ਇੱਕ ਵਾਰ ਇੱਕ ਟਾਪੂ ’ਤੇ ਛੋਟੀ ਜਿਹੀ ਡਿੱਗੀ-ਢੱਠੀ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ। ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਅਤੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦਾ। ਜੋ ਕੁਝ ਉਸ ਨੂੰ ਮਿਲਦਾ, ਉਸ ਨਾਲ ਉਨ੍ਹਾਂ ਦਾ ਗੁਜ਼ਾਰਾ ਮਸਾਂ ਹੀ ਹੁੰਦਾ। ਇੱਕ ਦਿਨ ਬੁੱਢੇ ਆਦਮੀ ਨੇ ਆਪਣਾ ਜਾਲ ਸੁੱਟਿਆ ਅਤੇ ਜਦੋਂ ਇਸ ਨੂੰ ਖਿੱਚਣ ਲੱਗਿਆ ਤਾਂ ਉਸ ਨੂੰ ਇਹ ਭਾਰਾ ਲੱਗਿਆ। ਉਸ ਨੇ ਮੁਸ਼ਕਿਲ ਨਾਲ ਜਾਲ ਨੂੰ ਬਾਹਰ ਖਿੱਚਿਆ। ਇਸ ਵਿੱਚ ਇੱਕ ਛੋਟੀ ਮੱਛੀ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਪਰ ਇਹ ਮੱਛੀ ਸਾਧਾਰਨ ਨਹੀਂ ਸੀ। ਇਹ ਸੁਨਹਿਰੀ ਮੱਛੀ ਸੀ। ਮੱਛੀ ਮਨੁੱਖੀ ਆਵਾਜ਼ ਵਿੱਚ ਆਖਣ ਲੱਗੀ, ‘‘ਬੁੱਢੇ ਆਦਮੀ, ਮੈਨੂੰ ਲੈ ਕੇ ਨਾ ਜਾਹ। ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇਹ। ਮੈਂ ਤੇਰੇ ਲਈ ਲਾਭਕਾਰੀ ਹੋਵਾਂਗੀ। ਜੋ ਤੂੰ ਕਹੇਂਗਾ, ਮੈਂ ਓਹੀ ਕਰਾਂਗੀ।” ਬੁੱਢਾ ਆਦਮੀ ਸੋਚਣ ਲੱਗ ਪਿਆ ਅਤੇ ਫਿਰ ਬੋਲਿਆ, ‘‘ਮੈਂ ਤੈਥੋਂ ਕੁਝ ਨ੍ਹੀਂ ਲੈਣਾ। ਜਾਹ, ਜਾ ਕੇ ਸਮੁੰਦਰ ਵਿੱਚ ਤੈਰ।”
ਉਸ ਨੇ ਸੁਨਹਿਰੀ ਮੱਛੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਘਰ ਆ ਗਿਆ। ਬੁੱਢੀ ਨੇ ਉਸ ਨੂੰ ਪੁੱਛਿਆ ਕਿ ਕੀ ਲਿਆਇਆ ਹੈਂ। ਉਸ ਨੇ ਕਿਹਾ, ‘‘ਕੁਝ ਵੀ ਨ੍ਹੀਂ। ਇੱਕ ਸੁਨਹਿਰੀ ਮੱਛੀ ਜਾਲ ਵਿੱਚ ਫਸੀ ਸੀ। ਉਹ ਮੈਂ ਵਾਪਸ ਸਮੁੰਦਰ ਵਿੱਚ ਸੁੱਟ ਦਿੱਤੀ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਜਾਣ ਦੇਹ। ਤੂੰ ਜੋ ਆਖੇਂਗਾ, ਮੈਂ ਓਹੀ ਕਰਾਂਗੀ। ਮੈਨੂੰ ਉਸ ’ਤੇ ਤਰਸ ਆ ਗਿਆ ਤੇ ਮੈਂ ਉਸ ਤੋਂ ਕੁਝ ਨਾ ਮੰਗਿਆ ਤੇ ਉਸ ਨੂੰ ਛੱਡ ਦਿੱਤਾ।” ਇਹ ਸੁਣ ਕੇ ਬੁੱਢੀ ਉੱਚੀ ਉੱਚੀ ਬੋਲਣ ਲੱਗੀ, ‘‘ਕਿੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਆਪਣੀ ਕਿਸਮਤ ਬਦਲਣ ਦਾ। ਤੈਨੂੰ ਭੋਰਾ ਅਕਲ ਨ੍ਹੀਂ… ਤੂੰ ਇਹ ਮੌਕਾ ਵੀ ਹੱਥੋਂ ਖੁੰਝਾ ਦਿੱਤਾ।”
ਬੁੱਢੀ ਔਰਤ ਰਾਤ ਤਕ ਬੁੱਢੇ ਆਦਮੀ ਨੂੰ ਬੁਰਾ ਭਲਾ ਕਹਿੰਦੀ ਰਹੀ। ‘‘ਉਸ ਤੋਂ ਹੋਰ ਕੁਝ ਨ੍ਹੀਂ ਮੰਗਣਾ ਸੀ ਤਾਂ ਰੋਟੀ ਈ ਮੰਗ ਲੈਂਦਾ। ਆਪਣੇ ਕੋਲ ਖਾਣ ਨੂੰ ਸੁੱਕੀ ਰੋਟੀ ਦਾ ਟੁੱਕ ਵੀ ਨ੍ਹੀਂ।” ਨਿਰਾਸ਼ ਹੋ ਕੇ ਬੁੱਢਾ ਆਦਮੀ ਸੁਨਹਿਰੀ ਮੱਛੀ ਤੋਂ ਰੋਟੀ ਮੰਗਣ ਚਲਾ ਗਿਆ। ਉਸ ਨੇ ਸਮੁੰਦਰ ਕੰਢੇ ਪਹੁੰਚ ਕੇ ਸੁਨਹਿਰੀ ਮੱਛੀ ਨੂੰ ਆਵਾਜ਼ ਲਾਈ ਤਾਂ ਮੱਛੀ ਤੈਰਦੀ ਹੋਈ ਕੰਢੇ ’ਤੇ ਆ ਗਈ। ਉਸ ਨੇ ਬੁੱਢੇ ਆਦਮੀ ਨੂੰ ਪੁੱਛਿਆ ਕਿ ਦੱਸ, ਤੈਨੂੰ ਕੀ ਚਾਹੀਦੈ? ਬੁੱਢਾ ਆਦਮੀ ਕਹਿਣ ਲੱਗਿਆ,‘‘ਮੇਰੀ ਘਰਵਾਲੀ ਮੇਰੇ ਨਾਲ ਗੁੱਸੇ ਆ ਤੇ ਉਸ ਨੇ ਮੈਨੂੰ ਰੋਟੀ ਲੈਣ ਲਈ ਭੇਜਿਆ ਹੈ।” ਮੱਛੀ ਬੋਲੀ, ‘‘ਤੂੰ ਆਰਾਮ ਨਾਲ ਘਰ ਜਾਹ, ਤੈਨੂੰ ਰੱਜਵੀਂ ਰੋਟੀ ਮਿਲੇਗੀ।”
