ਸਿਆਸਤਖਬਰਾਂਚਲੰਤ ਮਾਮਲੇ

ਸੀਐੱਮ ਚੰਨੀ ਦੇ ਭਈਏ ਵਾਲੇ ਬਿਆਨ ਤੇ ਬਵਾਲ

ਜਲੰਧਰ-ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਈਏ ਵਾਲੇ ਬਿਆਨ ਕਾਰਨ ਯੂ.ਪੀ. ਬਿਹਾਰ ਦੇ ਲੋਕਾਂ ਵਿੱਚ ਕਾਫੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਖ਼ਫ਼ਾ ਹੋ ਕੇ ਜਲੰਧਰ ਦੇ ਵਿੱਚ ਦੇ ਪ੍ਰਵਾਸੀਆਂ ਵੱਲੋਂ ਰੋਡ ਜਾਮ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਜੋ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜੋ ਯੂ. ਪੀ. ਬਿਹਾਰ ਦੇ ਭਈਏ ਹਨ, ਇਨ੍ਹਾਂ ਨੂੰ ਕੱਢ ਕੇ ਬਾਹਰ ਮਾਰਨਾ ਹੈ ਅਤੇ ਪੰਜਾਬ ਵਿੱਚ ਪੰਜਾਬੀਆਂ ਦਾ ਰਾਜ ਹੋਵੇਗਾ। ਇਸ ਬਿਆਨ ਤੋਂ ਖ਼ਫ਼ਾ ਹੋ ਕੇ ਯੂ. ਪੀ. ਬਿਹਾਰ ਦੇ ਪ੍ਰਵਾਸੀਆਂ ਵੱਲੋਂ ਅੱਜ ਜਲੰਧਰ ਦੇ ਰੋਡ ਜਾਮ ਕੀਤਾ ਹੈ ਅਤੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਵੀ ਰਾਜਨੀਤਕ ਆਗੂਆਂ ਦੀ ਰੈਲੀ ਹੁੰਦੀ ਹੈ, ਉਸ ਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਲੋਕ ਹੀ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਆਨ ਕਿਸੇ ਮੁੱਖ ਮੰਤਰੀ ਦੇ ਮੁੰਹੋ ਨਿਕਲਣੇ ਕਾਫੀ ਅਪਮਾਨ ਜਨਕ ਹਨ। ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ, ਇਸ ‘ਤੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਇਹ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਨਹੀਂ ਤਾਂ ਆਉਣ ਵਾਲੇ ਵਿਧਾਨਸਭਾ ਇਲੈਕਸ਼ਨਾਂ ਦੇ ਵਿੱਚ ਉਨ੍ਹਾਂ ਨੂੰ ਇਸ ਬਿਆਨ ਨੂੰ ਲੈ ਕੇ ਖਮਿਆਜ਼ਾ ਭੁਗਤਣਾ ਪਵੇਗਾ। ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵੀ ਆਪਣਾ ਜਵਾਬੀ ਬਿਆਨ ਜਾਰੀ ਕੀਤਾ ਹੈ। ਜਿਥੇ ਹੀ ਆਪ ਨੇਤਾ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਮੀਟਿੰਗ ਵਿੱਚ ਇਸ ਬਿਆਨ ਦੀ ਨਿੰਦਾ ਕੀਤੀ ਉਥੇ ਹੀ ਰਾਜਨਾਥ ਸਿੰਘ ਨੇ ਵੀ ਇਸ ਉਪਰ ਨਰਾਜ਼ਗੀ ਜਤਾਈ ਹੈ। ਉਨ੍ਹਾਂ  ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਭਈਏ ਨੂੰ ਪੰਜਾਬ ਨਾ ਆਉਣ ਦੇਣ ਦਾ ਬਿਆਨ ਦੇ ਰਿਹਾ ਸੀ ਤਾਂ ਪ੍ਰਿਅੰਕਾ ਗਾਂਧੀ ਵਾਡਰਾ ਤਾੜੀਆਂ ਮਾਰ ਰਹੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਕਹਿੰਦੇ ਹਨ ਕਿ ਪੰਜਾਬ ਵਿੱਚ ਭਈਏ ਨਹੀਂ ਆਉਣਗੇ। ਉਨ੍ਹਾਂ ਪੁੱਛਿਆ ਕਿ ਕੀ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਸੰਦੇਸ਼ ਦਿੱਤਾ ਸੀ? ਕਾਂਗਰਸ ਵੰਡ ਪਾ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਦੋ ਦਿਨਾਂ ਲਈ ਪੰਜਾਬ ਵਿੱਚ ਹਨ। ਉਹ ਖੁਸ਼ਕਿਸਮਤ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਿਆ।

 ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਮੁੱਖ ਮੰਤਰੀ ਚੰਨੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਰੂਪਨਗਰ ’ਚ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿਲੋਂ ਦੇ ਹੱਕ ’ਚ ਪ੍ਰਚਾਰ ਕਰਨ ਕੀਤਾ ਸੀ । ਜਿਸ ਦੌਰਾਨ ਮੁੱਖ ਮੰਤਰੀ ਵਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ। ਮੁੱਖ ਮੰਤਰੀ ਚੰਨੀ ਨੇ ਪ੍ਰਿਅੰਕਾ ਤੋਂ ਮਾਈਕ ਲੈ ਕੇ ਕਿਹਾ ਸੀ, ‘ਓ ਬਾਈ ਪੰਜਾਬੀਆਂ ਦੀ ਨੂੰਹ ਹੈ ਬੀਬੀ ਪ੍ਰਿਅੰਕਾ ਗਾਂਧੀ। ਸਾਡੀ ਪੰਜਾਬਣ ਹੈ, ਪੰਜਾਬੀਆਂ ਦੀ ਨੂੰਹ ਹੈ। ਇਸ ਲਈ ਤਕੜੇ ਹੋ ਕੇ ਇਕ ਪਾਸੇ ਹੋ ਜਾਓ ਪੰਜਾਬੀਓ। ਇਹ ਜਿਹੜੇ ਯੂ. ਪੀ. ਦੇ, ਬਿਹਾਰ ਦੇ ਅਤੇ ਦਿੱਲੀ ਦੇ ਭਈਏ ਆ ਕੇ ਇਥੇ ਰਾਜ ਕਰਨਾ ਚਾਹੰਦੇ ਨੇ, ਇਥੇ ਵੜਨ ਨਹੀਂ ਦੇਣੇ।’ ਫਿਰ ਪ੍ਰਿਅੰਕਾ ਨੇ ਮਾਈਕ ਫੜ ਕੇ ਕਿਹਾ ਸੀ ਮੈਨੂੰ ਖ਼ੁਸ਼ੀ ਹੈ ਕਿ ਮੇਰੇ ਬੱਚਿਆਂ ’ਚ ਪੰਜਾਬੀ ਖ਼ੂਨ ਹੈ। ਸਾਰੇ ਮਿਲ ਕੇ ਪੂਰੇ ਦੇਸ਼ ਨੂੰ ਵਿਖਾਵਾਂਗੇ ਕਿ ਨਵੀਂ ਸਿਆਸਤ ਇਥੋਂ ਸ਼ੁਰੂ ਹੋਵੇਗੀ।

