ਮੁੰਬਈ-ਪੰਜਾਬੀ ਫ਼ਿਲਮ ਸਨਅਤ ਲਈ ਇਕ ਚੰਗੀ ਤੇ ਉਤਸ਼ਾਹਪੂਰਨ ਖ਼ਬਰ ਆਈ ਹੈ। ਇਸ ਖ਼ਬਰ ਦਾ ਸਿਹਰਾ ਜਾਂਦਾ ਹੈ ਯੂ.ਕੇ. ਵਾਸੀ ਡਾ. ਚਾਨਣ ਸਿੰਘ ਸਿੱਧੂ ਨੂੰ। ਉਹ ਹੁਣ ਨਿਰਮਾਤਾ ਬਣ ਕੇ ਮੀਲ ਪੱਥਰ ਨੁਮਾ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਨੂੰ ਨਵੀਂ ਸਜਾਵਟ ਨਾਲ ਲੈ ਕੇ ਆਏ ਹਨ। ਡਿਜੀਟਲ ਤਕਨੀਕ ਦਾ ਸਹਾਰਾ ਲੈ ਕੇ ਫ਼ਿਲਮ ਦੇ ਤਕਨੀਕੀ ਭਾਗਾਂ ਵਿਚ ਸੁਧਾਰ ਕਰਕੇ ਫ਼ਿਲਮ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਸਾਲ 1981 ਵਿਚ ਜਦੋਂ ਇਹ ਫ਼ਿਲਮ ਪ੍ਰਦਰਸ਼ਿਤ ਹੋਈ ਸੀ ਉਦੋਂ ਬਹੁਤ ਹਰਮਨ ਪਿਆਰਤਾ ਹਾਸਲ ਕੀਤੀ ਸੀ ਅਤੇ ਇਹ ਰਾਸ਼ਟਰੀ ਪੁਰਸਕਾਰ ਜਿੱਤਣ ਵਿਚ ਵੀ ਕਾਮਯਾਬ ਰਹੀ ਸੀ।
ਇਹ ਫ਼ਿਲਮ ਚਿਤਰਾਰਥ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ। ਰਿਲੀਜ਼ ਦੇ 41 ਸਾਲਾਂ ਬਾਅਦ ਜਦੋਂ ਇਹ ਨਵਾਂ ਤਕਨੀਕੀ ਜਾਮਾ ਪਾ ਕੇ ਆ ਰਹੀ ਹੈ ਉਦੋਂ ਚਿਤਰਾਰਥ ਸਿੰਘ ਦੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਉੱਭਰ ਆਉਂਦੇ ਹਨ ਜਦੋਂ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਕੀਤੀ ਸੀ। ਅਤੀਤ ਦੇ ਸਮੁੰਦਰ ਵਿਚ ਡੁਬਕੀ ਲਗਾਉਂਦੇ ਹੋਏ ਉਹ ਕਹਿੰਦੇ ਹਨ, ‘ਮੈਨੂੰ ਅੱਜ ਵੀ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਦਿਨ ਬਰਾਬਰ ਯਾਦ ਹੈ। ਉਹ ਤਰੀਕ ਸੀ 4 ਅਪ੍ਰੈਲ, 1979 ਅਤੇ ਪਹਿਲੇ ਦਿਨ ਦੀ ਸ਼ੂਟਿੰਗ ਅਸੀਂ ਜਗਰਾਓਂ ਵਿਚ ਕੀਤੀ ਸੀ। ਸਾਰੇ ਯੂਨਿਟ ਵਾਲੇ ਬਹੁਤ ਖ਼ੁਸ਼ ਸਨ। ਮੈਂ ਵੀ ਖ਼ੁਸ਼ ਸੀ ਕਿ ਪਹਿਲੇ ਦਿਨ ਦੀ ਸ਼ੂਟਿੰਗ ਸੁੱਖੀਂ-ਸਾਂਦੀਂ ਹੋ ਗਈ। ਤਦੇ ਸ਼ਾਮ ਨੂੰ ਅਚਾਨਕ ਖ਼ਬਰ ਮਿਲੀ ਕਿ ਪਾਕਿਸਤਾਨ ਵਿਚ ਜੁਲਫ਼ਿਕਰ ਅਲੀ ਭੁੱਟੋ ਨੂੰ ਫ਼ਾਂਸੀ ਦੇ ਦਿੱਤੀ ਗਈ ਹੈ। ਸਾਡੇ ਸਾਰਿਆਂ ਦੀ ਖ਼ੁਸ਼ੀ ਕਾਫ਼ੂਰ ਹੋ ਗਈ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਦੁਨੀਆ ਛੱਡ ਕੇ ਜਾਣਾ ਹੋਵੇਗਾ, ਇਹ ਸੋਚਿਆ ਨਹੀਂ ਸੀ। ਉਥੇ ਉਨ੍ਹਾਂ ਨੂੰ ਬਦਲੇ ਦੀ ਕਾਰਵਾਈ ਹੇਠ ਫ਼ਾਂਸੀ ਦਿੱਤੀ ਗਈ ਅਤੇ ਇਥੇ ਮੈਂ ਇਕ ਇਸ ਤਰ੍ਹਾਂ ਦੀ ਫ਼ਿਲਮ ਬਣਾ ਰਿਹਾ ਸੀ ਜਿਸ ਵਿਚ ਦੁਸ਼ਮਣ ਨੂੰ ਮਾਫ਼ ਕਰ ਦੇਣ ਦਾ ਸੰਦੇਸ਼ ਸੀ। ਇਹ ਫ਼ਿਲਮ ਜਦੋਂ ਪ੍ਰਦਰਸ਼ਿਤ ਹੋਈ ਸੀ, ਉਦੋਂ ਪੰਜਾਬੀ ਫ਼ਿਲਮ ਸਨਅਤ ਵਿਚ ਐਕਸ਼ਨ ਤੇ ਬਦਲੇ ਦੇ ਥੀਮ ਵਾਲੀਆਂ ਫ਼ਿਲਮਾਂ ਦਾ ਬੋਲਬਾਲਾ ਸੀ। ਇਸ ਤੋਂ ਉਲਟ ਮੇਰੀ ਫ਼ਿਲਮ ਵਿਚ ਮਾਫ਼ੀ-ਦਾਨ ਦੀ ਗੱਲ ਕਹੀ ਗਈ ਸੀ। ਕੁਝ ਵੱਖਰਾ ਦੇਖਣ ਦੀ ਇੱਛਾ ਰੱਖਣ ਵਾਲਿਆਂ ਨੂੰ ਫ਼ਿਲਮ ਵਿਚ ਨਵਾਂਪਨ ਨਜ਼ਰ ਆਇਆ ਅਤੇ ਉਨ੍ਹਾਂ ਨੇ ਇਸ ਨੂੰ ਹੱਥੋ-ਹੱਥ ਲੈ ਲਿਆ।’
ਮਹਿਜ਼ ਇਸ ਨਵੇਂਪਨ ਦੀ ਵਜ੍ਹਾ ਕਰਕੇ ਹੀ ਇਹ ਫ਼ਿਲਮ ਹਿੱਟ ਨਹੀਂ ਸੀ ਹੋਈ, ਫ਼ਿਲਮ ਵਿਚ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਗੱਲਾਂ ਸਨ ਜੋ ਪੰਜਾਬੀ ਫ਼ਿਲਮ ਸਨਅਤ ਵਿਚ ਬਦਲਾਅ ਦਾ ਵਿਚਾਰ ਲੈ ਆਈਆਂ ਸਨ। ਫ਼ਿਲਮ ਦੀ ਮੌਲਿਕਤਾ ‘ਤੇ ਰੌਸ਼ਨੀ ਪਾਉਂਦੇ ਹੋਏ ਚਿਤਰਾਰਥ ਸਿੰਘ ਕਹਿੰਦੇ ਹਨ, ‘ਉਸ ਜ਼ਮਾਨੇ ਵਿਚ ਜ਼ਿਆਦਾਤਰ ਫ਼ਿਲਮ ਨਿਰਮਾਤਾ ਉਹ ਸਨ ਜੋ ਪਾਕਿਸਤਾਨ ਤੋਂ ਆਏ ਸਨ। ਉਨ੍ਹਾਂ ਦੀਆਂ ਫ਼ਿਲਮਾਂ ਵਿਚ ਪਾਕਿਸਤਾਨੀ ਸੱਭਿਆਚਾਰ ਦੀ ਝਲਕ ਹੋਇਆ ਕਰਦੀ ਸੀ। ਹੀਰੋ-ਹੀਰੋਇਨ ਦੇ ਕੱਪੜਿਆਂ ਤੋਂ ਲੈ ਕੇ ਕੇਸ ਸੱਜਾ ਤੇ ਸੰਵਾਦਾਂ ਵਿਚ ਵੀ ਉਥੋਂ ਦਾ ਟੱਚ ਹੋਇਆ ਕਰਦਾ ਸੀ। ਹੀਰੋ ਚੀਕਦਾ, ਚਿਲਾਉਂਦਾ ਨਜ਼ਰ ਆਉਂਦਾ ਸੀ। ਮੇਰੀ ਫ਼ਿਲਮ ਇਨ੍ਹਾਂ ਫ਼ਿਲਮਾਂ ਤੋਂ ਵੱਖਰੀ ਸੀ। ਫ਼ਿਲਮ ਦੇ ਲੇਖਕ ਬਲਦੇਵ ਸਿੰਘ ਮਾਲਵਾ ਤੋਂ ਸਨ। ਸੋ, ਇਥੇ ਮਲਵਈ ਬੋਲੀ ਰੱਖੀ ਗਈ ਸੀ। ਇਸ ਵਜ੍ਹਾ ਕਰਕੇ ਦਰਸ਼ਕਾਂ ਨੂੰ ਫ਼ਿਲਮ ਵਿਚ ਸਥਾਨਕ ਅਪੀਲ ਨਜ਼ਰ ਆਈ ਸੀ ਅਤੇ ਇਹ ਅਪੀਲ ਫ਼ਿਲਮ ਦੇ ਪੱਖ ਵਿਚ ਕੰਮ ਕਰ ਗਈ ਸੀ। ਦੂਜੀ ਗੱਲ ਇਹ ਕਿ ਫ਼ਿਲਮ ਵਿਚ ਕਲਾਕਾਰਾਂ ਨੂੰ ਤਾਮ-ਝਾਮ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਸਾਰੇ ਕਲਾਕਾਰਾਂ ਦੇ ਕੱਪੜੇ ਪਿੰਡ ਦੇ ਦਰਜੀ ਮਾਸਟਰ ਨੇ ਸੀਤੇ ਸਨ ਅਤੇ ਕਿਰਦਾਰਾਂ ਦੀ ਸਾਦਗੀ ਦੀ ਵਜ੍ਹਾ ਕਰਕੇ ਲੋਕਾਂ ਨੂੰ ਇਹ ਕਿਰਦਾਰ ਆਪਣੇ-ਆਪਣੇ ਲੱਗੇ ਸਨ। ਪੂਰੀ ਫ਼ਿਲਮ ਪੰਜਾਬ ਵਿਚ ਸ਼ੂਟ ਕੀਤੀ ਗਈ ਸੀ । ਪੰਜਾਬ ਸੰਤਾਪ ਸਮੇਂ ਆਮ ਪੰਜਾਬੀ ਫ਼ਿਲਮ ਪੰਜ-ਸਾਢੇ ਪੰਜ ਲੱਖ ਵਿਚ ਬਣ ਜਾਇਆ ਕਰਦੀ ਸੀ ਪਰ ਇਸ ਫ਼ਿਲਮ ਦੀ ਲਾਗਤ 12 ਲੱਖ ਰੁਪਏ ਆਈ ਸੀ। ਉਹ ਇਸ ਲਈ ਕਿ ਫ਼ਿਲਮ ਦੇ ਨਿਰਮਾਣ ਵਿਚ ਕਿਤੇ ਕੋਈ ਕੰਜੂਸੀ ਨਹੀਂ ਸੀ ਵਰਤੀ ਗਈ। ਫ਼ਿਲਮ ਦੀ ਸ਼ੂਟਿੰਗ ਛੱਤੀ ਆਊਟਡੋਰ ਲੋਕੇਸ਼ਨਾਂ ‘ਤੇ ਕੀਤੀ ਗਈ ਸੀ। ਲੇਖਕ ਬਲਦੇਵ ਸਿੰਘ ਵੀ ਇਸ ਦੇ ਇਕ ਨਿਰਮਾਤਾ ਸਨ ਅਤੇ ਉਹ ਚਾਹੁੰਦੇ ਸਨ ਕਿ ਹਰ ਦ੍ਰਿਸ਼ ਉਸ ਤਰ੍ਹਾਂ ਦਾ ਫ਼ਿਲਮਾਇਆ ਜਾਵੇ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਲਿਖਿਆ ਹੈ। ਇਸ ਵਜ੍ਹਾ ਕਰਕੇ ਕਿੱਕਰ ਦੇ ਦਰੱਖਤ ਤੋਂ ਲੈ ਕੇ ਨਹਿਰ ਦੇ ਦ੍ਰਿਸ਼ਾਂ ਵਿਚ ਕਿਤੇ ਕੋਈ ਕੋਤਾਹੀ ਨਹੀਂ ਵਰਤੀ ਗਈ ਸੀ। ਆਊਟਡੋਰ ਦ੍ਰਿਸ਼ਾਂ ਦੀ ਵਜ੍ਹਾ ਕਰਕੇ ਪਰਦੇ ‘ਤੇ ਪੰਜਾਬ ਨੂੰ ਦੇਖ ਕੇ ਦਰਸ਼ਕ ਖ਼ੁਸ਼ ਹੋ ਉੱਠੇ ਸਨ ਅਤੇ ਉਨ੍ਹਾਂ ਨੂੰ ਫ਼ਿਲਮ ਵਿਸ਼ੇਸ਼ ਤੌਰ ‘ਤੇ ਪਸੰਦ ਆਈ ਸੀ।’
