ ਹਿੱਸਾ ਹੈ। ਪਰ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਇਕੱਲਿਆਂ ਲੜੀਆਂ ਸਨ। ਸਾਬਕਾ ਅਤਿਵਾਦੀ ਆਗੂ ਮਾਰਕ ਮੁੱਖ ਮੰਤਰੀ ਵੱਲੋਂ ਚੋਣਾਂ ਵਿਚ ਉਤਾਰੇ ਗਏ ਉਮੀਦਵਾਰ ਖ਼ਿਲਾਫ਼ ਸੌਖਿਆਂ ਹੀ ਜਿੱਤ ਗਏ ਸਨ। ਭਾਜਪਾ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਈਡਨਬਾਰੀ ਵਿਚ ਤਿੰਨ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਉਤੇ 30 ਕਮਰੇ ਹਨ, ਜਿਨ੍ਹਾਂ ਨੂੰ ਹੋਮਸਟੇਅ ਦੇ ਰੂਪ ਵਿਚ ਕਿਰਾਏ ਉਤੇ ਦਿੱਤਾ ਗਿਆ ਹੈ ਤੇ ਦੂਸਰੀ ਮੰਜ਼ਿਲ ਉਤੇ ਗਾਰੋ ਹਿਲਜ਼ ਦੇ ਪੱਛੜੇ ਬੱਚਿਆਂ ਲਈ ਇਕ ਹੋਸਟਲ ਹੈ।
ਮਾਵਰੀ ਨੇ ਕਿਹਾ ਕਿ ਬਰਨਾਰਡ ਆਰਥਿਕ ਤੌਰ ’ਤੇ ਇਨ੍ਹਾਂ ਬੱਚਿਆਂ ਦੀ ਮਦਦ ਕਰ ਰਹੇ ਸਨ। ਮਾਵਰੀ ਨੇ ਕਿਹਾ ਕਿ ਬਰਨਾਰਡ ਉਨ੍ਹਾਂ ਛੇ ਬੱਚਿਆਂ ਵਿਚੋਂ ਪੰਜ ਦੀ ਮਦਦ ਕਰਦੇ ਰਹੇ ਹਨ, ਜਿਨ੍ਹਾਂ ਨੂੰ ਪੁਲੀਸ ਨੇ ਮੁਕਤ ਕਰਾਉਣ ਦਾ ਦਾਅਵਾ ਕੀਤਾ ਹੈ। ਸੂਬੇ ਦੇ ਭਾਜਪਾ ਮੁਖੀ ਨੇ ਕਿਹਾ ਕਿ ਰਿਜ਼ੌਰਟ ਨੂੰ ਵੇਸਵਾ-ਗਮਨੀ ਦਾ ਅੱਡਾ ਐਲਾਨਣਾ ‘ਬੇਹੱਦ ਇਤਰਾਜ਼ਯੋਗ ਤੇ ਬਰਦਾਸ਼ਤ ਤੋਂ ਬਾਹਰ ਹੈ’। ਉਨ੍ਹਾਂ ਕਿਹਾ ਕਿ ਇਹ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਤੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਹੋਈ। ਸੂਬਾ ਕਾਂਗਰਸ ਦੇ ਉਪ ਪ੍ਰਧਾਨ ਰੌਨੀ ਵੀ ਲਿੰਗਦੋਹ ਨੇ ਮਾਮਲੇ ਦੀ ਆਜ਼ਾਦਾਨਾ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਸਬੂਤਾਂ ਨਾਲ ਕੋਈ ਛੇੜਛਾੜ ਨਾ ਹੋਵੇ।
Comment here