ਚੰਡੀਗੜ੍ਹ- ਪਿਛਲੇ ਲੰਮੇ ਸਮੇੰ ਤੋਂ ਸਾਬਕਾ ਭਾਜਪਾਈ ਤੇ ਮੌਜੂਦਾ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਚ ਖੜਕਾ ਦੜਕਾ ਚੱਲ ਰਿਹਾ ਹੈ। ਮਨਮਰਜ਼ੀ ਦਾ ਮੰਤਰਾਲਾ ਨਾ ਮਿਲਣ ਕਰਕੇ ਉਸ ਦੀ ਨਰਾਜ਼ਗੀ ਚਲਦੀ ਰਹੀ, ਹਾਈਕਮਾਂਡ ਨੇ ਉਸ ਨੂੰ ਪਾਰਟੀ ਦੀ ਪ੍ਰਧਾਨਗੀ ਦੇ ਦਿੱਤੀ, ਤਾਂ ਲੱਗ ਰਿਹਾ ਸੀ ਕਿ ਹੁਣ ਕਾਂਗਰਸ ਚ ਸਭ ਠੀਕ ਹੋ ਜਾਵੇਗਾ, ਪਰ ਅਜਿਹਾ ਬਿਲਕੁਲ ਨਹੀਂ ਹੋ ਰਿਹਾ ਤੇ ਆਏ ਦਿਨ ਉਹਨਾਂ ਦੇ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਵਿਰੋਧੀ ਬਿਆਨ ਹੀ ਆ ਰਹੇ ਹਨ। ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਬਾਗੀ ਸੁਰਾਂ ਚ ਆਪਣੀ ਹੀ ਪਾਰਟੀ ਖ਼ਿਲਾਫ ਬੋਲਣ ਤੋਂ ਗੁਰੇਜ਼ ਨਹੀਂ ਕੀਤਾ। ਨਵਜੋਤ ਸਿੱਧੂ ਨੇ ਅੰਮ੍ਰਿਤਸਰ ‘ਚ ਬੋਲਦਿਆਂ ਕਿਹਾ ਕਿ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ, ਫੈਸਲੇ ਲੈਣੇ ਪੈਣਗੇ। ਮੈਂ ਝੂਠੀਆਂ ਸਹੁੰਆਂ ਨਹੀਂ ਖਾਂਦਾ, ਕੋਈ ਵਾਅਦਾ ਨਹੀਂ ਕਰਦਾ, ਵਚਨ ਤੇ ਯਕੀਨ ਕਰਿਓ। ਸਿੱਧੂ ਨੇ ਇਕ ਵਾਰ ਫਿਰ ਤੋਂ ਬਿਨਾਂ ਨਾਂ ਲਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਖਿਲਾਫ ਭੜਾਸ ਕੱਢੀ ਹੈ। ਸਿੱਧੂ ਨੇ ਬਿਜਲੀ ਦਰਾਂ ‘ਤੇ ਵੀ ਸੁਆਲ ਖੜ੍ਹਾ ਕੀਤਾ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਨਿਰਾਸ਼ ਹਨ। ਅੱਜ ਬਿਜਲੀ 9 ਰੁਪਏ ਮਿਲਦੀ ਹੈ ਪਰ ਇਹ ਤਿੰਨ ਰੁਪਏ ਪ੍ਰਤੀ ਯੂਨਿਟ ਮਿਲ ਸਕਦੀ ਹੈ। ਸਿੱਧੂ ਨੇ ਬੇਬਾਕੀ ਨਾਲ ਕਿਹਾ ਇਕ ਲੱਖ ਪੋਸਟ ਭਰੀ ਨਹੀਂ ਗਈ। ਸਿੱਧੂ ਨੇ ਸੁਆਲ ਕੀਤਾ ਘਪਲੇ ਕੌਣ ਕਰ ਰਿਹਾ ਹੈ? ਵਾਈਟ ਪੇਪਰ ਕੌਣ ਨਹੀਂ ਲਿਆਉਣਾ ਚਾਹੁੰਦਾ। ਜੇ ਜਾਨ ਦੀ ਬਾਜ਼ੀ ਵੀ ਲਾਉਣੀ ਪਈ ਤਾਂ ਲਾਵਾਂਗਾ ਪਰ ਪਾਵਰ ਪਰਚੇਜ ਐਗਰੀਮੈਂਟ ਰੱਦ ਕਰਾਵਾਂਗਾ। ਸਿੱਧੂ ਨੇ ਕਿਹਾ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰ ਚੁੱਕਾ ਹਾਂ ਜੇ ਤਿੰਨ ਰੁਪਏ ਬਿਜਲੀ ਦੇਵਾਂਗੇ ਤਾਂ ਸ਼ਹਿਰਾਂ ‘ਚ ਮੁੜ ਆਸ ਬੱਝੇਗੀ। ਇਨ੍ਹਾਂ ਗੱਲਾਂ ਤੋਂ ਸਪਸ਼ਟ ਹੈ ਕਿ ਨਵਜੋਤ ਸਿੱਧੂ ਤੇ ਕੈਪਟਨ ਦੀ ਸੋਚ ਅੱਜ ਵੀ ਵੱਖ-ਵੱਖ ਹੈ ਤੇ ਦੋਵਾਂ ਦਾ ਮਿਲ ਕੇ ਚੱਲਣਾ ਔਖਾ ਹੈ।
Comment here