ਰਾਜ ਬੱਬਰ ਦੀ ਇਹ ਪਹਿਲੀ ਫ਼ਿਲਮ ਸੀ। ‘ਇਨਸਾਫ਼ ਕਾ ਤਰਾਜੂ’ ਤੇ ‘ਸੌ ਦਿਨ ਸਾਸ ਕੇ’ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਫ਼ਿਲਮ ਲਈ ਸਾਈਨ ਕੀਤਾ ਗਿਆ ਸੀ। ਫ਼ਿਲਮ ਦੀ ਨਾਇਕਾ ਰਮਾ ਵਿੱਜ ਵੀ ਉਦੋਂ ਨਵੀਂ ਆਈ ਸੀ। ਫ਼ਿਲਮ ਵਿਚ ਹਰਨੇਕ ਦੀ ਭੂਮਿਕਾ ਲਈ ਅਦਾਕਾਰਾ ਰਾਮੇਸ਼ਵਰੀ ਦੇ ਪਤੀ ਦੀਪਕ ਨੂੰ ਸਾਈਨ ਕੀਤਾ ਗਿਆ ਸੀ। ਉਦੋਂ ਉਨ੍ਹਾਂ ਨੂੰ ਓ.ਪੀ. ਰਲਹਨ ਦੀ ਫ਼ਿਲਮ ‘ਅਸ਼ੋਕਾ’ ਮਿਲ ਗਈ ਤੇ ਉਨ੍ਹਾਂ ਨੇ ਇਹ ਫ਼ਿਲਮ ਛੱਡ ਦਿੱਤੀ ਸੀ। ਸੋ, ਉਨ੍ਹਾਂ ਦੀ ਥਾਂ ਕੁਲਭੂਸ਼ਨ ਖਰਬੰਦਾ ਨੂੰ ਲਿਆ ਗਿਆ ਅਤੇ ਇਸ ਫ਼ਿਲਮ ਨਾਲ ਉਨ੍ਹਾਂ ਦੇ ਕਰੀਅਰ ਨੂੰ ਬਹੁਤ ਫਾਇਦਾ ਹੋਇਆ ਸੀ। ਫ਼ਿਲਮ ਵਿਚ ਇਕਮਾਤਰ ਵੱਡੀ ਸਟਾਰ ਰਜਨੀ ਸ਼ਰਮਾ ਸੀ ਜਿਸ ਦੀ ਉਦੋਂ ‘ਬਾਲਿਕਾ ਬਧੂ’ ਹਿਟ ਹੋਈ ਸੀ ਅਤੇ ਇਸ ਵਜ੍ਹਾ ਕਰਕੇ ਉਹ ਕਾਫ਼ੀ ਹਰਮਨ ਪਿਆਰੀ ਸੀ। ਜ਼ਿਆਦਾਤਰ ਨਵੇਂ ਕਲਾਕਾਰ ਹੋਣ ਦੀ ਵਜ੍ਹਾ ਕਰਕੇ ਚਿਤਰਾਰਥ ਸਿੰਘ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਬਗ਼ੈਰ ਫ਼ਿਲਮ ਬਣਾ ਸਕੇ ਸਨ ਅਤੇ ਇਸੇ ਵਜ੍ਹਾ ਕਰਕੇ ਫ਼ਿਲਮ ਵਿਚ ਨਿਰਦੇਸ਼ਕ ਦਾ ਠੱਪਾ ਨਜ਼ਰ ਆਉਂਦਾ ਹੈ।
ਜਿਸ ਤਰ੍ਹਾਂ ਪਲਾਸਟਿਕ ਸਰਜਰੀ ਦੀ ਮਦਦ ਨਾਲ ਚਿਹਰੇ ਨੂੰ ਜ਼ਿਆਦਾ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਹੁਣ ਫ਼ਿਲਮ ਵਿਚ ਹੋਰ ਨਿਖਾਰ ਲਿਆਂਦਾ ਗਿਆ ਹੈ। ਫ਼ਿਲਮ ਵਿਚ ਹੁਣ ਵੀ ਉਹੀ ਆਤਮਾ ਹੈ ਜੋ ਉਦੋਂ ਸੀ।
-ਇੰਦਰਮੋਹਨ ਪੰਨੂੰ
Comment here