ਅਪਰਾਧਖਬਰਾਂ

ਸੁਰੱਖਿਆ ਬਲਾਂ ਦੇ ਮੁਕਾਬਲੇ ’ਚ ਹਿਜ਼ਬੁਲ ਮੁਜਾਹਿਦੀਨ ਦਾ ਦਹਿਸ਼ਤਗਰਦ ਢੇਰ

ਸ੍ਰੀਨਗਰ-ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਅਤਿ-ਲੋੜੀਂਦਾ ਦਹਿਸ਼ਤਗਰਦ  ਫ਼ਿਰੋਜ਼ ਅਹਿਮਦ ਡਾਰ, ਜੋ ਸ਼ੋਪੀਆਂ ਦੇ ਹੈੱਫ-ਸ਼੍ਰਿਮਲ ਦਾ ਵਸਨੀਕ ਦੱਸਿਆ ਜਾਂਦਾ, ਮਾਰਿਆ ਗਿਆ। ਪੁਲੀਸ ਨੇ ਮੌਕੇ ਤੋਂ ਹਥਿਆਰ ਤੇ ਹੋਰ ਗੋਲੀਸਿੱਕਾ ਬਰਾਮਦ ਕੀਤਾ ਹੈ।। ਪੁਲੀਸ ਰਿਕਾਰਡ ਵਿੱਚ ਡਾਰ ਨੂੰ ‘ਏ’ ਸ਼੍ਰੇਣੀ ਦੇ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ ਤੇ ਉਸ ਖਿਲਾਫ਼ ਸੁਰੱਖਿਆ ਬਲਾਂ ਉੱਤੇ ਹਮਲਿਆਂ ਅਤੇ ਆਮ ਨਾਗਰਿਕਾਂ ’ਤੇ ਜ਼ੁਲਮ ਢਾਹੁਣ ਦੇ ਕਈ ਕੇਸ ਦਰਜ ਸਨ। ਉਹ 2018 ਵਿੱਚ ਸ਼ੋਪੀਆਂ ਦੇ ਜ਼ੈਨਾਪੋਰਾ ਵਿੱਚ ਕੀਤੇ ਹਮਲੇ ਵਿੱਚ ਵੀ ਸ਼ਾਮਲ ਸੀ, ਜਿਸ ਵਿੱਚ ਚਾਰ ਪੁਲੀਸ ਮੁਲਾਜ਼ਮ ਮਾਰੇ ਗਏ ਸਨ। ਡਾਰ ਸਾਲ 2017 ਤੋਂ ਵਾਦੀ ਵਿੱਚ ਸਰਗਰਮ ਸੀ।
ਜੰਮੂ ਤੇ ਕਸ਼ਮੀਰ ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਪੁਲਵਾਮਾ ਦੇ ਉਜ਼ਰਾਮਪੱਥਰੀ ਪਿੰਡ ਵਿੱਚ ਦਹਿਸ਼ਤਗਰਦ ਦੀ ਮੌਜੂਦਗੀ ਸਬੰਧੀ ਸੂਹ ਮਿਲੀ ਸੀ। ਇਸ ਮਗਰੋਂ 14 ਦਸੰਬਰ ਤੇ 15 ਦਸੰਬਰ ਦੀ ਦਰਮਿਆਨੀ ਰਾਤ ਨੂੰ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਗਈ। ਤਰਜਮਾਨ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਦਹਿਸ਼ਤਗਰਦ ਨੂੰ ਹਥਿਆਰ ਸੁੱਟਣ ਦੇ ਕਈ ਮੌਕੇ ਦਿੱਤੇ ਗਏ, ਪਰ ਉਹ ਪੁਲੀਸ ਤੇ ਫੌਜ ਦੀ ਸਾਂਝੀ ਟੀਮ ’ਤੇ ਲਗਾਤਾਰ ਅੰਨ੍ਹੇਵਾਹ ਗੋਲੀਬਾਰੀ ਕਰਦਾ ਰਿਹਾ। ਦਹਿਸ਼ਤਗਰਦ ਦੇ ਕਬਜ਼ੇ ’ਚੋਂ ਭੜਕਾਊ ਸਮੱਗਰੀ, ਏਕੇ ਰਾਈਫਲ ਤੇ ਤਿੰਨ ਰੌਦ ਸਮੇਤ ਹੋਰ ਹਥਿਆਰ ਤੇ ਗੋਲੀਸਿੱਕਾ ਬਰਾਮਦ ਹੋਇਆ ਹੈ। ਇਸ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਦਹਿਸ਼ਤਗਰਦ ਫ਼ਿਰੋਜ਼ ਅਹਿਮਦ ਡਾਰ ਮਾਰਿਆ ਗਿਆ।

Comment here