ਅਪਰਾਧਸਿਆਸਤਖਬਰਾਂ

ਸੁਮੇਧ ਸੈਣੀ ਨੂੰ ਅਦਾਲਤੀ ਰਾਹਤ ਤੇ ਕੈਬਨਿਟ ਮੰਤਰੀ ਰੰਧਾਵਾ ਨਰਾਜ਼ ਵੀ ਹੈਰਾਨ ਵੀ

ਚੰਡੀਗੜ-ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਕਈ ਕੇਸਾਂ ਵਿੱਚ ਹਾਈਕੋਰਟ ਤੋਂ ਵਾਰ-ਵਾਰ ਰਾਹਤ ਮਿਲ ਰਹੀ ਹੈ, ਇਸ ਉਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਸੁਖਜਿੰਦਰ ਰੰਧਾਵਾ ਨੇ  ਕੈਪਟਨ ਅਮਰਿੰਦਰ ਸਿੰਘ ਦੇ ਨਾਂ ‘ਤੇ ਇੱਕ ਟਵੀਟ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ, ਗ੍ਰਹਿ ਸਕੱਤਰ ਅਤੇ ਮੁੱਖ ਡਾਇਰੈਕਟਰ ਵਿਜੀਲੈਂਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਰੰਧਾਵਾ ਪਿਛਲੇ ਸਮੇਂ ਵਿੱਚ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰ ਨਾ ਕਰਨ ਦੇ ਲਈ ਉੱਚ ਪੱਧਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਰੰਧਾਵਾ ਨੇ ਕਿਹਾ ਕਿ ਜੇ ਸੀਐੱਮ ਕੈਪਟਨ ਸਾਹਿਬ ਦੀ ਮਨਸ਼ਾ ਵੀ ਹੋਵੇਗੀ ਤਾਂ ਵੀ ਇਹ ਅਫਸਰ ਉਨ੍ਹਾਂ ਦੀ ਚੱਲਣ ਨਹੀਂ ਦਿੰਦੇ। ਬਾਬੂ ਤੇ ਅਫਸਰਾਂ ਉੱਤੇ ਸਾਨੂੰ ਲਗਾਮ ਲਗਾਉਣੀ ਪਵੇਗੀ। ਮੰਤਰੀ ਨੇ ਕਿਹਾ ਕਿ ਆਉਣ ਵਾਲੇ ਮੰਤਰੀ ਮੰਡਲ ਵਿੱਚ, ਅਸੀਂ ਮੁੱਖ ਮੰਤਰੀ ਨੂੰ ਅਪੀਲ ਕਰਾਂਗੇ ਕਿ ਡੀਜੀਪੀ, ਵਿਜੀਲੈਂਸ ਚੀਫ, ਇੰਟੈਲੀਜੈਂਸ ਚੀਫ, ਸਾਰਿਆਂ ਨੂੰ ਬੁਲਾਇਆ ਜਾਵੇ ਅਤੇ ਸਭ ਤੋਂ ਸਪਸ਼ਟੀਕਰਨ ਮੰਗਿਆਂ ਜਾਵੇ। ਉਹਨਾਂ ਕਿਹਾ ਕਿ ਸਾਡੇ ਸਿਸਟਮ ਵਿੱਚ ਭ੍ਰਿਸ਼ਟ ਲੋਕ ਹਨ ਜਿਨ੍ਹਾਂ ਦੀ ਮਦਦ ਨਾਲ ਅਜਿਹਾ ਹੋ ਰਿਹਾ ਹੈ, ਜੋ ਜ਼ਮਾਨਤ ਵਿੱਚ ਉਸਦੀ ਮਦਦ ਕਰਦੇ ਹਨ। ਜਿਸ ਤਰ੍ਹਾਂ ਕੈਪਟਨ ਸਾਹਿਬ ਜਵਾਬਦੇਹ ਹਨ, ਉਸੇ ਤਰ੍ਹਾਂ ਸਮੁੱਚੀ ਕੈਬਨਿਟ ਦੀ ਜਵਾਬਦੇਹੀ ਹੈ। ਜਦੋਂ ਕੇਸ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਜਦੋਂ ਸੈਣੀ ਅਦਾਲਤ ਵਿੱਚ ਜਾਂਦਾ ਹੈ, ਤਾਂ ਉਸਨੂੰ ਜੱਜ ਦੇ ਸਾਹਮਣੇ ਬੇਨਤੀ ਕਰਕੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਇੱਕ ਮੌਜੂਦਾ ਡੀਜੀਪੀ ਐਸਐਸ ਵਿਰਕ ਨੂੰ ਬਿਨਾਂ ਕੋਈ ਕੇਸ ਦਰਜ ਕੀਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ?
