ਅੱਧੀ ਰਾਤ ਨੂੰ ਬੈੱਡਰੂਮ ਤੋਂ ਗ੍ਰਿਫ਼ਤਾਰ ਕਰਨਾ ਗ਼ਲਤ
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਫਿਰੌਤੀ ਦੇ ਇਕ ਮਾਮਲੇ ਵਿਚ ਝਾਰਖੰਡ ਪੁਲਿਸ ਦੇ ਇਕ ਸਥਾਨਕ ਹਿੰਦੀ ਪੱਤਰਕਾਰ ਦੇ ਘਰ ਰਾਤ ਸਮੇਂ ਪੁੱਜਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਬੈੱਡਰੂਮ ਤੋਂ ਘਸੀਟ ਕੇ ਬਾਹਰ ਲਿਆਉਣ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੱਤਰਕਾਰ ਅੱਤਵਾਦੀ ਨਹੀਂ ਹੈ। ਸੁਪਰੀਮ ਕੋਰਟ ਨੇ ਪੁਲਿਸ ਦੀ ਕਾਰਵਾਈ ਨੂੰ ‘ਸੂਬੇ ਦੀ ਵਧੀਕੀ’ ਦੱਸਦੇ ਹੋਏ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਝਾਰਖੰਡ ਵਿਚ ਪੂਰੀ ਤਰ੍ਹਾਂ ਅਰਾਜਕਤਾ ਫੈਲ ਗਈ ਹੈ। ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਪੱਤਰਕਾਰ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਝਾਰਖੰਡ ਹਾਈ ਕੋਰਟ ਦੇ ਆਦੇਸ਼ ਵਿਚ ਦਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸੂਬੇ ਦੀ ਅਪੀਲ ‘ਤੇ ਵਿਚਾਰ ਨਹੀਂ ਕਰਨਗੇ। ਬੈਂਚ ਨੇ ਕਿਹਾ ਕਿ ਅਸੀਂ ਮਾਮਲੇ ਦੇ ਤੱਥਾਂ ਨੂੰ ਦੇਖਿਆ ਹੈ। ਇਹ ਸੂਬੇ ਦੀ ਵਧੀਕੀ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਝਾਰਖੰਡ ਵਿਚ ਪੂਰੀ ਤਰ੍ਹਾਂ ਨਾਲ ਅਰਾਜਕਤਾ ਫੈਲ ਗਈ ਹੈ। ਸੁਪਰੀਮ ਕੋਰਟ ਨੇ ਘਟਨਾ ‘ਤੇ ਸਖ਼ਤ ਨਰਾਜ਼ਗੀ ਪ੍ਰਗਟ ਕਰਦੇ ਹੋਏ ਝਾਰਖੰਡ ਦੇ ਵਧੀਕ ਐਡਵੋਕੇਟ ਜਨਰਲ ਅਰੁਣਭ ਚੌਧਰੀ ਨੂੰ ਕਿਹਾ ਕਿ ਤੁਸੀਂ ਅੱਧੀ ਰਾਤ ਨੂੰ ਇਕ ਪੱਤਰਕਾਰ ਦਾ ਦਰਵਾਜ਼ਾ ਖੜਕਾਉਂਦੇ ਹੋ ਅਤੇ ਉਸ ਨੂੰ ਬੈੱਡਰੂਮ ਤੋਂ ਬਾਹਰ ਕੱਢਦੇ ਹੋ। ਇਹ ਬਹੁਤ ਜ਼ਿਆਦਾ ਹੈ। ਤੁਸੀਂ ਇਸ ਤਰ੍ਹਾਂ ਉਸ ਵਿਅਕਤੀ ਨਾਲ ਕਰ ਰਹੇ ਹੋ ਜੋ ਪੱਤਰਕਾਰ ਹੈ ਅਤੇ ਪੱਤਰਕਾਰ ਅੱਤਵਾਦੀ ਨਹੀਂ ਹੈ।
Comment here