ਸਿਆਸਤਖਬਰਾਂਦੁਨੀਆ

ਸੀ ਓ ਪੀ 26 ਸ਼ਿਖਰ ਸੰਮੇਲਨ ‘ਸਫ਼ਲ’ ਰਿਹਾ- ਭਾਰਤ

ਗਲਾਸਗੋ-ਸੀ.ਓ.ਪੀ.26 ਸ਼ਿਖਰ ਸੰਮੇਲਨ ਨੇ ਵਿਕਾਸਸ਼ੀਲ ਦੁਨੀਆ ਨੂੰ ਚਿੰਤਾਵਾਂ ਅਤੇ ਵਿਚਾਰਾਂ ਨੂੰ ਵਿਸ਼ਵ ਸਮੂਹ ਦੇ ਸਾਹਮਣੇ ‘ਸੰਖੇਪ ‘ਚ ਅਤੇ ਸਪੱਸ਼ਟ ਰੂਪ ਨਾਲ’ ਰੱਖਿਆ। ਇਹ ਕਹਿਣਾ ਹੈ ਭਾਰਤ ਦਾ। ਗਲਾਸਗੋ ‘ਚ ਸੀ.ਓ.ਪੀ.26 ਸ਼ਿਖਰ ਸੰਮੇਲਨ ਵਾਧੂ ਸਮੇਂ ਤੱਕ ਜਾਰੀ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਇਕ ਸਮਝੌਤੇ ‘ਤੇ ਸਹਿਮਤੀ ਨਾਲ ਖਤਮ ਹੋਇਆ। ਇਸ ਸੰਮੇਲਨ ‘ਚ ਲਗਭਗ 200 ਦੇਸ਼ਾਂ ਦੇ ਵਾਰਤਾਕਾਰਾਂ ਨੇ ਹਿੱਸਾ ਲਿਆ। ਇਹ ਸਮਝੌਤਾ ਜੈਵਿਕ ਈਂਧਨ ਦੇ ਇਸਤੇਮਾਲ ਨੂੰ ‘ਪੜਾਅਵਾਰ ਤਰੀਕੇ ਨਾਲ ਖਤਮ ਕਰਨ ਦੀ ਥਾਂ, ਇਸ ਦੀ ਵਰਤੋਂ ਨੂੰ ਪੜਾਅਵਾਰ ਤਰੀਕੇ ਨਾਲ ਘੱਟ ਕਰਨ’ ਦੇ ਭਾਰਤ ਦੇ ਸੁਝਾਅ ਨੂੰ ਮਾਨਤਾ ਦਿੰਦਾ ਹੈ। ਗਲਾਸਗੋ ਸੰਮੇਲਨ ‘ਚ ਹਿੱਸਾ ਲੈਣ ਵਾਲੇ ਭਾਰਤੀ ਵਫ਼ਦ ਦੇ ਮੁਖੀ ਅਤੇ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਦੁਨੀਆ ਨੂੰ ਇਸ ਸੱਚ ਨੂੰ ਸਵੀਕਾਰ ਕਰਨ ਦੀ ਲੋੜ ਹੈ ਕਿ ਮੌਜੂਦਾ ਜਲਵਾਯੂ ਸੰਕਟ ਵਿਕਸਿਤ ਦੇਸ਼ਾਂ ‘ਚ ਅਸਥਿਰ ਜੀਵਨ ਸ਼ੈਲੀ ਅਤੇ ਬੇਕਾਰ ਖਪਤ ਪੈਟਰਨ ਨਾਲ ਪੈਦਾ ਹੋਇਆ ਹੈ। ਯਾਦਵ ਨੇ ਆਪਣੇ ਬਲਾਗ ‘ਚ ਲਿਖਿਆ ਕਿ ਸ਼ਿਖਰ ਸੰਮੇਲਨ ਭਾਰਤ ਦੇ ਦ੍ਰਿਸ਼ਟੀਕੋਣ ਦੇ ਲਿਹਾਜ਼ ਨਾਲ ਸਫ਼ਲ ਸਾਬਤ ਹੋਇਆ ਕਿਉਂਕਿ ਅਸੀਂ ਵਿਕਾਸਸ਼ੀਲ ਦੁਨੀਆ ਦੀਆਂ ਚਿੰਤਾਵਾਂ ਅਤੇ ਵਿਚਾਰਾਂ ਨੂੰ ਕਾਫੀ ਸੰਖੇਪ ਅਤੇ ਸਪੱਸ਼ਟ ਤੌਰ ‘ਤੇ ਜ਼ਾਹਰ ਕੀਤਾ ਅਤੇ ਸਾਹਮਣੇ ਰੱਖਿਆ।

Comment here