ਸਿਆਸਤਖਬਰਾਂਚਲੰਤ ਮਾਮਲੇ

ਸੀਚੇਵਾਲ ਆਪਕਿਆਂ ਵੱਲੋਂ ਰਾਜ ਸਭਾ ਜਾ ਸਕਦੇ ਨੇ!

ਚੰਡੀਗਡ਼੍ਹ- ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਹੋ ਰਹੀ ਹੈ ਕਿ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਆਮ ਆਦਮੀ ਪਾਰਟੀ ਰਾਜ ਸਭਾ ਵਿਚ ਭੇਜ ਸਕਦੀ ਹੈ। ਰਾਜ ਸਭਾ ਲਈ ਪੰਜਾਬ ਦੀਆਂ ਦੋ ਸੀਟਾਂ ’ਤੇ 10 ਜੂਨ ਨੂੰ ਚੋਣਾਂ ਹੋਣਗੀਆਂ। ਦੋਵੇਂ ਸੀਟਾਂ ‘ਆਪ’ ਨੂੰ ਮਿਲਣੀਆਂ ਤੈਅ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਸੰਤ ਸੀਚੇਵਾਲ ਨਾਲ ਮੁਲਾਕਾਤ ਪਿੱਛੋਂ ਚਰਚਾ ਤੇਜ਼ ਹੋ ਗਈ ਹੈ ਕਿ ‘ਆਪ’ ਨੇ ਉਨ੍ਹਾਂ ਨੂੰ ਰਾਜ ਸਭਾ ਵਿਚ ਭੇਜਣ ਦਾ ਪ੍ਰਸਤਾਵ ਦਿੱਤਾ ਹੈ। ਮਾਨ, ਬੀਤੇ ਦਿਨ ਸੰਤ ਅਵਤਾਰ ਸਿੰਘ ਦੀ ਬਰਸੀ ’ਤੇ ਸੁਲਤਾਨਪੁਰ ਲੋਧੀ ਪੁੱਜੇ ਸਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ। ਹਾਲਾਂਕਿ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਨੇ ਸੀਚੇਵਾਲ ਨੂੰ ਰਾਜ ਸਭਾ ਭੇਜਣ ਦਾ ਪ੍ਰਸਤਾਵ ਕੀਤਾ ਹੋਇਆ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਈ ਮੀਟਿੰਗ ਮਗਰੋਂ ਇਹ ਚਰਚਾ ਛਿਡ਼ੀ ਸੀ ਕਿ ਭਾਜਪਾ ਅਜਿਹੇ ਵਾਤਾਵਰਣ ਪ੍ਰੇਮੀ ਨੂੰ ਰਾਜ ਸਭਾ ਵਿਚ ਭੇਜਣਾ ਚਾਹੁੰਦੀ ਹੈ, ਜਿਸ ਦੇ ਕੰਮ ਦੀ ਵਿਸ਼ਵ ਵਿਚ ਸ਼ਲਾਘਾ ਹੋ ਰਹੀ ਹੋਵੇ। ਸੀਚੇਵਾਲ ਨਾਲ ਜੁਡ਼ੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲੇ ਕਿਸੇ ਵੀ ਪਾਰਟੀ ਨੂੰ ਹਾਂ ਨਹੀਂ ਕੀਤੀ ਹੈ। ਉਹ ਰਾਜਨੀਤੀ ਵਿਚ ਉਤਰਨ ਨੂੰ ਲੈ ਕੇ ਦੁਚਿੱਤੀ ਵਿਚ ਹਨ। ‘ਆਪ’ ਦੋਵਾਂ ਸੀਟਾਂ ਨੂੰ ਲੈ ਕੇ ਜ਼ਿਆਦਾ ਸਜਗ ਹੈ ਕਿਉਂਕਿ ਅਪ੍ਰੈਲ ਵਿਚ 5 ਸੀਟਾਂ ਲਈ ਰਾਜ ਸਭਾ ਵਿਚ ਭੇਜੇ ਗਏ ਵਿਅਕਤੀਆਂ ਨੂੰ ਲੈ ਕੇ ਪਾਰਟੀ ਦੀ ਕਿਰਕਿਰੀ ਹੋਈ ਹੈ। ਕ੍ਰਿਕਟਰ ਹਰਭਜਨ ਸਿੰਘ ਨੂੰ ਛੱਡ ਕੇ ਕਿਸੇ ਵੀ ਸਿੱਖ ਨੂੰ ਨਹੀਂ ਲਿਆ ਗਿਆ ਹੈ। ਇਹੀ ਨਹੀਂ, ਦੋ ਸੀਟਾਂ ਪੰਜਾਬ ਤੋਂ ਬਾਹਰ ਦੇ ਆਗੂਆਂ ਨੂੰ ਦਿੱਤੀਆਂ ਗਈਆਂ ਹਨ। ਇਸ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਨਿਰਾਸ਼ਾ ਦੇਖੀ ਗਈ ਹੈ। ਵਿਰੋਧੀ ਪਾਰਟੀ ਨੇ ਵੀ ‘ਆਪ’ ’ਤੇ ਬਾਹਰੀ ਵਿਅਕਤੀਆਂ ਨੂੰ ਟਿਕਟਾਂ ਦੇਣ ਦੇ ਦੋਸ਼ ਲਾਏ ਸਨ। ਇਹ ਵੀ ਦੋਸ਼ ਲਗਾਏ ਗਏ ਸਨ ਕਿ ਕਿਸੇ ਵੀ ਦਲਿਤ ਤੇ ਕਿਸਾਨ ਪਰਿਵਾਰ ਦੇ ਵਿਅਕਤੀ ਨੂੰ ਰਾਜ ਸਭਾ ਵਿਚ ਨਹੀਂ ਭੇਜਿਆ ਗਿਆ। ਪਾਰਟੀ ਹੁਣ ਅਜਿਹੇ ਉਮੀਦਵਾਰਾਂ ਨੂੰ ਰਾਜ ਸਭਾ ਵਿਚ ਭੇਜਣਾ ਚਾਹੁੰਦੀ ਹੈ ਜੋ ਕਿ ਸਿੱਖ ਹੋਵੇ, ਪੰਜਾਬ ਤੋਂ ਹੋਵੇ ਤੇ ਸਮਾਜਕ ਕੰਮਾਂ ਵਿਚ ਉਸ ਦਾ ਨਾਂ ਹੋਵੇ।

Comment here