ਸਿਆਸਤਖਬਰਾਂ

ਸੀਡੀਐੱਸ ਹੈਲੀਕਾਪਟਰ ਮਾਮਲਾ; ਬੱਦਲਾਂ ਦੇ ਝੁੰਡ ਕਾਰਨ ਵਾਪਰਿਆ-ਮਾਨਵੇਂਦਰ ਸਿੰਘ

ਨਵੀਂ ਦਿੱਲੀ-ਟ੍ਰਾਈ ਸਰਵਿਸ ਜਾਂਚ ਕਮੇਟੀ ਨੇ ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਐੱਮਆਈ-17ਵੀਂ5 ਹੈਲੀਕਾਪਟਰ ਹਾਦਸੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਹੈਲੀਕਾਪਟਰ ਕਿਸੇ ਤਕਨੀਕੀ ਖਾਮੀ ਜਾਂ ਸਾਜ਼ਿਸ਼ ਕਾਰਨ ਨਹੀਂ ਬਲਕਿ ਅਚਾਨਕ ਆਏ ਬੱਦਲਾਂ ਦੇ ਝੁੰਡ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਹਾਦਸੇ ’ਚ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਨਾਲ 12 ਹੋਰ ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਹਵਾਈ ਫ਼ੌਜ ਨੇ ਜਾਂਚ ਰਿਪੋਰਟ ਦੇ ਵਿਸਥਾਰਤ ਬਿਓਰੇ ਨਾਲ ਬੀਤੇ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜਾਣੂ ਕਰਵਾਇਆ। ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਤੇ ਹੈਲੀਕਾਪਟਰ ਹਾਦਸੇ ਦੀ ਜਾਂਚ ਕਰ ਰਹੀ ਟ੍ਰਾਈ ਸਰਵਿਸ ਕਮੇਟੀ ਦੇ ਮੁਖੀ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੇ ਸੀਡੀਐੱਸ ਰਾਵਤ ਦੇ ਹੈਲੀਕਾਪਟਰ ਹਾਦਸੇ ਨਾਲ ਸਬੰਧਤ ਜਾਂਚ ਦੇ ਨਤੀਜਿਆਂ ਬਾਰੇ ਰੱਖਿਆ ਮੰਤਰੀ ਨੂੰ ਪ੍ਰੈਜ਼ੈਂਟੇਸ਼ਨ ਦਿੱਤੀ।
ਅਧਿਕਾਰਤ ਤੌਰ ’ਤੇ ਅਜੇ ਜਾਂਚ ਰਿਪੋਰਟ ਬਾਰੇ ਕੁਝ ਨਵੀਂ ਨਹੀਂ ਕਿਹਾ ਗਿਆ। ਪਰ ਸੂਤਰਾਂ ਨੇ ਦੱਸਿਆ ਕਿ ਟ੍ਰਾਈ ਸਰਵਿਸ ਜਾਂਚ ਕਮੇਟੀ ਦਾ ਸਪਸ਼ਟ ਨਤੀਜਾ ਹੈ ਕਿ ਹੈਲੀਕਾਪਟਰ ’ਚ ਉਡਾਣ ਦੌਰਾਨ ਕੋਈ ਤਕਨੀਕੀ ਖ਼ਰਾਬੀ ਨਹੀਂ ਸੀ ਤੇ ਨਾ ਹੀ ਇਸ ’ਤੇ ਕਿਸੇ ਤਰ੍ਹਾਂ ਦਾ ਕੋਈ ਬਾਹਰੀ ਹਮਲਾ ਹੋਇਆ ਸੀ। ਹੈਲੀਕਾਪਟਰ ਦੇ ਬਲੈਕ ਬਾਕਸ ਜਿਸ ’ਚ ਫਲਾਈਟ ਡਾਟਾ ਰਿਕਾਰਡਰ ਤੇ ਕਾਕਪਿਟ ਵਾਇਸ ਰਿਕਾਰਡਰ ਦੋਵੇਂ ਸ਼ਾਮਿਲ ਹੁੰਦੇ ਹਨ, ਉਸ ਦੇ ਵਿਸ਼ਲੇਸ਼ਣ ’ਚ ਇਹੋ ਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਪਾਇਲਟ ਤੇ ਸਹਿ ਪਾਇਲਟ ਵੱਲੋਂ ਕੋਈ ਚੂਕ ਹੋਈ ਹੋਵੇ।
ਜਾਂਚ ਕਮੇਟੀ ਦਾ ਨਤੀਜਾ ਹੈ ਕਿ ਕੁੰਨੂਰ ਦੇ ਇਲਾਕੇ ’ਚ ਚੱਟਾਨਾਂ ਵਿਚਕਾਰ ਜਦੋਂ ਸੀਡੀਐੱਸ ਦੇ ਹੈਲੀਕਾਪਟਰ ਨੇ ਉਡਾਣ ਭਰੀ ਸੀ, ਉਸੇ ਦੌਰਾਨ ਅਚਾਨਕ ਬੱਦਲਾਂ ਦੇ ਇਕ ਝੁੰਢ ਨੇ ਨੇ ਉਸ ਨੂੰ ਢੱਕ ਲਿਆ। ਸੰਘਣੇ ਬੱਦਲਾਂ ਵਿਚਕਾਰ ਹੈਲੀਕਾਪਟਰ ਪਹਾੜੀ ਚੱਟਾਨ ਦੇ ਇਕ ਹਿੱਸੇ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਈਂਧਨ ਕਾਰਨ ਇਸ ’ਚ ਜ਼ਬਰਦਸਤ ਅੱਗ ਲੱਗ ਗਈ। ਇਸ ’ਚ ਸੀਡੀਐੱਸ ਜਨਰਲ ਰਾਵਤ ਸਮੇਤ ਹੈਲੀਕਾਪਟਰ ’ਚ ਸਵਾਰ ਸਾਰੇ 14 ਲੋਕਾਂ ਦੀ ਮੌਤ ਹੋ ਗਈ ਸੀ।

Comment here