ਸੁਲਤਾਨਪੁਰ ਲੋਧੀ ਵਿਖੇ ਸਿੱਖ ਖੋਜ ਇਤਿਹਾਸ ਕੇਂਦਰ ਦਾ ਹੋਵੇ ਨਿਰਮਾਣ
ਸੁਲਤਾਨਪੁਰ ਲੋਧੀ-ਅੰਤਰਰਾਸ਼ਟਰੀ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਗਲੋਬਲ ਸਿੱਖ ਵਿਚਾਰ ਮੰਚ ਦੇ ਆਸਾ ਸਿੰਘ ਘੁੰਮਣ ਨਡਾਲਾ ਅਤੇ ਪਰਮਜੀਤ ਸਿੰਘ ਮਾਨਸਾ ਨੇ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਵਿੱਚ ਬੀਬੀ ਜਗੀਰ ਕੌਰ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਪਦਮਸ਼੍ਰੀ, ਸਵਾਮੀ ਸ਼ਾਂਤਾ ਨੰਦ ਅਤੇ ਦੇਸ਼-ਵਿਦੇਸ਼ ਤੋਂ ਆਏ ਸਿੱਖ ਸਕਾਲਰਾਂ ਸਮੇਤ ਆਦਿ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਅੰਤਰਰਾਸ਼ਟਰੀ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਵਿਸ਼ਵ ਦੇ ਸਭ ਤੋਂ ਛੋਟੀ ਉਮਰ ਦੇ ਇਤਿਹਾਸਕਾਰ ਅਤੇ 8 ਵਰਲਡ ਰਿਕਾਰਡ ਹਾਸਿਲ ਕਰਨ ਵਾਲੀ ਸ਼ਖ਼ਸੀਅਤ ’ਸੱਯਦ ਸਿਮਰ ਸਿੰਘ’ ਨੂੰ ਵੀ ਪਟਿਆਲੇ ਤੋਂ ਖਾਸ ਸੱਦਿਆ ਗਿਆ। ਉਨ੍ਹਾਂ ਨੇ ਵੀ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਰਮਜੀਤ ਸਿੰਘ ਮਾਨਸਾ ਅਤੇ ਆਸਾ ਸਿੰਘ ਘੁੰਮਣ ਨਡਾਲਾ ਨੂੰ ਖਾਸ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਮਤਿ ਸੰਗੀਤ ਅਤੇ ਪੁਰਾਤਨ ਰਬਾਬੀ ਸ਼ੈਲੀ ਸਿਖਲਾਈ ਕੇਂਦਰ ਦੀ ਕੀਤੀ ਮੰਗ ਬਾਰੇ ਖਾਸ ਤੌਰ ’ਤੇ ਦੱਸਿਆ। ਸੱਯਦ ਸਿਮਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਭਾਰਤ ਸਰਕਾਰ ਦੇ ਕਈ ਮੰਤਰੀਆਂ ਸਾਹਮਣੇ ਇਸ ਵਿਸ਼ੇਸ਼ ਕੇਂਦਰ ਦੀ ਮੰਗ ਰੱਖੀ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਜਲਦ ਸਰਕਾਰ ਨਾਲ ਗੱਲ ਕਰਕੇ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾ ਜੀ ਅਤੇ ਉਨ੍ਹਾਂ ਦੀ ਰਬਾਬ ਦੀ ਯਾਦ ਵਿੱਚ ਯਾਦਗਾਰੀ ਚਿਠੀਆਂ ਦੇ ਕਵਰ ਅਤੇ ਇੰਵੇਲਪ ਜਾਰੀ ਕਰਵਾਉਣਗੇ। ਇਸ ਮੰਗ ਵਿੱਚ ਹੋਰ ਵਾਧਾ ਕਰਦੇ ਹੋਏ ਆਸਾ ਸਿੰਘ ਘੁੰਮਣ ਨਡਾਲਾ ਅਤੇ ਪਰਮਜੀਤ ਸਿੰਘ ਮਾਨਸਾ ਵੱਲੋਂ ਬੀਬੀ ਜਗੀਰ ਨੂੰ ਵੀ ਖਾਸ ਸਿਫਾਰਸ਼ ਕੀਤੀ ਗਈ ਕਿ ਗੁਰਮਤਿ ਸੰਗੀਤ ਅਤੇ ਰਬਾਬੀ ਸ਼ੈਲੀ ਸਿਖਲਾਈ ਕੇਂਦਰ ਦੇ ਨਾਲ-ਨਾਲ ਸੁਲਤਾਨਪੁਰ ਲੋਧੀ ਵਿਖੇ ਧਰਮ ਅਧਿਐਨ , ਭਾਸ਼ਾ ਅਧਿਐਨ ਅਤੇ ਸਿੱਖ ਖੋਜ ਇਤਿਹਾਸ ਕੇਂਦਰ ਦਾ ਵੀ ਨਿਰਮਾਣ ਕੀਤਾ ਜਾਵੇ। ਆਸਾ ਸਿੰਘ ਘੁੰਮਣ ਨਡਾਲਾ ਨੇ ਆਪਣੇ ਭਾਸ਼ਣ ਦੌਰਾਨ ਦਸਿਆ ਕਿ ਉਹ ਵੀ ਛੇਤੀ ਗਲੋਬਲ ਸਿੱਖ ਵਿਚਾਰ ਮੰਚ ਵੱਲੋਂ ਕੇਂਦਰ ਸਰਕਾਰ ਨੂੰ ਇਸ ਵਿਸ਼ੇ ਬਾਰੇ ਚਿੱਠੀ ਪਾਉਣਗੇ।
Comment here