ਅਕਾਲੀ ਦਲ ਚ ਭਾਰੀ ਫੁਟ ਪੈਣ ਦੀ ਸੰਭਾਵਨਾ
ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸੁਖਬੀਰ
ਅੰਮਿ੍ਤਸਰ-ਸੁਖਬੀਰ ਦੀ ਕਾਰਗੁਜ਼ਾਰੀ ਤੋਂ ਬਹੁਤ ਸਾਰੇ ਸੀਨੀਅਰ ਅਕਾਲੀ ਲੀਡਰ ਨਰਾਜ਼ ਹਨ।ਨਾਰਾਜ਼ ਸੀਨੀਅਰ ਅਕਾਲੀ ਲੀਡਰਾਂ ਦਾ ਵਿਚਾਰ ਹੈ ਕਿ ਜੇ ਸੁਖਬੀਰ ਬਾਦਲ ਕੋਲ ਅਕਾਲੀ ਦਲ ਦੀ ਪ੍ਰਧਾਨਗੀ ਰਹੀ ਤੇ ਅਕਾਲੀ ਦਲ ਨੂੰ ਪੰਜਾਬ ਤੇ ਪੰਥਕ ਪਖੀ ਨਾ ਬਣਾਇਆ ਤਾਂ ਅਕਾਲੀ ਦਲ ਖਤਮ ਹੋ ਜਾਵੇਗਾ। ਬੀਤੇ ਦਿਨੀਂ ਸ਼ੋ੍ਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਵਲੋਂ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਿਚ ਗੁਰੂ ਨਗਰੀ ਵਿਖੇ ਇਕੱਤਰਤਾ ਕਰਕੇ ਪਾਰਟੀ ਦੇ ਮੌਜੂਦਾ ਹਾਲਾਤ ਸੰਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਣੂੰ ਕਰਵਾਉਣ ਅਤੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਸੀ। ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਹੋਈ ਇਸ ਇਕੱਤਰਤਾ ਵਿਚ ਇਆਲੀ ਤੋਂ ਇਲਾਵਾ ਸੀਨੀਅਰ ਆਗੂ ਪ੍ਰੇਮ ਸਿੰੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ, ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਅਟਵਾਲ, ਗੁਰਪ੍ਰਤਾਪ ਸਿੰਘ ਵਡਾਲਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਸੰਤਾ ਸਿੰਘ ਉਮੈਦਪੁਰੀ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਇੰਦਰ ਇਕਬਾਲ ਸਿੰਘ ਅਟਵਾਲ ਤੇ ਜਗਜੀਤ ਸਿੰਘ ਕੋਹਲੀ ਸਮੇਤ ਹੋਰ ਆਗੂ ਸ਼ਾਮਿਲ ਸਨ । ਕਰੀਬ ਇਕ ਘੰਟਾ ਚੱਲੀ ਇਸ ਇਕੱਤਰਤਾ ਵਿਚ ਪਾਰਟੀ ਦੇ ਮੌਜੂਦਾ ਸੰਕਟ ਤੇ ਹਾਲਾਤਾਂ ‘ਤੇ ਹਾਜ਼ਰ ਕੁੱਝ ਆਗੂਆਂ ਨੇ ਵਿਚਾਰ ਕਰਦਿਆਂ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕਰਦਿਆਂ ਪਾਰਟੀ ਲੀਡਰਸ਼ਿਪ ਬਦਲੇ ਜਾਣ, ਖਾਸਕਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਹਿੱਤਾਂ ਲਈ ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ | ਇਸੇ ਦੌਰਾਨ ਸੰਪਰਕ ਕੀਤੇ ਜਾਣ ‘ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਸ ਵਿਸ਼ੇਸ਼ ਇਕੱਤਰਤਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸ਼ੋ੍ਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਾਰੀ ਆਦੇਸ਼ ਦੇ ਮੱਦੇਨਜ਼ਰ ਸੀਨੀਅਰ ਆਗੁੂਆਂ ਵਲੋਂ ਅੰਮਿ੍ਤਸਰ ਵਿਖੇ ਪਹਿਲੀ ਇਕੱਤਰਤਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਹਾਜ਼ਰ ਪਾਰਟੀ ਆਗੂਆਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਪੰਥ ਦੀ ਚੜ੍ਹਦੀ ਕਲਾ ਲਈ ਸਲਾਹ ਮਸ਼ਵਰਾ ਕਰਦਿਆਂ ਰਾਏ ਦਿੱਤੀ ਕਿ ਇਕੱਠੇ ਹੋ ਕੇ ਅਤੇ ਸਿੱਖ ਪੰਥ ਦੀਆਂ ਧਾਰਮਿਕ ਸ਼ਖ਼ਸੀਅਤਾਂ, ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥ ਦਰਦੀਆਂ ਨੂੰ ਨਾਲ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਜਾਵੇ ਅਤੇ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ‘ਤੇ ਗੰਭੀਰਤਾ ਦੇ ਨਾਲ ਗੱਲ ਕੀਤੀ ਜਾਵੇ । ਇਸੇ ਦੌਰਾਨ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਕੱਤਰਤਾ ਵਿਚ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਗਈਆਂ ਹਨ । ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਹ ਤਾਂ ਕਾਹਲੋਂ ਪਰਿਵਾਰ ਨੂੰ ਮਿਲਣ ਲਈ ਅਚਾਨਕ ਉਨ੍ਹਾਂ ਦੇ ਘਰ ਗਏ ਸਨ ਪਰ ਉਥੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਉਂਦੇ ਦਿਨਾਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ ਹੈ । ਰਵੀਕਰਨ ਸਿੰੰਘ ਕਾਹਲੋਂ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਉਨ੍ਹਾਂ ਦੇ ਪਿਤਾ ਨਿਰਮਲ ਸਿੰੰਘ ਕਾਹਲੋਂ, ਜੋ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਸੰਬੰਧੀ ਪਰਿਵਾਰ ਨਾਲ ਅਫਸੋਸ ਕਰਨ ਆਏ ਸਨ । ਪਰ ਉਨ੍ਹਾਂ ਮੰਨਿਆ ਕਿ ਇਸ ਮੌਕੇ ਆਗੁਆਂ ਵਲੋਂ ਪਾਰਟੀ ਦੇ ਮੌਜੂਦਾ ਹਾਲਾਤਾਂ ਸੰਬੰਧੀ ਵਿਚਾਰਾਂ ਵੀ ਕੀਤੀਆਂ ਗਈਆਂ । ਸੂਤਰਾਂ ਤੋਂ ਪਤਾ ਲਗਾ ਹੈ ਕਿ ਇਹ ਯੋਜਨਾਬਧ ਮੀਟਿੰਗ ਸੀ। ਆਉਣ ਵਾਲੇ ਸਮੇਂ ਦੌਰਾਨ ਸੁਖਬੀਰ ਬਾਦਲ ਵਿਰੁਧ ਵਡੀ ਬਗਾਵਤ ਹੋਣ ਦੀ ਸੰਭਾਵਨਾ ਹੈ ਤੇ ਅਕਾਲੀ ਦਲ ਦੋ ਧੜਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਪਾਸੇ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਵਿਚ ਹੋਈ ਨਮੋਸ਼ੀਜਨਕ ਹਾਰ ਦੀ ਸਮੀਖਿਆ ਕਰਨ ਲਈ ਸ. ਇਕਬਾਲ ਸਿੰਘ ਝੂੰਦਾਂ ਵਾਲੀ ਅਗਵਾਈ ਵਿਚ ਬਣਾਈ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਪਾਰਟੀ ਵਿਚੋਂ ਉਠ ਰਹੀ ਮੰਗ, ਜਿਸ ਵਿਚ ਪਾਰਟੀ ਪ੍ਰਧਾਨ ਤੋਂ ਵੀ ਅਸਤੀਫ਼ਾ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ, ਤੋਂ ਪ੍ਰੇਸ਼ਾਨ ਅਕਾਲੀ ਦਲ ਲੀਡਰਸ਼ਿਪ ਵਲੋਂ ਝੂੰਦਾਂ ਕਮੇਟੀ ਰਿਪੋਰਟ ਨੂੰ ਲਾਗੂ ਕਰਨ ਲਈ ਅੱਗੇ ਵਧਣ ਦੀ ਥਾਂ ਪਾਰਟੀ ਵਿਚ ਜ਼ਾਬਤਾ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਪਾਰਟੀ ਪਲੇਟਫਾਰਮ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਮਸਲਿਆਂ ਨਾਲ ਸੰਬੰਧਿਤ ਕੋਈ ਵਿਚਾਰ ਪ੍ਰਗਟ ਕਰਨ ਅਤੇ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੋਧਿਕ ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਦੀ ਪਕੜ ਅਕਾਲੀ ਦਲ ਉਪਰ ਬੁਰੀ ਤਰਾਂ ਕੰਮਜੋਰ ਹੋਈ ਹੈ।ਉਹ ਸਖਤੀ ਨਾਲ ਕੋਈ ਹੁਕਮ ਲਾਗੂ ਨਹੀਂ ਕਰ ਸਕਣਗੇ।ਜੇ ਕਰਨਗੇ ਪਾਰਟੀ ਦੋ ਫਾੜ ਹੋ ਸਕਦੀ ਹੈ।ਵਰਨਣਯੋਗ ਹੈ ਕਿ ਅੰਮ੍ਰਿਤਸਰ ਵਿਖੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵਲੋਂ ਇਕ ਮੀਟਿੰਗ ਕਰਕੇ ਝੂੰਦਾਂ ਕਮੇਟੀ ਦੀਆਂ ਭਾਵਨਾਵਾਂ ਅਨੁਸਾਰ ਏਜੰਡਾ ਲਾਗੂ ਕਰਵਾਉਣ ਦਾ ਜੋ ਅਹਿਦ ਲਿਆ ਗਿਆ, ਉਸ ਤੋਂ ਬਾਅਦ ਪਾਰਟੀ ਵਲੋਂ ਅਨੁਸ਼ਾਸਨੀ ਕਮੇਟੀ ਦਾ ਕਾਹਲੀ ਵਿਚ ਫ਼ੈਸਲਾ ਲਿਆ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਗਠਿਤ ਕਰ ਦਿੱਤੀ। ਕਮੇਟੀ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ। ਕਮੇਟੀ ਦੇ ਹੋਰ ਮੈਂਬਰਾਂ ਵਿਚ ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਵਿਰਸਾ ਸਿੰਘ ਵਲਟੋਹਾ, ਸ. ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਿਲ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀਆਂ ਰਵਾਇਤਾਂ ਮੁਤਾਬਕ ਪਾਰਟੀ ਪਲੇਟਫਾਰਮ ‘ਤੇ ਹੀ ਖੁੱਲ੍ਹਦਿਲੀ ਨਾਲ ਲੋਕਤੰਤਰੀ ਤਰੀਕੇ ਅਨੁਸਾਰ ਵਿਚਾਰ ਰੱਖਣ ਅਤੇ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਪਾਰਟੀ ਦੀ ਜਥੇਬੰਦਕ ਏਕਤਾ ਤੇ ਮਜ਼ਬੂਤੀ ਬਾਰੇ ਗੈਰ-ਲੋੜੀਂਦੇ ਭੁਲੇਖੇ ਫੈਲਾਉਣ ਦੀ ਆਗਿਆ ਨਾ ਦੇਣ। ਇਹ ਵੀ ਕਿਹਾ ਗਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਵਿਚਾਰ ਦਾ ਸਵਾਗਤ ਹੈ ਪਰ ਸਿਰਫ਼ ਪਾਰਟੀ ਪਲੇਟਫਾਰਮ ‘ਤੇ ਵਿਚਾਰ ਰੱਖੇ ਜਾਣ। ਪਾਰਟੀ ਪਲੇਟਫਾਰਮ ਤੋਂ ਬਾਹਰ ਅਜਿਹੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਨੁਸ਼ਾਸਨੀ ਕਮੇਟੀ ਅੱਗੋਂ ਕੀ ਕਾਰਵਾਈ ਕਰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Comment here