ਪੰਜਾਬ ਪੁਲਿਸ ਦਾ ਇਹ ਇਰਾਦਾ ਨਹੀਂ ਹੈ ਕਿ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ। ਰੰਧਾਵਾ ਨੇ ਕਿਹਾ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੀ ਸਰਕਾਰ ਨੂੰ ਉਨ੍ਹਾਂ ਦੇ ਕਾਰਨ ਸ਼ਰਮਸਾਰ ਹੋਣਾ ਪੈ ਰਿਹਾ ਹੈ। ਚੋਣਾਂ ਵਿੱਚ ਸਿਰਫ 5 ਮਹੀਨੇ ਬਾਕੀ ਹਨ, ਅਸੀਂ ਲੋਕਾਂ ਦੇ ਕੋਲ ਕਿਵੇਂ ਜਾਵਾਂਗੇ, ਜਵਾਬਦੇਹੀ ਸਾਡੀ ਹੈ। ਇਨ੍ਹਾਂ ਅਧਿਕਾਰੀਆਂ ਸੁਰੇਸ਼ ਕੁਮਾਰ, ਬੀਕੇ ਉਪਲ, ਜਾਂ ਦਿਨਕਰ ਗੁਪਤਾ ਨੇ ਲੋਕਾਂ ਨੂੰ ਕੋਈ ਜਵਾਬ ਨਹੀਂ ਦੇਣਾ। ਰੰਧਾਵਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਡੀ ਸਮੁੱਚੀ ਕੈਬਨਿਟ ਨੂੰ ਲੋਕਾਂ ਦੇ ਸਾਹਮਣੇ ਜਵਾਬ ਦੇਣਾ ਪਵੇਗਾ। ਜੇ ਤੁਹਾਡੀ ਇੱਛਾ ਹੋਵੇ ਤਾਂ ਸਭ ਕੁਝ 1 ਦਿਨ ਵਿੱਚ ਕੀਤਾ ਜਾ ਸਕਦਾ ਹੈ। ਅਜੇ ਵੀ ਸਮਾਂ ਹੈ, ਸਾਡੇ ਕੋਲ ਸਭ ਕੁਝ ਹੈ। ਰਾਜ ਦੇ ਮੁਖੀ ਨੂੰ ਫੈਸਲਾ ਕਰਨਾ ਹੋਵੇਗਾ। ਸਾਨੂੰ ਬਾਬੂਆਂ ਤੇ ਅਫਸਰਾਂ ‘ਤੇ ਲਗਾਮ ਲਗਾਉਣੀ ਪਵੇਗੀ।ਯਾਦ ਰਹੇ ਸੈਣੀ ਦਾ ਆਪਣੇ ਕਾਰਜਕਾਲ ਦੌਰਾਨ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਪੰਜਾਬ ਪੁਲੀਸ ਦੇ 1982 ਬੈਚ ਦੇ ਇਸ ਸਾਬਕਾ ਪੁਲੀਸ ਅਧਿਕਾਰੀ ਨੇ ਐੱਸਐੱਸਪੀ ਦੇ ਅਹੁਦੇ ਸਮੇਂ ਵੱਡੇ ਵਿਵਾਦ ਸਹੇੜੇ। ਉਸ ਦੀ ਗ੍ਰਿਫ਼ਤਾਰੀ ਉਸੇ ਵਿਜੀਲੈਂਸ ਬਿਊਰੋ ਨੇ ਕੀਤੀ, ਜਿਸ ਦਾ ਉਹ ਪੰਜ ਸਾਲ ਮੁਖੀ ਰਿਹਾ। ਵਿਜੀਲੈਂਸ ਦਾ ਮੁਖੀ ਹੁੰਦਿਆਂ ਉਸ ਨੇ ਸਤੰਬਰ 2007 ਵਿੱਚ ਪੰਜਾਬ ਪੁਲੀਸ ਤੇ ਮਹਾਰਾਸ਼ਟਰ ਪੁਲੀਸ ਦੇ ਡੀਜੀਪੀ ਰਹੇ ਸਰਬਦੀਪ ਸਿੰਘ ਵਿਰਕ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਤਰ੍ਹਾਂ ਸ੍ਰੀ ਸੈਣੀ ਦੂਜੇ ਅਜਿਹੇ ਪੁਲੀਸ ਅਧਿਕਾਰੀ ਹਨ, ਜਿਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ। ਸੁਮੇਧ ਸੈਣੀ ’ਤੇ ਅਤਿਵਾਦ ਸਮੇਂ ਮਨੁੱਖੀ ਹੱਕਾਂ ਦਾ ਘਾਣ ਕਰਨ ਦੇ ਦੋਸ਼ ਵੀ ਲੱਗੇ। ਇਕ ਮਾਮਲੇ ਵਿੱਚ ਉਸ ਨੂੰ ਦਿੱਲੀ ਦੀ ਸੀਬੀਆਈ ਅਦਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਸੈਣੀ ਨੂੰ ਅਕਾਲੀ-ਭਾਜਪਾ ਸਰਕਾਰ ਨੇ ਸਾਲ 2012 ਵਿੱਚ ਡੀਜੀਪੀ ਦੇ ਅਹੁਦੇ ’ਤੇ ਤਾਇਨਾਤ ਕੀਤਾ ਸੀ। ਤਤਕਾਲੀ ਸਰਕਾਰ ਦੇ ਇਸ ਫੈਸਲੇ ਦੀ ਭਾਵੇਂ ਕਾਫ਼ੀ ਆਲੋਚਨਾ ਹੋਈ ਸੀ, ਪਾਰਟੀ ਦੇ ਅੰਦਰ ਵੀ ਵਿਰੋਧਤਾ ਹੋਈ ਸੀ, ਪਰ ਪਾਰਟੀ ਹਾਈਕਮਾਂਡ ਨੇ ਪ੍ਰਵਾਹ ਨਾ ਕੀਤੀ। ਸਾਲ 2015 ਵਿੱਚ ਜਦੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰੇ ਤਾਂ ਸੈਣੀ ਹੀ ਪੁਲੀਸ ਮੁਖੀ ਸੀ ਤੇ ਸਰਕਾਰ ਦੀ ਹਾਲਤ ਏਨੀ ਵਿਰੋਧਾਭਾਸ ਵਾਲੀ ਬਣ ਗਈ ਸੀ ਕਿ ਉਸ ਨੂੰ ਅਹੁਦੇ ਤੋਂ ਲਾਂਭੇ ਕਰਨਾ ਪਿਆ ਸੀ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਉਸ ਨੂੰ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਪੁਲੀਸ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਨਾਮਜ਼ਦ ਕਰਨ ਸਮੇਤ ਅਤਿਵਾਦ ਵੇਲੇ ਬਲਵੰਤ ਸਿੰਘ ਮੁਲਤਾਨੀ ਨੂੰ ਕਤਲ ਕਰਨ ਦੇ ਦੋਸ਼ਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ। ਸੈਣੀ ਨੇ ਰਾਹਤ ਲੈਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਪੰਜਾਬ ਵਿਜੀਲੈਂਸ ਬਿਊਰੋ ਨੇ ਉਸ ਨੂੰ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ ਨਾਮਜ਼ਦ ਤਾਂ ਕੀਤਾ ਸੀ, ਪਰ ਵਿਜੀਲੈਂਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਕਾਰਨ ਗ੍ਰਿਫਤਾਰ ਨਾ ਕਰ ਸਕੀ। ਜਦ ਗ੍ਰਿਫਤਾਰ ਕੀਤਾ ਹੀ ਤਾਂ ਨਾਟਕੀ ਢੰਗ ਨਾਲ ਤੇ ਉਸ ਤੋਂ ਵੀ ਸੈਣੀ ਨੂੰ ਹਾਈਕੋਰਟ ਨੇ ਰਾਹਤ ਦੇ ਦਿੱਤੀ।

Comment here