ਸਿਆਸਤਖਬਰਾਂਚਲੰਤ ਮਾਮਲੇ

‘ਸੁਤੰਤਰਤਾ ਸੈਨਾਨੀਆਂ’ ਦੇ ਪਰਿਵਾਰ ਤੋਂ ਸੁਣੋ ਦੇਸ਼ ਭਗਤੀ ਦੇ ਜਜ਼ਬੇ ਬਾਰੇ

ਨਵੀਂ ਦਿੱਲੀ-15 ਅਗਸਤ ਦੇ ਦਿਹਾੜੇ ਨੂੰ ਹਰ ਸਾਲ ਅਜ਼ਾਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਇਸ ਦਿਨ ਨੂੰ ਜੋ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਹਾਂ। ਉਸ ਪਿੱਛੇ ਹਜ਼ਾਰਾਂ ਅਜਿਹੇ ਲੋਕਾਂ ਦੀ ਕੁਰਬਾਨੀ ਹੈ, ਜਿਨ੍ਹਾਂ ਕਰਕੇ ਅੱਜ ਅਸੀਂ ਅਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ, ਜਿਨ੍ਹਾਂ ਲੋਕਾਂ ਨੇ ਜਾਂ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀ ਕੁਰਬਾਨੀ ਅਤੇ ਤਸੀਹੇ ਝਲਕ ਸਾਡੇ ਲਈ ਇਹ ਦਿਨ ਲਿਆਂਦਾ। ਉਨ੍ਹਾਂ ਨੂੰ ਅਸੀਂ ਇਸ ਦਿਨ ਜ਼ਰੂਰ ਯਾਦ ਕਰਦੇ ਹਾਂ। ਅਜਿਹੇ ਹੀ ਇੱਕ ਅਜ਼ਾਦੀ ਦੇ ਹੀਰੋ ਨੇ ਜਲੰਧਰ ਦੇ ਰਹਿਣ ਵਾਲੇ ਦੇਵ ਵ੍ਰਤ ਸ਼ਰਮਾ, ਜੋ ਕਿ ਦੇਸ਼ ਦੀ ਅਜ਼ਾਦੀ ਵੇਲ੍ਹੇ ਕਰੀਬ ਵੀਹ ਸਾਲ ਸੀ, ਪਰ ਇਸ ਉਮਰ ਵਿੱਚ ਹੀ ਉਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਤਸੀਹੇ ਝੱਲੇ ਜਿਸ ਦੇ ਨਿਸ਼ਾਨ ਅੱਜ ਵੀ ਉਨ੍ਹਾਂ ਦੀ ਪਿੱਠ ਉੱਤੇ ਮੌਜੂਦ ਹਨ।
ਦੇਵ ਵ੍ਰਤ ਦੀ ਉਮਰ ਭਾਵੇਂ 95 ਸਾਲ ਹੋ ਚੁੱਕੀ ਹੈ, ਪਰ ਉਸ ਵੇਲ੍ਹੇ ਦਾ ਹਰ ਮੰਜਰ ਅੱਜ ਵੀ ਅੱਖਾਂ ਸਾਹਮਣੇ ਸਾਫ ਹੈ। ਈਟੀਵੀ ਭਾਰਤ ਦੀ ਟੀਮ ਨਾਲ ਖਾਸ ਗੱਲਬਾਤ ਕਰਦੇ ਹੋਏ ਦੇਵ ਵ੍ਰਤ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਬੰਗਾ ਇਲਾਕੇ ਦੇ ਪਿੰਡ ਖੁਣਖੁਨਾ ਵਿਖੇ 1928 ਨੂੰ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਵੀ ਉੱਥੋਂ ਹੀ ਹਾਸਿਲ ਕੀਤੀ। ਕਰੀਬ 14 ਸਾਲ ਦੀ ਉਮਰ ਵਿੱਚ ਅਜ਼ਾਦੀ ਲਈ ਵਰਤੀ ਜਾਣ ਵਾਲੀ ਸੱਮਗਰੀ ਸਮੇਤ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਖੂਬ ਤਸੀਹੇ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਡਿਤ ਮੂਲ ਰਾਜ ਸ਼ਰਮਾ ਉਸ ਵੇਲ੍ਹੇ ਇੱਕ ਉਘੇ ਆਜ਼ਾਦੀ ਘੁਲਾਟੇ ਵਜੋਂ ਜਾਣੇ ਜਾਂਦੇ ਸੀ, ਜਿਨ੍ਹਾਂ ਨੇ ਅਜ਼ਾਦੀ ਦੀ ਲੜਾਈ ਵਿੱਚ 8 ਸਾਲ ਜੇਲ੍ਹ ਕੱਟੀ।
ਉਨ੍ਹਾਂ ਦੇ ਪਿਤਾ ਵੱਲੋਂ ਉਸ ਵੇਲ੍ਹੇ ਜੇਲ ਵਿੱਚ ਹੀ ਲੀਰਾਂ ਇੱਕਠੀਆਂ ਕਰ ਤਿਰੰਗਾ ਝੰਡਾ ਜੇਲ੍ਹ ਵਿੱਚ ਫਹਿਰਾਇਆ ਸੀ। ਉਨ੍ਹਾਂ ਦੇ ਉਸ ਵੇਲ੍ਹੇ ਦੇ ਦੋਸਤ ਬਾਬਾ ਲਾਭ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਦੱਸਦੇ ਹਨ ਕਿ ਜਲੰਧਰ ਦਾ ਰੈਂਕ ਬਾਜ਼ਾਰ ਇਲਾਕਾ ਮੁਸਲਿਮ ਇਲਾਕਾ ਅਤੇ ਵੰਡ ਦੌਰਾਨ ਇੱਥੇ ਬਹੁਤ ਦੰਗੇ ਹੋਏ ਸੀ, ਜੋ ਅੱਜ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਹੈ।
ਦੇਵ ਵ੍ਰਤ ਸ਼ਰਮਾ ਦੇ ਮੁਤਾਬਕ ਜਿੰਨ੍ਹਾਂ ਲੋਕਾਂ ਨੇ ਉਸ ਵੇਲ੍ਹੇ ਦੇਸ਼ ਦੀ ਅਜ਼ਾਦੀ ਲਈ ਲੜਾਈਆਂ ਲੜੀਆਂ, ਅੱਜ ਉਹ ਨਿਰਾਸ਼ ਹਨ, ਕਿਉਂਕਿ ਅੱਜ ਦੇ ਲੋਕ ਸਿਰਫ਼ ਆਪਣੇ ਬਾਰੇ ਸੋਚਦੇ ਹਨ। ਦੇਵ ਵ੍ਰਤ ਸ਼ਰਮਾ ਕਹਿੰਦੇ ਹਨ ਕਿ ਅੱਜ ਵੱਖ ਵੱਖ ਪਾਰਟੀਆਂ ਦੇ ਨੇਤਾ ਦੇਸ਼ ਵਾਰੇ ਘੱਟ ਤੇ ਆਪਣੇ ਬਾਰੇ ਜ਼ਿਆਦਾ ਸੋਚਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੀ ਸਿਰਫ਼ ਸਾਲ ਵਿੱਚ ਦੋ ਦਿਨ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਮੁਤਾਬਕ ਅੱਜ ਅਜ਼ਾਦੀ ਦੇ ਇਨ੍ਹਾਂ ਸਿਤਾਰਿਆਂ ਨੂੰ ਸਿਰਫ 26 ਜਨਵਰੀ ਤੇ 15 ਅਗਸਤ ਨੂੰ ਹੀ ਯਾਦ ਕੀਤਾ ਜਾਂਦਾ ਹੈ, ਜਦਕਿ ਬਾਕੀ ਸਾਰਾ ਸਾਲ ਕੋਈ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਕੁੱਝ ਵੀ ਹੁੰਦਾ ਰਹੇ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਦੇਵ ਵ੍ਰਤ ਸ਼ਰਮਾ ਨੇ ਮਣੀਪੁਰ ਹਿੰਸਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮਣੀਪੁਰ ਵਿਚ ਇੰਨਾ ਕੁੱਝ ਹੋ ਗਿਆ, ਪਰ ਪ੍ਰਧਾਨ ਮੰਤਰੀ ਇਸ ਬਾਰੇ ਸਿਰਫ ਦੋ ਮਿੰਟ ਬੋਲੇ।
ਦੂਜੇ ਪਾਸੇ, ਦੇਵ ਵ੍ਰਤ ਸ਼ਰਮਾ ਦੇ ਬੇਟੇ ਰਜਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਭਗਤ ਸਿੰਘ ਦੇ ਪਿੰਡ ਦੇ ਲਾਗੇ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਗਤ ਸਿੰਘ ਦੇ ਪਰਿਵਾਰ ਨਾਲ ਕਾਫੀ ਨੇੜਤਾ ਹੈ। ਰਜਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇੱਕ ਅਜਿਹੇ ਪਰਿਵਾਰ ਦੇ ਬੇਟੇ ਨੇ ਜਿਸ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ। ਅੱਜ ਉਨ੍ਹਾਂ ਦੇ ਬੱਚੇ ਵੀ ਆਪਣੇ ਦਾਦਾ ਜੀ ਕੋਲੋਂ ਉਨ੍ਹਾਂ ਦੀਆਂ ਅਜ਼ਾਦੀ ਦੀ ਲੜਾਈ ਦੀਆਂ ਕਹਾਣੀਆਂ ਸੁਣ ਆਪਣੇ ਦੋਸਤਾਂ ਨੂੰ ਸੁਣਾਉਂਦੇ ਹਨ।

Comment here