ਸਿਆਸਤਖਬਰਾਂਦੁਨੀਆ

ਸੁਰੱਖਿਆ ਕੌਂਸਲ ’ਚ ਭਾਰਤ ਨੂੰ ਸਥਾਈ ਮੈਂਬਰਸ਼ਿਪ ਮਿਲੇ-ਬਾਈਡਨ

ਵਾਸ਼ਿੰਗਟਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ. ਬਾਈਡੇਨ ਵਿਚਾਲੇ ਦੋ-ਪੱਖੀ ਸਿਖਰ ਬੈਠਕ ਤੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਲੈ ਕੇ ਸਥਾਪਿਤ ਚੌਤਰਫਾ ਫ੍ਰੇਮਵਰਕ (ਕਵਾਡ) ਦੀ ਸਿਖਰ ਬੈਠਕ ’ਚ ਅਫਗਾਨਿਸਤਾਨ ਦੀ ਸਥਿਤੀ, ਕੱਟੜਵਾਦ, ਅੱਤਵਾਦ ਤੇ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਥਿਤੀ ’ਤੇ ਚਰਚਾ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਵੀ ਮੰਨਿਆ ਕਿ ਅਫਗਨÇਾਸਤਾਨ ’ਚ ਮੌਜੂਦਾ ਸਰਕਾਰ ਸਮਾਵੇਸ਼ੀ ਨਹੀਂ ਹੈ।
ਘੱਟਗਿਣਤੀਆਂ ਤੇ ਮਹਿਲਾਵਾਂ ਦੀ ਹਿੱਸੇਦਾਰੀ ਨਹੀਂ ਹੈ। ਮਨੁੱਖੀ ਅਧਿਕਾਰਾਂ ਨਾਲ ਜੁੜੇ ਮਸਲੇ ਹਨ। ਇਸ ਲਈ ਇਸ ਨੂੰ ਅਸਲ ’ਚ ਲੋਕਤੰਤਰਿਕ ਨਹੀਂ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਵੀ ਕਵਾਡ ਦੇਸ਼ਾਂ ’ਚ ਇਕ ਰਾਏ ਸੀ ਕਿ ਅਫਗਾਨਿਸਤਾਨ ’ਚ ਪਾਕਿਸਤਾਨ ਖ਼ੁਦ ਨੂੰ ਜਿਸ ਤਰ੍ਹਾਂ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਨੂੰ ਬਹੁਤ ਸਾਵਧਾਨੀ ਨਾਲ ਦੇਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਵਾਡ ਦੀ ਬੈਠਕ ’ਚ ਅਫਗਾਨਿਸਤਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ 2593 ਨੂੰ ਲਾਗੂ ਕਰਨ ’ਤੇ ਵੀ ਚਰਚਾ ਹੋਈ, ਜਿਸ ’ਚ ਅਫਗਾਨਿਸਤਾਨ ਦੀ ਧਰਤੀ ਤੋਂ ਕਿਸੇ ਹੋਰ ਦੇਸ਼ ’ਤੇ ਹਮਲਾ ਕਰਨ ਜਾਂ ਇਸ ਦੀ ਸਾਜ਼ਿਸ਼ ਰਚਨ ਦੀ ਇਜਾਜ਼ਤ ਨਾ ਦੇਣ ਦੀ ਗੱਲ ਆਖੀ ਗਈ ਹੈ।
ਸ਼੍ਰਿੰਗਲਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨਾਲ ਦੋ-ਪੱਖੀ ਬੈਠਕ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਭਾਰਤ ਦੀ ਪ੍ਰਧਾਨਗੀ, ਵਿਸ਼ੇਸ਼ ਰੂਪ ਨਾਲ ਅਫਗਾਨਿਸਤਾਨ ਦੇ ਮੁੱਦੇ ’ਤੇ ਭਾਰਤ ਦੇ ਕਦਮ ਦੀ ਤਾਰੀਫ਼ ਕੀਤੀ ਗਈ। ਬਾਈਡੇਨ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸੁਰੱਖਿਆ ਕੌਂਸਲ ’ਚ ਭਾਰਤ ਨੂੰ ਸਥਾਈ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ। ਵਿਦੇਸ਼ ਸਕੱਤਰ ਅਨੁਸਾਰ ਦੂਜਾ ਮਹੱਤਵਪੂਰਨ ਮੁੱਦਾ ਕੋਵਿਡ ਦੇ ਟੀਕੇ ਨੂੰ ਲੈ ਕੇ ਸੀ। ਕਵਾਡ ਦੀ ਬੇਨਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਜਾਨਸਨ ਐਂਡ ਜਾਨਸਨ ਦੇ 80 ਲੱਖ ਟੀਕੇ ਭਾਰਤ ’ਚ ਬਣਾਏਗਾ ਤੇ ਇਹ ਅਗਲੇ ਮਹੀਨੇ ਤਕ ਤਿਆਰ ਹੋ ਜਾਣਗੇ ਤੇ ਇਨ੍ਹਾਂ ਦੀ ਸਪਲਾਈ ਕੀਤੀ ਜਾਵੇਗੀ।

Comment here