ਅਪਰਾਧਸਿਆਸਤਖਬਰਾਂ

ਸੀਬੀਆਈ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ

ਨਵੀਂ ਦਿੱਲੀ-1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ਼ ਬੰਗਸ਼ ਗੁਰਦੁਆਰਾ ਸਾਹਿਬ ਵਿੱਚ ਅੱਗ ਲਾਉਣ ਦੇ ਮਾਮਲੇ ਵਿੱਚ ਸੀਬੀਆਈ ਨੇ ਸ਼ਨੀਵਾਰ ਨੂੰ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਰਾਉਸ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ। ਪਿਛਲੇ ਮਹੀਨੇ ਟਾਈਟਲਰ ਪੁਲ ਬੰਗਸ਼ ਗੁਰਦੁਆਰਾ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਇਆ ਸੀ ਅਤੇ ਆਪਣੀ ਆਵਾਜ਼ ਦੇ ਨਮੂਨੇ ਦਿੱਤੇ ਸਨ। ਟਾਈਟਲਰ ‘ਤੇ 1984 ਦੇ ਪੁਲ ਬੰਗਸ਼ ਗੁਰਦੁਆਰਾ ਸਾਹਿਬ ਵਿੱਚ ਅੱਗ ਲਾਉਣ ਦੇ ਮਾਮਲੇ ਵਿਚ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ, ਜਿਸ ਵਿਚ ਤਿੰਨ ਸਿੱਖ ਮਾਰੇ ਗਏ ਸਨ।
ਕਾਂਗਰਸੀ ਆਗੂ ਟਾਈਟਲਰ ਨੂੰ ਪਹਿਲਾਂ ਸੀਬੀਆਈ ਨੇ ਇਸ ਕੇਸ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ, ਪਰ 4 ਦਸੰਬਰ 2015 ਦੇ ਹੁਕਮਾਂ ਤੋਂ ਬਾਅਦ ਸਿੱਖ ਦੰਗਿਆਂ ਦੀ ਜਾਂਚ ਮੁੜ ਸ਼ੁਰੂ ਕਰ ਦਿੱਤੀ ਗਈ ਸੀ। ਟਾਈਟਲਰ ਵਿਰੁੱਧ ਕੇਸ ਉਨ੍ਹਾਂ ਤਿੰਨ ਮਾਮਲਿਆਂ ਵਿੱਚੋਂ ਇੱਕ ਸੀ, ਜੋ ਜਸਟਿਸ ਜੀਟੀ ਨਾਨਾਵਤੀ ਕਮਿਸ਼ਨ ਨੇ 2005 ਵਿੱਚ ਸੀਬੀਆਈ ਰਾਹੀਂ ਮੁੜ ਖੋਲ੍ਹਣ ਦਾ ਹੁਕਮ ਦਿੱਤਾ ਸੀ। ਨਾਨਾਵਤੀ ਕਮਿਸ਼ਨ ਨੇ ਟਾਈਟਲਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਸਟਰਮਾਈਂਡਾਂ ਵਿੱਚੋਂ ਇੱਕ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਟਾਈਟਲਰ ‘ਤੇ ਉੱਤਰੀ ਦਿੱਲੀ ਹਲਕੇ ਦੇ ਗੁਰਦੁਆਰਾ ਪੁਲ਼ ਬੰਗਸ਼ ਦੇ ਬਾਹਰ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ, ਜਿਸ ਵਿਚ ਤਿੰਨ ਸਿੱਖ ਮਾਰੇ ਗਏ ਸਨ।
ਸਰਕਾਰੀ ਰਿਕਾਰਡਾਂ ਅਨੁਸਾਰ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਕਤਲੇਆਮ ਦੌਰਾਨ, ਲਗਭਗ 2,800 ਸਿੱਖ ਪੂਰੇ ਭਾਰਤ ਵਿੱਚ ਮਾਰੇ ਗਏ ਸਨ, ਜਿਨ੍ਹਾਂ ਵਿੱਚ 2,100 ਦਿੱਲੀ ਵੀ ਸ਼ਾਮਲ ਸਨ। ਇੰਦਰਾ ਗਾਂਧੀ ਦਾ ਉਸ ਦੇ ਸਿੱਖ ਸੁਰੱਖਿਆ ਗਾਰਡਾਂ ਨੇ ਕਤਲ ਕਰ ਦਿੱਤਾ ਸੀ, ਜਿਸ ਦੇ ਰੋਸ ਵਜੋਂ ਇਹ ਦੰਗੇ ਭੜਕੇ ਸਨ। ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਸਾਲ 2018 ‘ਚ ਸਿੱਖ ਦੰਗਿਆਂ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੱਜਣ ਕੁਮਾਰ ‘ਤੇ ਭੀੜ ਦੀ ਅਗਵਾਈ ਕਰਨ ਅਤੇ ਭੜਕਾਉਣ ਦਾ ਵੀ ਦੋਸ਼ ਸੀ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੀਬੀਆਈ ਵੱਲੋਂ ਟਾਈਟਲਰ ਖ਼ਿਲਾਫ਼ ਪੇਸ਼ ਕੀਤੀ ਚਾਰਜਸ਼ੀਟ ਬਾਰੇ ਆਪਣੀ ਪ੍ਰਤੀਕਿਰਿਆ ਪ੍ਰਗਟਾਈ ਹੈ। ਸਿਰਸਾ ਨੇ 40 ਸਾਲਾਂ ਬਾਅਦ ਇਸ ਮਾਮਲੇ ਵਿੱਚ ਇਨਸਾਫ਼ ਦਿਵਾਉਣ ਲਈ ਸੀਬੀਆਈ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਇਹ ਉਹੀ ਮਾਮਲਾ ਹੈ ਜਿਸ ਵਿੱਚ ਕਾਂਗਰਸ ਸਰਕਾਰ ਵੇਲੇ ਸੀਬੀਆਈ ਨੇ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਟਾਈਟਲਰ ਖ਼ਿਲਾਫ਼ ਪੁਖਤਾ ਸਬੂਤ ਹਨ। ਇਸ ਤੋਂ ਬਾਅਦ ਸੀਬੀਆਈ ਨੇ ਆਪਣੀ ਕਲੀਨ ਚਿੱਟ ਵਾਪਸ ਲੈ ਲਈ। ਕਮੇਟੀ ਨੂੰ ਯਕੀਨ ਸੀ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਬਹੁਤ ਜਲਦੀ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਵਾਰੀ ਕਮਲਨਾਥ ਦੀ ਹੋਵੇਗੀ। ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਦੋਵੇਂ ਜੇਲ੍ਹ ਵਿੱਚ ਸੱਜਣ ਕੁਮਾਰ ਦੇ ਸਾਥੀ ਬਣ ਜਾਣਗੇ।

Comment here