ਬੁੱਢੇ ਆਦਮੀ ਨੇ ਘਰ ਪਹੁੰਚ ਕੇ ਘਰਵਾਲੀ ਨੂੰ ਪੁੱਛਿਆ ਕਿ ਰੋਟੀ ਮਿਲ ਗਈ ਹੈ ਤਾਂ ਉਹ ਬੋਲੀ, ‘‘ ਰੋਟੀ ਤਾਂ ਰੱਜਵੀਂ ਮਿਲ ਗਈ ਪਰ ਮੇਰਾ ਕੱਪੜੇ ਧੋਣ ਵਾਲਾ ਟੱਬ ਚੋਣ ਲੱਗ ਪਿਾ ਹੈ। ਹੁਣ ਇਸ ਵਿੱਚ ਕੱਪੜੇ ਨ੍ਹੀਂ ਧੋ ਹੁੰਦੇ। ਤੂੰ ਸੁਨਹਿਰੀ ਮੱਛੀ ਕੋਲ ਜਾਹ ਤੇ ਨਵਾਂ ਟੱਬ ਮੰਗ।” ਬੁੱਢਾ ਆਦਮੀ ਵਾਪਸ ਸਮੁੰਦਰ ’ਤੇ ਗਿਆ ਅਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੈਨੂੰ ਮੇਰੀ ਘਰਵਾਲੀ ਨੇ ਭੇਜਿਆ ਹੈ। ਉਸ ਨੂੰ ਨਵਾਂ ਟੱਬ ਚਾਹੀਦਾ ਹੈ।” ਮੱਛੀ ਨੇ ਕਿਹਾ, ‘‘ਤੂੰ ਘਰ ਜਾਹ, ਟੱਬ ਤੈਨੂੰ ਮਿਲ ਜਾਵੇਗਾ।”
ਬੁੱਢਾ ਆਦਮੀ ਘਰ ਨੂੰ ਮੁੜ ਗਿਆ। ਹਾਲੇ ਉਹ ਘਰ ਦੀ ਦਹਿਲੀਜ਼ ਹੀ ਟੱਪਿਆ ਸੀ ਕਿ ਬੁੱਢੀ ਨੇ ਉਸ ਨੂੰ ਫਿਰ ਉਕਸਾਇਆ ਕਿ ਸੁਨਹਿਰੀ ਮੱਛੀ ਕੋਲ ਫਿਰ ਜਾਹ ਤੇ ਉਸ ਨੂੰ ਆਪਣੇ ਲਈ ਨਵਾਂ ਘਰ ਬਣਾਉਣ ਲਈ ਆਖ। ਆਪਾਂ ਇਸ ਝੌਂਪੜੀ ਵਿੱਚ ਹੋਰ ਨ੍ਹੀਂ ਰਹਿ ਸਕਦੇ। ਇਹ ਡਿਗੂੰ-ਡਿਗੂੰ ਕਰਦੀ ਹੈ। ਬੁੱਢੇ ਆਦਮੀ ਨੇ ਸਮੁੰਦਰ ਕੰਢੇ ਜਾ ਕੇ ਫਿਰ ਮੱਛੀ ਨੂੰ ਆਵਾਜ਼ ਮਾਰੀ। ਮੱਛੀ ਤੈਰਦੀ ਹੋਈ ਆ ਗਈ ਤੇ ਬੁੱਢੇ ਆਦਮੀ ਵੱਲ ਦੇਖਦੀ ਬੋਲੀ, ‘‘ਦੱਸ, ਭਲੇ ਪੁਰਸ਼ ਤੈਨੂੰ ਕੀ ਚਾਹੀਦੈ?” ਬੁੱਢੇ ਆਦਮੀ ਨੇ ਕਿਹਾ,‘‘ਮੇਰੀ ਘਰਵਾਲੀ ਹੁਣ ਪੁਰਾਣੀ ਝੌਂਪੜੀ ਵਿੱਚ ਨ੍ਹੀਂ ਰਹਿਣਾ ਚਾਹੁੰਦੀ ਕਿਉਂਕਿ ਇਹ ਡਿਗੂੰ-ਡਿਗੂੰ ਕਰਦੀ ਐ। ਉਸ ਨੂੰ ਨਵਾਂ ਘਰ ਚਾਹੀਦੈ।” ਇਹ ਸੁਣ ਕੇ ਮੱਛੀ ਬੋਲੀ,‘‘ਖ਼ੁਸ਼ ਹੋ ਤੇ ਘਰ ਵਾਪਸ ਜਾਹ। ਸਭ ਹੋ ਜਾਵੇਗਾ।”
