ਸਿਆਸਤਖਬਰਾਂਚਲੰਤ ਮਾਮਲੇ

ਸਿੱਧੂ ਵੱਲ ਸੰਘਰਸ਼ਸ਼ੀਲਾਂ ਦੀ ਵੀ ਨਜ਼ਰ

ਸ਼ਾਹੀ ਸ਼ਹਿਰ ਵਾਲੀ ਕੋਠੀ ਵੱਲ ਧਰਨਿਆਂ ਦਾ ਮੋੜਾ ਕੱਟਿਆ ਜਾ ਸਕਦੈ

ਪਟਿਆਲਾ-ਰੁਜ਼ਗਾਰ ਦੀ ਮੰਗ ਲਈ ਦੋ ਸੌ ਫੁੱਟ ਦੀ ਉਚਾਈ ਉੱਤੇ ਪਿਛਲੇ 124 ਦਿਨਾਂ ਤੋਂ ਬੀਐੱਸਐੱਨਐੱਲ ਟਾਵਰ ’ਤੇ ਬੈਠੇ ਸੁਰਿੰਦਰਪਾਲ ਗੁਰਦਾਸਪੁਰ ਦੀ ਨਜ਼ਰ ਹੁਣ ਨਿਊ ਮੋਤੀ ਬਾਗ ਪੈਲੇਸ ਦੇ ਨਾਲ ਕਾਂਗਰਸ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਦੇ ਯਾਦਵਿੰਦਰਾ ਕਾਲੋਨੀ ਵਿੱਚ ਪੈਂਦੇ ਘਰ ‘ਸਿੱਧੂ ਹਾਊਸ’ ਉੱਤੇ ਵੀ ਪੈਣ ਲੱਗੀ ਹੈ। ਟਾਵਰ ਤੋਂ ਸਿੱਧੂ ਦਾ ਘਰ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਾਲੋਂ ਕਾਫ਼ੀ ਨੇੜੇ ਪੈਂਦਾ ਹੈ। ਟਾਵਰ ’ਤੇ ਡਟੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਸੁਰਿੰਦਰਪਾਲ ਗੁਰਦਾਸਪੁਰ ਨੇ ਦੱਸਿਆ ਕਿ ਪਹਿਲਾਂ ਟਾਵਰ ਦੀ ਉਚਾਈ ਤੋਂ ਮੋਤੀ ਬਾਗ ਪੈਲੇਸ ਵੱਲ ਸਹਿਜੇ ਹੀ ਜਦੋਂ ਨਜ਼ਰ ਪੈਂਦੀ ਸੀ ਤਾਂ ਲੱਗਦਾ ਸੀ ਕਿ ‘ਮੋਤੀਆਂ ਵਾਲੀ ਸਰਕਾਰ’ ਕਦੀ ਤਾਂ ਉਸ ਦੀ ਗੱਲ ਸੁਣੇਗੀ ਪਰ ਹੁਣ ਇਹੀ ਟੇਕ ਸਿੱਧੂ ਦੇ ਯਾਦਵਿੰਦਰਾ ਕਲੋਨੀ ਸਥਿਤ ਘਰ ’ਤੇ ਵੀ ਰੱਖੀ ਜਾਣ ਲੱਗੀ ਹੈ। ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਚੰਗਾ ਹੁੰਦਾ ਸਿੱਧੂ ਪ੍ਰਧਾਨ ਐਲਾਨੇ ਜਾਣ ਦੌਰਾਨ ਕਾਂਗਰਸੀ ਲੀਡਰਾਂ ਨਾਲ ਰਾਬਤਾ ਮੁਹਿੰਮ ਵਿੱਢਣ ਤੋਂ ਪਹਿਲਾਂ ਆਪਣੇ ਘਰ ਨੇੜੇ ਪੈਂਦੇ ਟਾਵਰ ’ਤੇ ਡਟੇ ਸੰਘਰਸ਼ੀ ਦੀ ਵੀ ਸਾਰ ਲੈਂਦੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨਿਊ ਮੋਤੀ ਮਹਿਲ ਵੱਲ ਕੀਤੇ ਰੋਸ ਪ੍ਰਦਰਸ਼ਨ ਮਗਰੋਂ ਪ੍ਰਸ਼ਾਸਨ ਨੇ 27 ਜੁਲਾਈ ਦੀ ਚੰਡੀਗੜ੍ਹ ਵਿੱਚ ਸਿੱਖਿਆ ਮੰਤਰੀ ਅਤੇ ਹੋਰ ਸਬੰਧਤ ਸੂਬਾ ਪ੍ਰਸ਼ਾਸਕੀ ਧਿਰ ਨਾਲ ਪੈਨਲ ਬੈਠਕ ਰਖਵਾਈ ਹੋਈ ਹੈ, ਜੇਕਰ ਉਸ ਬੈਠਕ ਵਿੱਚ ਵੀ ਮਸਲਾ ਕਿਸੇ ਤਣ-ਪੱਤਣ ਨਾ ਲੱਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਦਾ ਰੁਖ਼ ਨਵਜੋਤ ਸਿੱਧੂ ਵੱਲ ਕੀਤਾ ਜਾਵੇਗਾ।

Comment here