ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸੁਰੱਖਿਆ ਪ੍ਰੀਸ਼ਦ ਵੋਟਿੰਗ ਤੋਂ ਗ਼ੈਰ-ਹਾਜ਼ਰ ਭਾਰਤ, ਰੂਸ ਵਿਰੁੱਧ ਵੋਟਿੰਗ ਤੋਂ ਪਰਹੇਜ਼

ਨਵੀਂ ਦਿੱਲੀ : ਯੂਕਰੇਨ ’ਤੇ ਰੂਸ ਦੇ ਹਮਲੇ ਪਿੱਛੋਂ ਉਸ ਨੂੰ ਸੰਯੁਕਤ ਰਾਸ਼ਟਰ ’ਚ ਘੇਰਨ ਦੀ ਅਮਰੀਕਾ ਸਮੇਤ ਤਮਾਮ ਦੇਸ਼ਾਂ ਦੀ ਯੋਜਨਾ ਸਫਲ ਨਾ ਸਕੀ। ਭਾਰਤ, ਚੀਨ ਅਤੇ ਯੂਏਈ ਦੇ ਨਾਲ, ਕੱਲ੍ਹ ਅਮਰੀਕਾ ਅਤੇ ਅਲਬਾਨੀਆ ਦੁਆਰਾ ਸਪਾਂਸਰ ਕੀਤੇ ਗਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਤੋਂ ਦੂਰ ਰਿਹਾ, ਅਤੇ ਲਗਭਗ 80 ਦੇਸ਼ਾਂ ਦੁਆਰਾ ਸਹਿ-ਪ੍ਰਾਯੋਜਿਤ ਕੀਤਾ ਗਿਆ, ਜਿਨ੍ਹਾਂ ਨੇ ਰੂਸੀ ਹਮਲੇ ਦੀ ਨਿੰਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਿੰਸਾ ਨੂੰ ਤੁਰੰਤ ਬੰਦ ਕਰਨ ਅਤੇ ਯੂਕਰੇਨ ਤੋਂ ਰੂਸੀ ਫੌਜ ਦੀ ਵਾਪਸੀ ਦੀ ਮੰਗ ਕੀਤੀ। ਰੂਸ ਦੇ ਹਮਲਾਵਰ ਵਿਹਾਰ ਵਿਰੁੱਧ ਨਿੰਦਾ ਮਤਾ ਲਿਆਉਣ ਦੀ ਇਨ੍ਹਾਂ ਦੇਸ਼ਾਂ ਦੀ ਯੋਜਨਾ ਰੂਸ ਦੀ ਵੀਟੋ ਸ਼ਕਤੀ ਕਾਰਨ ਅਸਫਲ ਹੋ ਗਈ। 15 ਦੇਸ਼ਾਂ ਦੀ ਮੈਂਬਰੀ ਵਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਈ) ’ਚ ਰੂਸ ਦੀ ਸਖ਼ਤ ਆਲੋਚਨਾ ਕਰਨ ਵਾਲੇ ਇਸ ਮਤੇ ਦੇ ਹੱਕ ’ਚ 11 ਦੇਸ਼ਾਂ ਨੇ ਆਪਣੀ ਵੋਟ ਪਾਈ ਜਦਕਿ ਭਾਰਤ, ਚੀਨ ਤੇ ਯੂਏਈ ਵੋਟਿੰਗ ਵੇਲੇ ਗ਼ੈਰ-ਹਾਜ਼ਰ ਰਹੇ। ਉਕਤ ਮਤੇ ਦੇ ਪਾਸ ਨਾ ਹੋਣ ਨਾਲ ਇਹ ਵੀ ਸਾਫ਼ ਹੋ ਗਿਆ ਹੈ ਕਿ ਯੂਕਰੇਨ ’ਚ ਰੂਸ ਦੇ ਹਮਲੇ ਨੂੰ ਰੋਕਣ ਲਈ ਯੂਐੱਨ ਦੀ ਭੂਮਿਕਾ ਕਾਫ਼ੀ ਸੀਮਤ ਹੋ ਗਈ ਹੈ। ਮਤੇ ਦੇ ਡਿੱਗਣ ਪਿੱਛੋਂ ਅਮਰੀਕਾ, ਫਰਾਂਸ ਤੇ ਨਾਟੋ ਦੇ ਤਮਾਮ ਮੈਂਬਰਾਂ ਸਮੇਤ 50 ਦੇਸ਼ਾਂ ਨੇ ਵੱਖਰੇ ਤੌਰ ’ਤੇ ਇਕ ਮਤਾ ਪਾਸ ਕਰਕੇ ਰੂਸ ਵੱਲੋਂ ਵੀਟੋ ਸ਼ਕਤੀ ਦੀ ਗ਼ਲਤ ਵਰਤੋਂ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਹੁਣ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਲਿਆਉਣ ਦੀ ਤਿਆਰੀ ਹੈ। ਯੂਕਰੇਨ ਤੇ ਰੂਸ ਦੇ ਮਾਮਲੇ ’ਚ ਭਾਰਤ ਲਗਾਤਾਰ ਅਸਿੱਧੇ ਤੌਰ ’ਤੇ ਰੂਸ ਨੂੰ ਸਮਰਥਨ ਦੇਣ ਦੀ ਨੀਤੀ ’ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਵੋਟਿੰਗ ’ਚ ਉਸ ’ਤੇ ਅਮਰੀਕੀ ਤੇ ਪੱਛਮੀ ਦੇਸ਼ਾਂ ਵੱਲੋਂ ਜ਼ਬਰਦਸਤ ਦਬਾਅ ਸੀ ਕਿ ਉਹ ਉਨ੍ਹਾਂ ਨਾਲ ਰਹੇ ਪਰ ਭਾਰਤ ਸਰਕਾਰ ਨੇ ਨਵੀਂ ਆਲਮੀ ਵਿਵਸਥਾ ’ਚ ਆਪਣੇ ਭਵਿੱਖੀ ਹਿੱਤਾਂ ਤੇ ਰੂਸ ਨਾਲ ਬੇਹੱਦ ਪੁਰਾਣੇ ਸਬੰਧਾਂ ਨੂੰ ਤਰਜੀਹ ਦਿੱਤੀ ਹੈ। ਵੋਟਿੰਗ ’ਚ ਗ਼ੈਰ-ਹਾਜ਼ਰ ਰਹਿਣ ਪਿੱਛੋਂ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕਈ ਦਲੀਲਾਂ ਦਿੱਤੀਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਤੇ ਅਲਬਾਨੀਆ ਵੱਲੋਂ ਪੇਸ਼ ਇਸ ਨਿੰਦਾ ਮਤੇ ਦਾ ਹਸ਼ਰ ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ, ਅਜਿਹੇ ’ਚ ਉਸ ਗ਼ੈਰ-ਹਾਜ਼ਰ ਰਹਿ ਕੇ ਆਪਣੀ ਨਿਰਪੱਖਤਾ ਦਿਖਾਈ ਹੈ। ਨਾਲ ਹੀ ਇਸ ਨਾਲ ਇਹ ਬਦਲ ਵੀ ਖੁੱਲ੍ਹਾ ਰੱਖਿਆ ਹੈ ਕਿ ਉਹ ਸਮਾਂ ਆਉਣ ’ਤੇ ਰੂਸ ਤੇ ਯੂਕਰੇਨ ਵਿਚਾਲੇ ਕੂਟਨੀਤੀ ਤੇ ਗੱਲਬਾਤ ਦਾ ਬਦਲ ਖੁੱਲ੍ਹਾ ਰੱਖਣ ’ਚ ਮਦਦ ਕਰ ਸਕਦਾ ਹੈ। ਜਿੱਥੋਂ ਤਕ ਰੂਸ ਦੇ ਹਮਲਾਵਰ ਰਵਈਏ ਦੀ ਗੱਲ ਹੈ ਤਾਂ ਭਾਰਤ ਦੇ ਸੰਯੁਕਤ ਰਾਸ਼ਟਰ ’ਚ ਨੁਮਾਇੰਦੇ ਟੀ ਐੱਸ ਤ੍ਰਿਮੂਰਤੀ ਨੇ ਆਪਣੇ ਭਾਸ਼ਣ ’ਚ ਇਸ ਦੀ ਤਿੱਖੀ ਆਲੋਚਨਾ ਕੀਤੀ ਹੈ। ਭਾਰਤ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਕਿਸੇ ਵੀ ਦੇਸ਼ ਦੀ ਖ਼ੁਦਮੁਖਤਾਰੀ ਤੇ ਅਖੰਡਤਾ ਨੂੰ ਹਿੰਸਾ ਤੇ ਹਮਲਾਵਰ ਢੰਗ ਨਾਲ ਖੰਡਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਤ੍ਰਿਮੂਰਤੀ ਨੇ ਇਹ ਵੀ ਕਿਹਾ ਕਿ ਯੂਕਰੇਨ ’ਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੇ ਹਮਲੇ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਤੇ ਯੂਕਰੇਨ ’ਚ ਜੋ ਹੋਇਆ ਉਸ ’ਤੇ ਭਾਰਤ ਨੂੰ ਕਾਫ਼ੀ ਦੁੱਖ ਹੈ। ਪੀਐੱਮ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪੁਤਿਨ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ’ਚ ਵੀ ਇਹੀ ਸੰਦੇਸ਼ ਦਿੱਤਾ ਸੀ। ਭਾਰਤ ਨੇ ਇਸ ਗੱਲ ’ਤੇ ਅਫ਼ਸੋਸ ਪ੍ਰਗਟਾਇਆ ਕਿ ਕੂਟਨੀਤਕ ਤਰੀਕੇ ਨਾਲ ਸਮੱਸਿਆ ਦਾ ਹੱਲ ਕੱਢਣ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਧਿਰਾਂ ਨੂੰ ਦੁਬਾਰਾ ਇਸ ਨੂੰ ਅਪਣਾਉਣਾ ਚਾਹੀਦਾ ਹੈ। ਭਾਰਤ ਆਪਣੇ ਵੱਲੋਂ ਵੀ ਇਸ ਬਾਰੇ ਮਦਦ ਦੇ ਰਿਹਾ ਹੈ। ਨਾਲ ਹੀ ਭਾਰਤ ਦੀ ਇਕ ਅਹਿਮ ਚਿੰਤਾ ਯੂਕਰੇਨ ’ਚ ਫਸੇ ਆਪਣੇ ਹਜ਼ਾਰਾਂ ਮਿੱਤਰਾਂ ਤੇ ਨਾਗਰਿਕਾਂ ਦੀ ਵੀ ਹੈ। ਇਹੀ ਕਾਰਨ ਹੈ ਕਿ ਭਾਰਤ ਨੇ ਇਸ ਪੂਰੇ ਵਿਵਾਦ ਨਾਲ ਸਬੰਧਿਤ ਸਾਰੀਆਂ ਧਿਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਅੰਤਰਰਾਸ਼ਟਰੀ ਚਾਰਟਰ ਦੀ ਪਾਲਣਾ ਕਰਨ ਤੇ ਛੇਤੀ ਹੀ ਹਾਲਾਤ ਨੂੰ ਆਮ ਵਾਂਗ ਬਣਾਉਣ ਵੱਲ ਕਦਮ ਉਠਾਉਣ। ਇਸ ਵੋਟਿੰਗ ਤੋਂ ਪਹਿਲਾਂ ਲੰਘੇ ਪੰਦਰਵਾੜੇ ’ਚ ਭਾਰਤ ਦੋ ਵਾਰ ਰੂਸ ਦਾ ਅਸਿੱਧੇ ਤੌਰ ’ਤੇ ਸਮਰਥਨ ਕਰ ਚੁੱਕਾ ਹੈ। ਰੂਸ ਨੇ ਪਹਿਲਾਂ ਵੀ ਅਤੇ ਸ਼ੁੱਕਰਵਾਰ ਨੂੰ ਵੀ ਭਾਰਤ ਦਾ ਧੰਨਵਾਦ ਕੀਤਾ ਹੈ। ਭਾਰਤ ਦੇ ਗ਼ੈਰ-ਹਾਜ਼ਰ ਹੋਣ ਦਾ ਖ਼ਦਸ਼ਾ ਅਮਰੀਕਾ ਨੂੰ ਪਹਿਲਾਂ ਹੀ ਸੀ ਤਾਂ ਹੀ ਵੀਰਵਾਰ ਨੂੰ ਦੇਰ ਰਾਤ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜੈਸ਼ੰਕਰ ਨਾਲ ਟੈਲੀਫੋਨ ’ਤੇ ਗੱਲ ਕਰਕੇ ਸਮਰਥਨ ਮੰਗਿਆ ਸੀ। ਉਸੇ ਦਿਨ ਪੀਐੱਮ ਮੋਦੀ ਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਜੈਸ਼ੰਕਰ ਦੀ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨਾਲ ਵੀ ਗੱਲ ਹੋਈ ਸੀ। ਬਹਿਰਹਾਲ, ਰੂਸ ਵਿਰੁੱਧ ਮਤੇ ਦੇ ਹੱਕ ’ਚ ਅਲਬਾਨੀਆ, ਬ੍ਰਾਜ਼ੀਲ, ਫਰਾਂਸ, ਗੈਬੋਨ, ਘਾਨਾ, ਆਇਰਲੈਂਡ, ਕੀਨੀਆ, ਮੈਕਸੀਕੋ, ਨਾਰਵੇ, ਯੂਕੇ ਤੇ ਅਮਰੀਕਾ ਨੇ ਵੋਟ ਪਾਈ। ਰੂਸ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ਅਤੇ ਉਸ ਨੂੰ ਹੋਰ ਚਾਰ ਦੇਸ਼ਾਂ ਨਾਲ ਵੀਟੋ ਲਾਉਣ ਦਾ ਅਧਿਕਾਰ ਹੈ। ਅਮਰੀਕਾ ਨੇ ਹੁਣ ਕਿਹਾ ਹੈ ਕਿ ਉਹ 193 ਮੈਂਬਰੀ ਮਹਾਸਭਾ ’ਚ ਇਸ ਮੁੱਦੇ ਨੂੰ ਲਿਜਾਏਗਾ ਜਿੱਥੇ ਕਿਸੇ ਵੀ ਦੇਸ਼ ਕੋਲ ਵੀਟੋ ਦਾ ਅਧਿਕਾਰ ਨਹੀਂ ਹੈ।

Comment here