ਬੁੱਢੇ ਆਦਮੀ ਨੇ ਵਾਪਸ ਆ ਕੇ ਦੇਖਿਆ ਤਾਂ ਝੌਂਪੜੀ ਦੀ ਥਾਂ ਬਿਲਕੁਲ ਨਵਾਂ ਬੈਲੂਤ ਦੀ ਲੱਕੜ ਦਾ ਘਰ ਸੀ ਜਿਸ ਦੀ ਛੱਤ ਦੇ ਵਾਧਰੇ ’ਤੇ ਨਕਾਸ਼ੀ ਕੀਤੀ ਹੋਈ ਸੀ। ਬੁੱਢੇ ਆਦਮੀ ਨੂੰ ਦੇਖਣ ਸਾਰ ਬੁੱਢੀ ਚੀਕਣ ਲੱਗੀ, ‘‘ਮੂਰਖਾ, ਤੈਨੂੰ ਤਾਂ ਕਿਸਮਤ ਤੋਂ ਲਾਹਾ ਲੈਣਾ ਵੀ ਨ੍ਹੀਂ ਆਉਂਦਾ। ਤੂੰ ਘਰ ਮੰਗ ਲਿਆ ਤੇ ਸਮਝਦੈਂ ਕਿ ਇਹੀ ਸਭ ਕੁਝ ਹੈ। ਮੱਛੀ ਕੋਲ ਵਾਪਸ ਜਾਹ ਤੇ ਉਸ ਨੂੰ ਕਹਿ ਕਿ ਮੈਂ ਹੁਣ ਮਛੇਰੇ ਦੀ ਪਤਨੀ ਨ੍ਹੀਂ ਰਹਿਣਾ ਚਾਹੁੰਦੀ। ਮੈਂ ਸ਼ਿਸ਼ਟ ਔਰਤ ਬਣਨਾ ਚਾਹੁੰਦੀ ਹਾਂ ਤਾਂ ਜੋ ਲੋਕ ਮੇਰੀ ਹਰ ਗੱਲ ਮੰਨਣ ਤੇ ਮੈਨੂੰ ਮਿਲਣ ਵੇਲੇ ਝੁਕਣ।” ਬੁੱਢਾ ਵਾਪਸ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਸਾਰੀ ਗੱਲ ਦੱਸ ਦਿੱਤੀ। ਮੱਛੀ ਨੇ ਫਿਰ ਉਸ ਨੂੰ ਖ਼ੁਸ਼ੀ ਖ਼ੁਸ਼ੀ ਘਰ ਜਾਣ ਲਈ ਕਿਹਾ।
ਬੁੱਢਾ ਆਦਮੀ ਘਰ ਪਹੁੰਚਿਆ ਤਾਂ ਉਸ ਦੇ ਘਰ ਦੀ ਥਾਂ ਪੱਥਰ ਦਾ ਵੱਡਾ ਘਰ ਦੇਖ ਕੇ ਹੈਰਾਨ ਰਹਿ ਗਿਆ। ਉਸ ਦੇ ਘਰ ਦੇ ਵਿਹੜੇ ਵਿੱਚ ਨੌਕਰ ਭੱਜੇ ਫਿਰਦੇ ਸਨ। ਰਸੋਈਏ ਰਸੋਈ ਵਿੱਚ ਖਾਣਾ ਬਣਾ ਰਹੇ ਸਨ ਅਤੇ ਬੁੱਢੀ ਔਰਤ ਜ਼ਰੀਦਾਰ ਪੋਸ਼ਾਕ ਪਹਿਨੀ ਉੱਚੀ ਕੁਰਸੀ ’ਤੇ ਬੈਠੀ ਹੁਕਮ ਚਲਾ ਰਹੀ ਸੀ। ਬੁੱਢੇ ਆਦਮੀ ਨੇ ਉਸ ਨੂੰ ਬੁਲਾਇਆ ਤਾਂ ਉਹ ਚੀਕੀ, ‘‘ਕਿੰਨਾ ਗੁਸਤਾਖ਼ ਐਂ! ਮੈਨੂੰ ਆਪਣੀ ਪਤਨੀ ਵਜੋਂ ਸੰਬੋਧਨ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ?” ਸ਼ਿਸ਼ਟ ਔਰਤ ਬਣੀ ਬੁੱਢੀ ਔਰਤ ਨੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਇਸ ਮੂਰਖ ਬੁੱਢੇ ਨੂੰ ਤਬੇਲੇ ਵਿੱਚ ਲਿਜਾ ਕੇ ਚਾਲੀ ਕੋੜੇ ਮਾਰੋ। ਨੌਕਰ ਦੌੜਦੇ ਹੋਏ ਆਏ ਅਤੇ ਬੁੱਢੇ ਨੂੰ ਧੌਣ ਤੋਂ ਫੜ੍ਹ ਕੇ ਧੂੰਹਦੇ ਹੋਏ ਤਬੇਲੇ ਵਿੱਚ ਲੈ ਗਏ। ਉੱਥੇ ਉਸ ਦੀ ਐਨੀ ਮਾਰ-ਕੁਟਾਈ ਹੋਈ ਕਿ ਉਸ ਤੋਂ ਖੜ੍ਹ ਵੀ ਨਹੀਂ ਸੀ ਹੁੰਦਾ। ਫਿਰ ਬੁੱਢੀ ਨੇ ਉਸ ਨੂੰ ਪਸ਼ੂਆਂ ਦੇ ਵਾੜੇ ਦੀ ਸਫ਼ਾਈ ਦਾ ਕੰਮ ਸੰਭਾਲ ਦਿੱਤਾ। ਉਹ ਸਾਰਾ ਦਿਨ ਉੱਥੇ ਸਫ਼ਾਈ ਕਰਦਾ ਰਹਿੰਦਾ ਅਤੇ ਜੇ ਕਿਤੇ ਭੋਰਾ ਮਿੱਟੀ ਰਹਿ ਜਾਂਦੀ ਤਾਂ ਤਬੇਲੇ ਵਿੱਚ ਲਿਜਾ ਕੇ ਉਸ ਦੀ ਮਾਰ-ਕੁਟਾਈ ਹੁੰਦੀ। ‘‘ਕਿੱਡੀ ਡੈਣ ਆ? ਮੈਂ ਇਸ ਦੀ ਕਿਸਮਤ ਪਲਟ ਦਿੱਤੀ ਤੇ ਇਹ ਮੈਨੂੰ ਆਪਣਾ ਪਤੀ ਮੰਨਣ ਤੋਂ ਵੀ ਇਨਕਾਰੀ ਐ।” ਬੁੱਢਾ ਆਦਮੀ ਸੋਚਦਾ।
ਸਮਾਂ ਬੀਤਣ ’ਤੇ ਬੁੱਢੀ ਸ਼ਿਸ਼ਟ ਔਰਤ ਦੇ ਰੁਤਬੇ ਤੋਂ ਵੀ ਅੱਕ ਗਈ। ਉਸ ਨੇ ਬੁੱਢੇ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸੁਨਹਿਰੀ ਮੱਛੀ ਕੋਲ ਜਾਹ ਤੇ ਉਸ ਨੂੰ ਆਖ ਕਿ ਹੁਣ ਮੈਂ ਮਹਾਰਾਣੀ ਬਣਨਾ ਚਾਹੁੰਦੀ ਹਾਂ। ਬੁੱਢਾ ਆਦਮੀ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੇਰੀ ਘਰਵਾਲੀ ਬੁੱਢੀ ਹੁਣ ਸ਼ਿਸ਼ਟ ਔਰਤ ਬਣ ਕੇ ਨਹੀਂ ਰਹਿਣਾ ਚਾਹੁੰਦੀ। ਉਹ ਮਹਾਰਾਣੀ ਬਣਨਾ ਚਾਹੁੰਦੀ ਐ। ਮੱਛੀ ਨੇ ਫਿਰ ਉਸ ਨੂੰ ਖ਼ੁਸ਼ੀ ਖ਼ੁਸ਼ੀ ਘਰ ਜਾਣ ਲਈ ਕਿਹਾ।
