ਸਿਆਸਤਖਬਰਾਂਚਲੰਤ ਮਾਮਲੇ

ਸੀ ਐਮ ਚੰਨੀ ਨੂੰ ਵਧਾਈ ਦੇ ਨਾਲ ਨਾਲ ਅਲੋਚਨਾ ਵੀ ਝਲਣੀ ਪੈ ਰਹੀ ਏ

ਜਲੰਧਰ-ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਹੈ, ਉਹਨਾਂ ਟਵੀਟ ਕੀਤਾ ਕਿ, ”ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ‘ਤੇ ਵਧਾਈਆਂ। ਪੰਜਾਬ ਦੇ ਲੋਕਾਂ ਦੀ ਤਰੱਕੀ ਅਤੇ ਬਿਹਤਰੀ ਲਈ ਮੁੜ ਕੰਮ ਸ਼ੁਰੂ ਕਰਨਗੇ।”
ਕਾਂਗਰਸ ਨੇ ਚੰਨੀ ਨੂੰ ਸੀ ਐਮ ਬਣਾ ਕੇ ਵਿਰੋਧੀ ਧਿਰਾਂ ਨੂੰ ਦਲਿਤ ਮੁਦੇ ਤੇ ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਤੇ ਵਿਰੋਧੀ ਧਿਰਾਂ ਟਿਪਣੀਆਂ ਵੀ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਨੇਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਟਿਪਣੀ ਕਰਦਿਆਂ ਕਿਹਾ ਕਿ ਅਲੀ ਬਾਬਾ ਬਦਲਣ ਨਾਲ ਬਾਕੀ ਦੁੱਧ ਧੋਤੇ ਨਹੀਂ ਹੋ ਜਾਣਗੇ। ਬਸਪਾ ਆਗੂ ਮਾਇਆਵਤੀ ਨੇ ਕਿਹਾ ਹੈ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਣ ਕਰ ਕੇ ਕਾਂਗਰਸ ਕਾਫੀ ਘਬਰਾਈ ਹੋਈ ਹੈ, ਇਸ ਕਰਕੇ ਉਸ ਨੇ ਦਲਿਤ ਆਗੂ ਨੂੰ ਸੀ ਐਮ ਬਣਾਇਆ ਹੈ,  ਇਹ ਸਿਰਫ ਚੋਣ ਸਟੰਟ ਹੈ, ਕਿਉਂਕਿ ਕਾਂਗਰਸ ਆਗਾਮੀ ਚੋਣਾਂ ਗੈਰ-ਦਲਿਤ ਦੀ ਅਗਵਾਈ ਵਿਚ ਲੜ ਰਹੀ ਹੈ। ਓਧਰ ਕੌਮੀ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਦਾ ਅਸਤੀਫ਼ਾ ਮੰਗਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ‘ਮੀ-ਟੂ ਮੁਹਿੰਮ ਤਹਿਤ ਦੋਸ਼ ਲਗਾਉਂਦਿਆਂ ਕਿਹਾ, ‘‘ਇਕ ਇਹੋ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾਣਾ ਸ਼ਰਮਨਾਕ ਤੇ ਇਤਰਾਜ਼ਯੋਗ ਹੈ। ਅਸੀਂ ਨਹੀਂ ਚਾਹੁੰਦੇ ਕਿ ਫਿਰ ਤੋਂ ਕਿਸੇ ਔਰਤ ਨੂੰ ਉਹੀ ਸਭ ਕੁਝ ਸਹਿਣ ਕਰਨਾ ਪਵੇ ਜੋ ਕਿ ਇਕ ਮਹਿਲਾ ਆਈਏਐੱਸ ਅਧਿਕਾਰੀ ਨੇ ਚੰਨੀ ਦੇ ਵਿਹਾਰ ਕਰਕੇ ਝੱਲੀ ਸੀ।’’ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਕਿਹਾ ਹੈ ਕਿ,‘‘ਪੰਜਾਬ ’ਚ ਕਾਂਗਰਸ ਕਿਸ ਨੂੰ ਮੁੱਖ ਮੰਤਰੀ ਬਣਾਏ, ਆਪਣੀ ਗੱਡੀ ’ਤੇ ਕਿਹੜਾ ਇੰਜਣ ਲਗਾਏ, ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਪਰ ਜੋ ਵਿਅਕਤੀ ਕਦਮ-ਕਦਮ ’ਤੇ ਟਾਸ ਕਰ ਕੇ ਚੱਲਦਾ ਹੋਵੇ , ਆਪਣੇ ਸਾਰੇ ਫ਼ੈਸਲੇ ਸਿੱਕੇ ਉਛਾਲ ਕੇ ਲੈਂਦਾ ਹੈ, ਉਸ ਦੇ ਆਉਣ ਨਾਲ ਪੰਜਾਬ ਦਾ ਕੀ ਹਾਲ ਹੋਵੇਗਾ, ਅੰਦਾਜਾ ਲਗਾਇਆ ਜਾ ਸਕਦਾ ਹੈ।

ਵਿਰੋਧੀਆਂ ਨੂੰ ਜੁਆਬ ਦਿੰਦਿਆਂ ਕਾਂਗਰਸ ਨੇ ਦੋਸ਼ ਲਗਾਇਆ ਕਿ ਇਕ ਗਰੀਬ ਅਤੇ ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਤੇ ਹੋਰ ਵਿਰੋਧੀਆਂ ਦੇ ਢਿੱਡ ’ਚ ਦਰਦ ਹੋ ਰਿਹਾ ਹੈ। ਰਣਦੀਪ ਸੁਰਜੇਵਾਲਾ ਨੇ ਮਾਇਆਵਤੀ ਨੂੰ ਚੁਣੌਤੀ ਦਿੱਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਵਲੋਂ ਕਿਸੇ ਦਲਿਤ ਨੂੰ ਮੁੱਖ ਮੰਤਰੀ ਅਹੁਦੇ ਦਾ ਐਲਾਨ ਕਰਨ। ਭਾਜਪਾ ਬਾਰੇ ਕਿਹਾ ਕਿ ਮੋਦੀ ਜੀ ਦਲਿਤਾਂ ਦੇ ਨਾਮ ’ਤੇ ਵੋਟ ਮੰਗਦੇ ਹਨ ਪਰ ਉਨ੍ਹਾਂ ਨੇ ਦੇਸ਼ ’ਚ ਕਿਸੇ ਦਲਿਤ ਨੂੰ ਮੁੱਖ ਮੰਤਰੀ ਨਹੀਂ ਬਣਾਇਆ।’’

ਇਸ ਦੌਰਾਨ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਬਦਲਣ ਨਾਲ ਵੀ ਕਾਂਗਰਸ ਚ ਸਭ ਅੱਛਾ ਨਹੀ ਦਿਸ ਰਿਹਾ। ਹਰੀਸ਼ ਰਾਵਤ ਨੇ ਕਿਹਾ ਸੀ ਕਿ ਅਗਲੀਆਂ ਚੋਣਾਂ ਨਵਜੋਤ ਸਿੱਧੂ ਦੇ ਨਾਂ ਉੱਪਰ ਲੜੀਆਂ ਜਾਣਗੀਆਂ ਤਾਂ ਸੁਨੀਲ ਜਾਖੜ ਬਿਫਰ ਪਏ, ਟਵੀਟ ਕਰਕੇ ਕਿਹਾ ਰਾਵਤ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਬਿਆਨ ਹੈ।ਇਸ ਨਾਲ ਮੁੱਖ ਮੰਤਰੀ ਦਾ ਅਧਿਕਾਰ  ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਤੇ ਪੈਦਾ ਹੋਏ ਵਿਵਾਦ ਨੂੰ ਮੱਠਾ ਪਾਉਣ ਦੀ ਕੋਸ਼ਿਸ਼ ਕਰਦਿਆਂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੰਜਾਬ ਚੋਣਾਂ ਚੰਨੀ ਤੇ ਸਿਧੂ ਅਤੇ ਹੋਰ ਸੀਨੀਅਰ ਆਗੂਆਂ ਦੀ ਅਗਵਾਈ ਚ ਹੀ ਲੜੀਆਂ ਜਾਣਗੀਆਂ।

Comment here