ਮਾਝੇ ਚ ਆਏ ਅਰਵਿੰਦ ਕੇਜਰੀਵਾਲ ਦਾ ਵਿਰੋਧ
ਗੁਰਦਾਸਪੁਰ-ਅਕਾਲੀ ਭਾਜਪਾ ਸਰਕਾਰ ਵਿੱਚ ਕੈਬਿਨਟ ਮੰਤਰੀ ਰਹੇ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਪਿੰਡ ਸੇਖਵਾਂ ਪੁੱਜ ਕੇ ਪਾਰਟੀ ਵਿੱਚ ਜੀ ਆਇਆਂ ਕਿਹਾ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਹੁਣ ਆਪਣੇ ਰਹਿੰਦੇ ਸਾਹ ਤੱਕ ਆਮ ਆਦਮੀ ਪਾਰਟੀ ਦੀ ਸੇਵਾ ਕਰਨਗੇ। ਪਾਰਟੀ ਵੱਲੋਂ ਜਿਹੜੀ ਵੀ ਸੇਵਾ ਉਨ੍ਹਾਂ ਨੂੰ ਸੌਂਪੀ ਜਾਵੇਗੀ ਉਹ ਸਿਰ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਪੁਰਾਣੇ ਸਾਥੀਆਂ ਤੇ ਸ਼ਿਕਵਾ ਕੀਤਾ, ਕਿਹਾ ਕਿ ਉਹ ਪਿਛਲੇ 7-8 ਮਹੀਨਿਆਂ ਤੋਂ ਬਿਮਾਰ ਸੀ, ਮੇਰਾ ਪਿਤਾ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਫਾਊਂਡਰ ਰਹੇ ਹਨ, ਅਕਾਲੀ ਦਲ ਦੇ ਪ੍ਰਧਾਨ ਰਹੇ ਹਨ। ਸਾਡੀਆਂ ਤਿੰਨ ਪੀੜ੍ਹੀਆਂ ਨੇ ਅਕਾਲੀ ਦਲ ਦੀ ਸੇਵਾ ਕਰਦੀਆਂ ਰਹੀਆਂ ਹਨ ਪਰੰਤੂ ਅਫਸੋਸ ਦੀ ਗੱਲ ਹੈ ਕਿ ਇੰਨਾ ਸਭ ਕੁੱਝ ਕਰਨ ਦੇ ਬਾਵਜੂਦ ਅਕਾਲੀ ਦਲ ਵੱਲੋਂ ਮੇਰਾ ਕੋਈ ਹਾਲ ਪੁੱਛਣ ਨਹੀਂ ਆਇਆ।ਕਿਸੇ ਨੇ ਨਹੀਂ ਪੁੱਛਿਆ ਕਿ ਮੈਂ ਜੀਅ ਰਿਹਾ ਹਾਂ ਜਾਂ ਮਰ ਗਿਆ ਹਾਂ। ਕੇਜਰੀਵਾਲ ਵਰਗਾ ਕੋਈ ਇਨਸਾਨ ਨਹੀਂ। ਇਹ ਅੱਜ ਮੇਰਾ ਪਤਾ ਲੈਣ ਆਏ ਹਨ। ਮੇਰੀ ਪਾਰਟੀ ਅਤੇ ਇਨ੍ਹਾਂ ਦੀ ਪਾਰਟੀ ਵੱਖ ਸੀ। ਪਰ ਉਹ ਫੇਰ ਵੀ ਮੇਰੇ ਵਰਗੇ ਸਧਾਰਨ ਇਨਸਾਨ ਦਾ ਪਤਾ ਲੈਣ ਆਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਸੇਖਵਾਂ ਨੇ ਕੇਜਰੀਵਾਲ ਨੂੰ ਦੇਸ਼ ਦਾ ਭਵਿੱਖ ਵੀ ਦੱਸਿਆ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਉਹ ਤਾਂ ਸਿਆਸਤ ਵਿੱਚ ਨਵੇਂ ਹਨ ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਸੇਵਾ ਸਿੰਘ ਸੇਖਵਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੰਜਾਬ ਲਈ ਕੀ ਯੋਗਦਾਨ ਪਾਇਆ ਹੈ ਤੇ ਸੇਖਵਾਂ ਸਾਡਾ ਮਾਰਗ ਦਰਸ਼ਨ ਵੀ ਕਰਦੇ ਰਹਿਣਗੇ।
ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਕੁੰਵਰ ਵਿਜੈ ਪ੍ਰਤਾਪ, ਸਰਬਜੀਤ ਕੌਰ ਮਾਣੂੰਕੇ, ਰਾਘਵ ਚੱਢਾ, ਜਰਨੈਲ ਸਿੰਘ, ਹਰਪਾਲ ਚੀਮਾ, ਪ੍ਰੋ. ਬਲਜਿੰਦਰ ਕੌਰ ਆਦਿ ਵੀ ਮੌਜੂਦ ਸਨ।
ਕੇਜਰੀਵਾਲ ਦਾ ਈਸਾਈ ਭਾਈਚਾਰੇ ਤੇ ਕਿਸਾਨਾਂ ਵਲੋੰ ਵਿਰੋਧ
ਸੇਖਵਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਨ ਲਈ ਧਾਰੀਵਾਲ ਪਹੁੰਚੇ ਕੇਜਰੀਵਾਲ ਦਾ ਜ਼ਬਰਦਸਤ ਵਿਰੋਧ ਹੋਇਆ। ਇਸ ਮੌਕੇ ਮਸੀਹ ਭਾਈਚਾਰੇ ਤੇ ਸਥਾਨਕ ਲੋਕਾਂ ਵਲੋਂ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿਨ੍ਹਾਂ ’ਤੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਿਖੇ ਹੋਏ ਸਨ। ਇਨ੍ਹਾਂ ਪੋਸਟਰਾਂ ’ਤੇ ਲਿਖਿਆ ਹੋਇਆ ਸੀ ਕਿ ਕੇਜਰੀਵਾਲ ਕਿਸਾਨਾਂ ਦਾ ਵਿਰੋਧੀ ਹੈ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਐੱਫ.ਆਈ. ਆਰ. ਦਰਜ ਕਰਵਾ ਰਿਹਾ ਹੈ। ਈਸਾਈ ਭਾਈਚਾਰੇ ਨੇ ਚਰਚ ਤੋੜਨ ਦੇ ਮਾਮਲੇ ਚ ਕੇਜਰੀਵਾਲ ਨੂੰ ਜਨਤਕ ਤੌਰ ਤੇ ਮਾਫੀ ਮੰਗਣ ਲਈ ਕਿਹਾ।
Comment here