ਬੁੱਢਾ ਆਦਮੀ ਵਾਪਸ ਘਰ ਆਇਆ ਤਾਂ ਪਹਿਲੇ ਘਰ ਦੀ ਥਾਂ ਸੋਨੇ ਦੀ ਛੱਤ ਵਾਲਾ ਵੱਡਾ ਮਹਿਲ ਸੀ। ਬੰਦੂਕਾਂ ਵਾਲੇ ਪਹਿਰੇਦਾਰ ਮਹਿਲ ਦੇ ਬੂਹੇ ’ਤੇ ਖੜ੍ਹੇ ਸਨ। ਮਹਿਲ ਦੇ ਪਿਛਲੇ ਪਾਸੇ ਸ਼ਾਨਦਾਰ ਬਾਗ਼ ਸੀ। ਸਾਹਮਣੇ ਵੱਡੇ ਮੈਦਾਨ ਵਿੱਚ ਫ਼ੌਜ ਪਰੇਡ ਕਰ ਰਹੀ ਸੀ। ਮਹਾਰਾਣੀ ਬਣੀ ਬੁੱਢੀ ਆਪਣੇ ਜਰਨੈਲਾਂ ਤੇ ਗਵਰਨਰਾਂ ਨਾਲ ਬਾਲਕੋਨੀ ’ਤੇ ਆਈ ਅਤੇ ਫ਼ੌਜ ਦਾ ਨਿਰੀਖਣ ਕਰਨ ਤੇ ਸਲਾਮੀ ਲੈਣ ਲੱਗੀ। ਢੋਲ ਵੱਜਣ ਲੱਗੇ, ਸੰਗੀਤ ਗੂੰਜਣ ਲੱਗਿਆ ਅਤੇ ਫ਼ੌਜੀਆਂ ਨੇ ਉੱਚੀ ਆਵਾਜ਼ ਵਿੱਚ ‘ਵਾਹ-ਵਾਹ’ ਆਖਿਆ।
ਹੋਰ ਸਮਾਂ ਬੀਤਣ ’ਤੇ ਬੁੱਢੀ ਮਹਾਰਾਣੀ ਬਣ ਕੇ ਵੀ ਅੱਕ ਗਈ। ਉਸ ਨੇ ਬੁੱਢੇ ਆਦਮੀ ਨੂੰ ਲੱਭਣ ਦਾ ਹੁਕਮ ਦਿੱਤਾ। ਬੜੀ ਮੁਸ਼ਕਿਲ ਨਾਲ ਬੁੱਢੇ ਆਦਮੀ ਨੂੰ ਪਸ਼ੂਆਂ ਦੇ ਵਾੜੇ ਵਿੱਚੋਂ ਲੱਭ ਕੇ ਮਹਾਰਾਣੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਹਾਰਾਣੀ ਬਣੀ ਬੁੱਢੀ ਨੇ ਬੁੱਢੇ ਆਦਮੀ ਨੂੰ ਆਖਿਆ ਕਿ ਸੁਨਹਿਰੀ ਮੱਛੀ ਨੂੰ ਜਾ ਕੇ ਆਖ ਕਿ ਮੈਂ ਹੁਣ ਮਹਾਰਾਣੀ ਬਣ ਕੇ ਨ੍ਹੀਂ ਰਹਿਣਾ ਚਾਹੁੰਦੀ। ਮੈਂ ਸਮੁੰਦਰਾਂ ਦੀ ਮਾਲਕਣ ਬਣਨਾ ਚਾਹੁੰਦੀ ਹਾਂ ਤਾਂ ਜੋ ਸਮੁੰਦਰਾਂ ਦੇ ਸਾਰੇ ਜੀਵ ਸਮੇਤ ਸਾਰੀਆਂ ਮੱਛੀਆਂ ਮੇਰਾ ਹੁਕਮ ਮੰਨਣ। ਬੁੱਢੇ ਆਦਮੀ ਨੇ ਬੁੱਢੀ ਦੀ ਇਸ ਮੰਗ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਤੇ ਕਹਿਣ ਲੱਗੀ ਕਿ ਜੇ ਉਹ ਨਾ ਗਿਆ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਬੁੱਢਾ ਆਦਮੀ ਅਣਮੰਨੇ ਮਨ ਨਾਲ ਸਮੁੰਦਰ ਕੰਢੇ ਗਿਆ ਅਤੇ ਮੱਛੀ ਨੂੰ ਆਵਾਜ਼ ਮਾਰੀ ਪਰ ਇਸ ਵਾਰ ਸੁਨਹਿਰੀ ਮੱਛੀ ਨਾ ਆਈ। ਬੁੱਢੇ ਆਦਮੀ ਨੇ ਫਿਰ ਆਵਾਜ਼ ਮਾਰੀ ਪਰ ਫਿਰ ਵੀ ਮੱਛੀ ਨਾ ਆਈ। ਜਦੋਂ ਉਸ ਨੇ ਤੀਜੀ ਵਾਰ ਆਵਾਜ਼ ਮਾਰੀ ਤਾਂ ਅਚਾਨਕ ਸਮੰਦਰ ਵਿੱਚੋਂ ਪਾਣੀ ਉਬਲਣ ਜਿਹੀ ਆਵਾਜ਼ ਆਈ। ਪਹਿਲਾਂ ਜਿਹੜੇ ਪਾਣੀ ਸਾਫ਼ ਤੇ ਨੀਲੇ ਸਨ, ਉਹ ਹੁਣ ਕਾਲੇ ਹੋ ਗਏ ਸਨ। ਮੱਛੀ ਕੰਢੇ ’ਤੇ ਆ ਕੇ ਪੁੱਛਣ ਲੱਗੀ, ‘‘ਹੁਣ ਤੈਨੂੰ ਕੀ ਚਾਹੀਦੈ, ਬੁੱਢੇ ਆਦਮੀ?” ‘‘ਬੁੱਢੀ ਤਾਂ ਪੂਰੀ ਤਰ੍ਹਾਂ ਪਾਗਲ ਹੋ ਗਈ ਐ। ਉਹ ਹੁਣ ਮਹਾਰਾਣੀ ਬਣ ਕੇ ਵੀ ਖ਼ੁਸ਼ ਨ੍ਹੀਂ। ਉਹ ਸਾਰੇ ਸਮੁੰਦਰਾਂ ਦੀ ਮਾਲਕਣ ਬਣ ਕੇ ਪਾਣੀਆਂ ਸਮੇਤ ਸਾਰੇ ਸਮੁੰਦਰੀ ਜੀਵਾਂ ’ਤੇ ਆਪਣਾ ਹੁਕਮ ਚਲਾਉਣਾ ਚਾਹੁੰਦੀ ਹੈ।” ਸੁਨਹਿਰੀ ਮੱਛੀ ਨੇ ਬੁੱਢੇ ਆਦਮੀ ਨੂੰ ਕੁਝ ਨਾ ਕਿਹਾ ਤੇ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਲੋਪ ਹੋ ਗਈ।
ਬੁੱਢਾ ਆਦਮੀ ਵਾਪਸ ਘਰ ਵੱਲ ਨੂੰ ਮੁੜ ਪਿਆ। ਜਦੋਂ ਉਹ ਮਹਿਲ ਵੱਲ ਰਸਤੇ ਨੂੰ ਮੁੜਿਆ ਤਾਂ ਉਸ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਾ ਆਇਆ। ਮਹਿਲ ਦੀ ਥਾਂ ’ਤੇ ਹੁਣ ਪਹਿਲਾਂ ਵਾਂਗ ਹੀ ਡਿੱਗੀ-ਢੱਠੀ ਝੌਂਪੜੀ ਸੀ ਤੇ ਝੌਂਪੜੀ ਵਿੱਚ ਬੁੱਢੀ ਫਟੇ ਪੁਰਾਣੇ ਕੱਪੜੇ ਪਾਈ ਬੈਠੀ ਸੀ। ਹੁਣ ਉਹ ਪਹਿਲਾਂ ਵਾਂਗ ਹੀ ਰਹਿਣ ਲੱਗੇ। ਬੁੱਢਾ ਆਦਮੀ ਫਿਰ ਮੱਛੀਆਂ ਫੜਨ ਜਾਣ ਲੱਗ ਪਿਆ ਪਰ ਹੁਣ ਕਦੇ ਵੀ ਸੁਨਹਿਰੀ ਮੱਛੀ ਉਸ ਦੇ ਜਾਲ ਵਿੱਚ ਨਾ ਆਈ।
Comment here