ਸਿਆਸਤਖਬਰਾਂ

ਸੀ. ਐੱਮ. ਦਾ ਫੈਸਲਾ ਸੰਸਦੀ ਬੋਰਡ ਕਰੇਗਾ—ਅਸ਼ਵਨੀ ਸ਼ਰਮਾ

ਜਲੰਧਰ-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਚੁੱਕੀਆਂ ਹਨ। ਪੰਜਾਬ ਵਿਚ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਬਣਾਉਣ ਦੇ ਮਾਮਲੇ ’ਚ ਭਾਜਪਾ ਨੇ ਚੋਣਾਂ ਨੇੜੇ ਆਉਂਦੇ ਹੀ ਯੂ-ਟਰਨ ਲੈ ਕੇ ਕਿਹਾ ਹੈ ਕਿ ਸੀ. ਐੱਮ. ਕੋਈ ਵੀ ਹੋ ਸਕਦਾ ਹੈ। ਇਸ ਦਾ ਫ਼ੈਸਲਾ ਸੰਸਦੀ ਬੋਰਡ ਕਰੇਗਾ।
ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਐਲਾਨ ਕੀਤਾ ਸੀ ਕਿ ਭਾਜਪਾ ਵੱਲੋਂ ਪੰਜਾਬ ’ਚ ਅਨੁਸੂਚਿਤ ਜਾਤੀ ਦਾ ਸੀ. ਐੱਮ. ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੀ ਪੰਜਾਬ ’ਚ ਅਨੁਸੂਚਿਤ ਜਾਤੀ ਦੀਆਂ ਵੋਟਾਂ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ ਅਤੇ ਅਕਾਲੀ ਦਲ ਨੇ ਦਬਾਅ ’ਚ ਆਉਂਦੇ ਹੋਏ ਐਲਾਨ ਕੀਤਾ ਸੀ ਕਿ ਪਾਰਟੀ ਚੋਣ ਜਿੱਤਣ ਤੋਂ ਬਾਅਦ ਡਿਪਟੀ ਸੀ. ਐੱਮ. ਅਨੁਸੂਚਿਤ ਜਾਤੀ ਦਾ ਦੇਵੇਗੀ। ਉਥੇ ਹੀ ਕਾਂਗਰਸ ਨੇ ਤਾਂ ਆਪਣਾ ਸੀ. ਐੱਮ. ਹੀ ਅਨੁਸੂਚਿਤ ਜਾਤੀ ਦਾ ਐਲਾਨ ਕਰ ਦਿੱਤਾ ਸੀ। ਮੰਗਲਵਾਰ ਨੂੰ ਹੋਈ ਪ੍ਰੈੱਸ ਵਾਰਤਾ ’ਚ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ,  ਪ੍ਰਦੇਸ਼ ਜਨਰਲ ਸਕੱਤਰ ਡਾ. ਸੁਭਾਸ਼ ਰਾਜਨ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ 5 ਜਨਵਰੀ ਨੂੰ ਪੀ. ਐੱਮ. ਮੋਦੀ ਪੰਜਾਬ ਦੀ ਧਰਤੀ ’ਤੇ ਆ ਰਹੇ ਹਨ ਅਤੇ ਇਸ ਦਿਨ ਨੂੰ ਇਤਿਹਾਸ ’ਚ ਯਾਦਗਾਰ ਬਣਾਉਣ ਲਈ ਭਾਜਪਾ ਬੂਥ ਪੱਧਰ ’ਤੇ ਜ਼ੋਰ ਲਗਾ ਰਹੀ ਹੈ।
ਪੰਜਾਬ ਵਿਚ ਸੀ. ਐੱਮ. ਚਿਹਰਾ ਕੌਣ ਹੋਵੇਗਾ ਇਸ ’ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਫ਼ੈਸਲਾ ਸੰਸਦੀ ਬੋਰਡ ਕਰੇਗਾ। ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਐਲਾਨ ਕੀਤਾ ਸੀ ਕਿ ਪੰਜਾਬ ’ਚ ਭਾਜਪਾ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਦੇਵੇਗੀ। ਇਸ ’ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰ ਕਿਸੇ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਹਨ, ਇੱਛਾ ਹੁੰਦੀ ਹੈ। ਉਨ੍ਹਾਂ ਦੀਆਂ ਭਾਵਨਾਵਾਂ ਅਤੇ ਇੱਛਾ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਦੀ ਹੋਵੇਗੀ। ਪਾਰਟੀ ਕਿਸ ਨੂੰ ਮੁੱਖ ਮੰਤਰੀ ਬਣਾਏਗੀ, ਇਹ ਫ਼ੈਸਲਾ ਸੰਸਦੀ ਬੋਰਡ ਲਵੇਗਾ। ਚੰਡੀਗੜ੍ਹ ਬਾਡੀ ਚੋਣਾਂ ’ਚ ਭਾਜਪਾ ਦੀ ਹਾਰ ਅਤੇ ‘ਆਪ’ ਦੀ ਜਿੱਤ ’ਤੇ ਸ਼ਰਮਾ ਨੇ ਕਿਹਾ ਕਿ ਸਥਾਨਕ ਚੋਣਾਂ ਨੂੰ ਕਦੇ ਵੀ ਵਿਧਾਨ ਸਭਾ ਦੇ ਨਾਲ ਨਹੀਂ ਜੋੜਨਾ ਚਾਹੀਦਾ।

Comment here