ਮੈਂ ਹੈਰਾਨ ਹਾਂ ਕਿ ਲੋਕ ਅਜਿਹੇ ਬਿਆਨ ਕਿਵੇਂ ਦਿੰਦੇ ਹਨ: ਨਿਤੀਸ਼ ਕੁਮਾਰ

ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਟਿੱਪਣੀ ’ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ (ਕਾਂਗਰਸ) ਨੂੰ ਪਤਾ ਹੈ ਕਿ ਪੰਜਾਬ ਵਿੱਚ ਬਿਹਾਰ ਦੇ ਲੋਕਾਂ ਦਾ ਕਿੰਨਾ ਯੋਗਦਾਨ ਹੈ ਅਤੇ ਕਿੰਨੇ ਜੀਅ ਰਹੇ ਹਨ? ਇਸ ਟਿੱਪਣੀ ‘ਤੇ ਚੰਨੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਲੋਕ ਅਜਿਹੇ ਬਿਆਨ ਕਿਵੇਂ ਦਿੰਦੇ ਹਨ। ਇਸ ਤੋਂ ਪਹਿਲਾਂ ਭਾਜਪਾ ਅਤੇ ‘ਆਪ’ ਨੇ ਵੀ ਚਰਨਜੀਤ ਸਿੰਘ ਚੰਨੀ ਦੀ ਇਸ ਟਿੱਪਣੀ ‘ਤੇ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਦਾ ਅਪਮਾਨ ਹੈ। ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਨਾਲ ਮੌਜੂਦ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ‘ਤੇ ਵੀ ਹਮਲਾ ਕੀਤਾ ਅਤੇ ਟਿੱਪਣੀ ਕਰਦੇ ਸਮੇਂ ਮੁਸਕਰਾ ਕੇ ਤਾੜੀਆਂ ਵਜਾਈਆਂ। ਭਗਵਾ ਪਾਰਟੀ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਯੂਪੀ ਵਿੱਚ ਚੋਣਾਂ ਲੜ ਰਹੀ ਹੈ ਅਤੇ ਦੂਜੇ ਪਾਸੇ ਸੂਬੇ ਦੇ ਲੋਕਾਂ ਦਾ ਅਪਮਾਨ ਕਰ ਰਹੀ ਹੈ। ਇਸ ਤੋਂ ਪਹਿਲਾਂ ਬਿਹਾਰ ਸਰਕਾਰ ਦੇ ਮੰਤਰੀ ਸੰਜੇ ਕੁਮਾਰ ਝਾਅ ਨੇ ਵੀ ਚੰਨੀ ਦੇ ਬਿਆਨ ਦੀ ਨਿੰਦਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਤੇ ਯੂਪੀ ਦੇ ਲੋਕ ਜਿੱਥੇ ਵੀ ਗਏ, ਉਨ੍ਹਾਂ ਨੇ ਆਪਣੀ ਮਿਹਨਤ ਨਾਲ ਆਪਣੀ ਜਗ੍ਹਾ ਬਣਾਈ। ਹਾਲਾਂਕਿ ਅਜਿਹਾ ਬਿਆਨ ਸ਼ਰਮਨਾਕ ਹੈ। ਮੰਤਰੀ ਨੇ ਪ੍ਰਿਅੰਕਾ ਗਾਂਧੀ ਤੇ ਚੰਨੀ ਨੂੰ ਮੁਆਫੀ ਮੰਗਣ ਲਈ ਕਿਹਾ।ਮੰਤਰੀ ਨੇ ਲਿਖਿਆ ਹੈ ਕਿ ਚੰਨੀ ਦੇ ਸ਼ਰਮਨਾਕ ਬਿਆਨ ‘ਤੇ ਪ੍ਰਿਅੰਕਾ ਗਾਂਧੀ ਦੀ ਤਾਰੀਫ਼ ਲਈ ਕਾਂਗਰਸ ਦੀ ਮੁਆਫ਼ੀ ਦੀ ਉਡੀਕ ਹੈ। ਚੋਣਾਂ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਯੂਪੀ, ਬਿਹਾਰ ਦੇ ਭਈਆ ਨੂੰ ਪੰਜਾਬ ‘ਚ ਵੜਨ ਨਾ ਦਿਓ’। ਚਰਨਜੀਤ ਸਿੰਘ ਚੰਨੀ ਪੰਜਾਬ ਚੋਣਾਂ ਵਿੱਚ ਕਾਂਗਰਸ ਦੇ ਅਧਿਕਾਰਤ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਪਾਰਟੀ ਦੁਆਰਾ ਕਰਵਾਏ ਗਏ ਟੈਲੀ-ਵੋਟਿੰਗ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੁਆਰਾ ਉਨ੍ਹਾਂ ਦੀ ਮੁੱਖ ਮੰਤਰੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਸੀ। ਉਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ, ਜੋ ਲੰਬੇ ਸਮੇਂ ਤੋਂ ਮੁੱਖ ਮੰਤਰੀ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਲਈ ਦਬਾਅ ਪਾ ਰਹੇ ਸਨ।

Comment here