ਸ਼ਾਰਪ ਸ਼ੂਟਰਾਂ ਨੂੰ ਦਿੱਤੇ ਗਏ 5-5 ਲੱਖ ਰੁਪਏ
ਮੂਸੇਵਾਲਾ ਕਾਂਡ ਚ ਸਾਬਕਾ ਸਪੀਕਰ ਕਾਹਲੋਂ ਦਾ ਭਤੀਜਾ ਗ੍ਰਿਫ਼ਤਾਰ
ਵਿਸ਼ੇਸ਼ ਰਿਪੋਰਟ-ਜਸਪ੍ਰੀਤ ਕੌਰ
ਗਾਇਕ ਤੇ ਕਾਂਗਰਸੀ ਨੇਤਾ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਲਈ 1 ਕਰੋੜ ਰੁਪਏ ‘ਚ ਸੌਦਾ ਹੋਇਆ ਸੀ ।ਸ਼ਾਰਪ ਸ਼ੂਟਰਾਂ ਨੂੰ ਇਸ ਕਤਲ ਬਦਲੇ 5-5 ਲੱਖ ਰੁਪਏ ਦਿੱਤੇ ਗਏ ਜਦਕਿ ਰੇਕੀ ਕਰਨ ਅਤੇ ਸਾਧਨ ਮੁਹੱਈਆ ਕਰਵਾਉਣ ਵਾਲਿਆਂ ਵਾਲੇ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦਿੱਤੇ ਗਏ ਹਨ ।ਇਸ ਖ਼ੁਲਾਸਾ ਸ਼ਾਰਪ ਸ਼ੂਟਰ ਪਿ੍ਆਵਰਤ ਫ਼ੌਜੀ, ਕਸ਼ਿਸ਼ ਉਰਫ਼ ਕੁਲਦੀਪ ਨੇ ਪੰਜਾਬ ਪੁਲਿਸ ਕੋਲ ਰਿਮਾਂਡ ‘ਤੇ ਚੱਲਦਿਆਂ ਕੀਤਾ ਹੈ । ਜ਼ਿਕਰਯੋਗ ਹੈ ਕਿ ਪਿ੍ਆਵਰਤ ਫ਼ੌਜੀ, ਕਸ਼ਿਸ਼ ਜਿਨ੍ਹਾਂ ਨੂੰ ਦਿੱਲੀ ਦੀ ਸਪੈਸ਼ਲ ਪੁਲਿਸ ਸੈੱਲ ਵਲੋਂ ਗੁਜਰਾਤ ਦੇ ਮੁਦਰਾ ਤੋਂ ਗਿ੍ਫ਼ਤਾਰ ਕੀਤਾ ਸੀ । ਦੱਸਣਾ ਬਣਦਾ ਹੈ ਕਿ ਮੂਸੇਵਾਲਾ ਹੱਤਿਆ ਦਾ ਮੁੱਖ ਸਾਜ਼ਿਸ਼ ਘਾੜਾ ਲਾਰੈਂਸ ਬਿਸ਼ਨੋਈ ਵੀ ਪੰਜਾਬ ਪੁਲਿਸ ਕੋਲ ਰਿਮਾਂਡ ‘ਤੇ ਹੈ ਜਦਕਿ ਹੱਤਿਆ ਨੂੰ ਅੰਜਾਮ ਦਿਵਾਉਣ ‘ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਗੋਲਡੀ ਬਰਾੜ ਕੈਨੇਡਾ ਬੈਠਾ ਹੀ ਹੱਤਿਆ ਲਈ ਸਾਰੇ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਸੀ । ਗੋਲਡੀ ਬਰਾੜ ਨੇ ਹੱਤਿਆਰਿਆਂ ਨੂੰ ਇਹ ਸਪਸ਼ਟ ਕਿਹਾ ਸੀ ਕਿ ਮੂਸੇਵਾਲਾ ਹਮਲੇ ਮੌਕੇ ਕਿਸੇ ਵੀ ਹਾਲਤ ‘ਵਿਚ ਬਚਣਾ ਨਹੀਂ ਚਾਹੀਦਾ | ਦਿੱਲੀ ਪੁਲਿਸ ਕੋਲ ਰਿਮਾਂਡ ‘ਤੇ ਚੱਲ ਰਹੇ ਸ਼ੂਟਰ ਅੰਕਿਤ ਸੇਰਸਾ ਨੇ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਗਾਇਕ ਮੂਸੇਵਾਲਾ ਦੇ ਪਹਿਲੀ ਗੋਲੀ ਮਨਪ੍ਰੀਤ ਮਨੂੰ ਕੁੱਸਾ ਨੇ ਮਾਰੀ ਸੀ । ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ੂਟਰਾਂ ਨੂੰ ਪੰਜਾਬ-ਹਰਿਆਣਾ ਸਰਹੱਦ ‘ਤੇ ਸਿਖਲਾਈ ਦਿੱਤੀ ਗਈ ਅਤੇ ਕਤਲ ਵਿਚ ਵਿਦੇਸ਼ੀ ਹਥਿਆਰਾਂ ਦਾ ਪ੍ਰਯੋਗ ਕੀਤਾ ਗਿਆ । ਆਸਟ੍ਰੇਲੀਆ ਦੀ ਗਲਾਕ ਪਿਸਟਲ, ਜਰਮਨੀ ਦੀ ਹੇਕਲਰ ਐਂਡ ਕੋਚ ਪੀ-30 ਹੈਂਡਗੰਨ, ਸਟਾਰ ਪਿਸਟਲ, ਤੁਰਕੀ ਦੀ ਜਿਗਾਨਾ ਸੇਮੀ ਆਟੋਮੈਟਿਕ ਪਿਸਟਲ ਅਤੇ ਏ.ਕੇ -47 ਦੀ ਵੀ ਵਰਤੋਂ ਕਰਨ ਦਾ ਖ਼ੁਲਾਸਾ ਹੋਇਆ ਹੈ । ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੀਆਂ ਤਾਰਾਂ ਰਾਜਸਥਾਨ ਵੀ ਜੁੜ ਗਈਆਂ ਹਨ ।ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਰਾਜਸਥਾਨ ਦੀ ਜੈਪੁਰ ਜੇਲ੍ਹ ‘ਵਿਚ ਬੰਦ ਗੈਂਗਸਟਰ ਦਾਨਾ ਰਾਮ ਵੀ ਇਸ ਵਾਰਦਾਤ ਵਿਚ ਸ਼ਾਮਿਲ ਹੈ | ਦੱਸਿਆ ਜਾ ਰਿਹਾ ਹੈ ਕਿ ਦਾਨਾ ਰਾਮ ਰੋਹਿਤ ਗੋਦਾਰਾ ਗੈਂਗ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ ਰਾਜਸਥਾਨ ਪਹੁੰਚ ਚੁੱਕੀ ਹੈ । ਕਾਬਲੇ-ਏ-ਗੌਰ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਬਲੈਰੋ ਗੱਡੀ ਦੀ ਵਰਤੋਂ ਕੀਤੀ ਗਈ ਸੀ, ਜੋ ਰਾਜਸਥਾਨ ਵਿਚੋਂ ਆਈ ਸੀ | ਇਹ ਗੱਡੀ ਰਾਵਤਸਰ ਤੋਂ ਫ਼ਤਿਹਾਬਾਦ (ਹਰਿਆਣਾ) ਪਹੁੰਚਾਈ ਗਈ ਸੀ, ਜਿਸ ਦੀ ਵਰਤੋਂ ਪਿ੍ਆਵਰਤ ਫ਼ੌਜੀ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੀਤੀ ਗਈ ਸੀ ।ਇਹ ਗੱਲ ਵੀ ਸ਼ੂਟਰਾਂ ਵਲੋਂ ਕਬੂਲੀ ਗਈ ਹੈ ।
ਪੰਜਾਬ ਪੁਲਿਸ ਦੇ ਹਾਲੇ ਵੀ ਹੱਥ ਖ਼ਾਲੀ
ਭਾਵੇਂ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਦਰਜਨ ਤੋਂ ਵਧੇਰੇ ਰੇਕੀ ਕਰਨ ਅਤੇ ਸਾਧਨ ਮੁਹੱਈਆ ਕਰਵਾਉਣ ਵਾਲਿਆਂ ਨੂੰ ਜੇਲ੍ਹ ਭੇਜ ਚੁੱਕੀ ਹੈ । ਮੁੱਖ ਸਾਜ਼ਿਸ਼ ਘਾੜੇ ਲਾਰੈਂਸ਼ ਬਿਸ਼ਨੋਈ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਤਿਹਾੜ ਜੇਲ੍ਹ ਵਿਚੋਂ ਪੰਜਾਬ ਲਿਆ ਕੇ ਪੁੱਛਗਿੱਛ ਕਰ ਰਹੀ ਹੈ ਅਤੇ 2 ਸ਼ਾਰਪ ਸ਼ੂਟਰ ਫ਼ੌਜੀ ਅਤੇ ਕਸ਼ਿਸ਼ ਵੀ ਪੁਲਿਸ ਰਿਮਾਂਡ ‘ਤੇ ਹਨ ਪਰ ਪੰਜਾਬ ਪੁਲਿਸ ਹਾਲੇ ਤੱਕ ਹੱਤਿਆ ਵਿਚ ਸ਼ਾਮਿਲ ਕਿਸੇ ਵੀ ਹਤਿਆਰੇ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ । ਦੱਸਣਾ ਬਣਦਾ ਹੈ ਕਿ ਦਿੱਲੀ ਪੁਲਿਸ ਸਪੈਸ਼ਲ ਸੈਲ ਵਲੋਂ 3 ਸ਼ੂਟਰਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 3 ਗਿ੍ਫ਼ਤ ਤੋਂ ਬਾਹਰ ਹਨ । ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਦਿੱਲੀ ਪੁਲਿਸ ਸ਼ੂਟਰਾਂ ਦੀ ਗਿਣਤੀ 6 ਦੱਸ ਰਹੀ ਹੈ ਜਦਕਿ ਪੰਜਾਬ ਪੁਲਿਸ ਵਲੋਂ ਹੱਤਿਆ ‘ਚ 4 ਸ਼ੂਟਰ ਸ਼ਾਮਿਲ ਦੱਸੇ ਜਾ ਰਹੇ ਹਨ। ਉੱਧਰ ਗਿ੍ਫ਼ਤ ਤੋਂ ਬਾਹਰ ਸ਼ੂਟਰਾਂ ਨੂੰ ਫੜਨ ਲਈ ਦਿੱਲੀ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਤੋਂ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿਚ ਛਾਪੇਮਾਰੀ ਕਰ ਰਹੀਆਂ ਹਨ ।
ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ ਦਾ ਭਤੀਜਾ ਗ੍ਰਿਫ਼ਤਾਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਹੁਣ ਅਕਾਲੀ ਆਗੂ ਤੇ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਦੇ ਨਾਲ ਜੁੜਦੇ ਨਜ਼ਰ ਆ ਰਹੇ ਹਨ। ਕਮਿਸ਼ਨਰੇਟ ਪੁਲੀਸ ਦੇ ਸੀਆਈਏ-1 ਦੀ ਟੀਮ ਨੇ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ 10 ਦਿਨ ਪਹਿਲਾਂ ਸੰਦੀਪ ਕਾਹਲੋਂ ਦਾ ਸਾਥੀ ਸਤਬੀਰ ਸਿੰਘ ਹੀ ਫਾਰਚੂਨਰ ਕਾਰ ਵਿਚ ਤਿੰਨ ਗੈਂਗਸਟਰਾਂ ਨੂੰ ਬਠਿੰਡਾ ਛੱਡ ਕੇ ਆਇਆ ਸੀ। ਉੱਥੇ ਬਲਦੇਵ ਚੌਧਰੀ ਨੇ ਗੈਂਗਸਟਰ ਗੋਲਡੀ ਬਰਾੜ ਦੇ ਹੁਕਮ ’ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਦੋਂ ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਤਾਂ ਉਹ ਅੰਡਰ ਗਰਾਊਂਡ ਹੋ ਗਿਆ, ਬਾਅਦ ’ਵਿਚ ਕਮਿਸ਼ਨਰੇਟ ਪੁਲੀਸ ਦੀ ਸੀਆਈਏ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਹ। ਸੀਆਈਏ-1 ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸਤਬੀਰ ਤੋਂ ਕੀਤੀ ਪੁੱਛਗਿਛ ’ਚ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦਸ ਦਿਨ ਪਹਿਲਾਂ ਸੰਦੀਪ ਸਿੰਘ ਕਾਹਲੋਂ ਨੇ ਹੀ ਮਨੀ ਰਈਆ, ਮਨਦੀਪ ਤੂਫ਼ਾਨ ਤੇ ਇੱਕ ਅਣਪਛਾਤੇ ਗੈਂਗਸਟਰ ਨੂੰ ਛੱਡਣ ਲਈ ਸਤਬੀਰ ਨੂੰ ਅੰਮ੍ਰਿਤਸਰ ਤੋਂ ਬਠਿੰਡਾ ਭੇਜਿਆ ਸੀ। ਪੁੱਛਗਿੱਛ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੰਦੀਪ ਕਾਹਲੋਂ ਨੇ ਸਤਬੀਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੇ ਲੋਕਾਂ ਨੇ ਹੀ ਸਿੱਧੂ ਦਾ ਕਤਲ ਕੀਤਾ ਹੈ ਤੇ ਉਹ ਥੋੜ੍ਹਾ ਚੌਕਸ ਰਹੇ। ਇਹ ਵੀ ਗੱਲ ਹੋਈ ਸੀ ਕਿ ਉਹ ਉਨ੍ਹਾਂ ਦੇ ਜਾਅਲੀ ਪਾਸਪੋਰਟ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ’ਵਿਚ ਹੈ ਤਾਂ ਕਿ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਸਕੇ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸੰਦੀਪ ਸਿੰਘ ਕਾਹਲੋਂ ਤੇ ਜੱਗੂ ਭਗਵਾਨਪੁਰੀਆ ਦੇ ਕਾਫ਼ੀ ਪੁਰਾਣੇ ਸਬੰਧ ਹਨ। ਗੈਂਗਸਟਰ ਮਨੀ ਰਈਆ ਤੇ ਸੰਦੀਪ ਤੂਫ਼ਾਨ ਦੋਵੇਂ ਜੱਗੂ ਦੇ ਪੁਰਾਣੇ ਸਾਥੀ ਹਨ। ਜੱਗੂ ਦੇ ਹੁਕਮ ਤੋਂ ਬਾਅਦ ਹੀ ਸੰਦੀਪ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਤਬੀਰ ਤਿੰਨਾਂ ਨੂੰ ਫਾਰਚੂਨਰ ਕਾਰ ’ਚ 19 ਮਈ ਨੂੰ ਬਠਿੰਡਾ ਛੱਡ ਕੇ ਆਇਆ ਸੀ। ਪੁਲੀਸ ਨੇ ਜਦੋਂ ਬਲਦੇਵ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਤਾਂ ਪਤਾ ਲੱਗਿਆ ਕਿ ਉਸਦੇ ਸੰਪਰਕ ਪਟਿਆਲਾ ਦੇ ਭਾਦਸੋਂ ਇਲਾਕੇ ’ਚ ਰਹਿਣ ਵਾਲੇ ਨੌਜਵਾਨ ਨਾਲ ਸਨ ਤੇ ਉਸਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਜਾਂਚ ਕਰਨ ’ਤੇ ਅਜਨਾਲਾ ਦੇ ਘੋੜਾ ਵਪਾਰੀ ਸਤਬੀਰ ਦਾ ਨਾਂ ਸਾਹਮਣੇ ਆਇਆ ਸੀ। ਜਦੋਂ ਪੁਲੀਸ ਨੇ ਸਤਬੀਰ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਤਬੀਰ ਤੋਂ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਸੰਦੀਪ ਸਿੰਘ ਕਾਹਲੋਂ ਨੇ ਉਸ ਨੂੰ ਗੈਂਗਸਟਰਾਂ ਨੂੰ ਬਠਿੰਡਾ ਛੱਡ ਕੇ ਆਉਣ ਲਈ ਭੇਜਿਆ ਸੀ। ਸੰਦੀਪ ਸਿੰਘ ਕਾਹਲੋਂ ਨੇ ਹੀ ਸਤਬੀਰ ਨੂੰ ਉਸ ਦੀ ਸੁਰੱਖਿਆ ਲਈ 315 ਬੋਰ ਦੀ ਪਿਸਤੌਲ ਦਿੱਤੀ ਸੀ।
ਮੁਲਜ਼ਮ ਸਤਬੀਰ ਨੂੰ ਜੇਲ੍ਹ ਵਿੱਚ ਕੁਟ ਮਾਰਕੇ ਕੀਤਾ ਜ਼ਖਮੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਥਿਤ ਕਾਤਲਾਂ ਨੂੰ ਫਾਰਚੂਨਰ ਵਿੱਚ ਬਠਿੰਡਾ ਛੱਡ ਕੇ ਆਉਣ ਵਾਲੇ ਮੁਲਜ਼ਮ ਸਤਬੀਰ ’ਤੇ ਸ਼ਨਿਚਰਵਾਰ ਰਾਤ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਹਮਲਾ ਹੋ ਗਿਆ। ਚਰਚਾ ਹੈ ਕਿ ਇਹ ਹਮਲਾ ਬੰਬੀਹਾ ਗਰੁੱਪ ਦੇ ਮੈਂਬਰਾਂ ਨੇ ਕੀਤਾ ਹੈ। ਸਤਬੀਰ ਦੇ ਫੱਟੜ ਹੋਣ ’ਤੇ ਪੁਲੀਸ ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਆਈ। ਇੱਥੇ ਇਲਾਜ ਤੋਂ ਬਾਅਦ ਉਸ ਨੂੰ ਦੁਬਾਰਾ ਜੇਲ੍ਹ ਲਿਆਂਦਾ ਜਾਵੇਗਾ।
ਪੰਜਾਬ ‘ਚ ਅਚਾਨਕ ਸਰਗਰਮ ਗੈਂਗਸਟਰ ਤੇ ਮੱਧ ਪ੍ਰਦੇਸ਼ ਤੇ ਯੂ.ਪੀ. ਦੇ ਹਥਿਆਰ ਪੰਜਾਬ ਪੁਲਿਸ ਲਈ ਚੁਣੌਤੀ ਬਣੇ
ਚੰਡੀਗੜ੍ਹ- ਪੰਜਾਬ ‘ਵਿਚ ਅਚਾਨਕ ਸਰਗਰਮ ਗੈਂਗਸਟਰ ਪੰਜਾਬ ਪੁਲਿਸ ਲਈ ਚੁਣੌਤੀ ਬਣੇ ਹੋਏ ਹਨ । ਖੁਫੀਆ ਏਜੰਸੀਆਂ ਤੋਂ ਜੋ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਤਾਜ਼ਾ ਜਾਣਕਾਰੀ ਮਿਲ ਰਹੀ ਹੈ ਕਿ ਸੂਬੇ ‘ਚ ਸਰਗਰਮ ਗੈਂਗਸਟਰ ਪਾਕਿਸਤਾਨ ਦੀ ਸਰਹੱਦ ਪਾਰੋਂ ਆਉਣ ਵਾਲੇ ਅਤਿ ਆਧੁਨਿਕ ਹਥਿਆਰਾਂ ਦੀ ਖੇਪ ਪੰਜਾਬ ‘ਵਿਚ ਪ੍ਰਾਪਤ ਵੀ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਸਤੇਮਾਲ ਹੋ ਰਿਹਾ ਹੈ । ਇਸ ਦੇ ਚੱਲਦੇ ਸੁਥਰੇ ਵੀ ਦੱਸਦੇ ਹਨ ਕਿ ਇਹ ਖੁਲਾਸਾ ਵੀ ਹੋਇਆ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਹੋਰ ਰਾਜਾਂ ਦੇ ਅਪਰਾਧੀਆਂ ਨੂੰ ਸਪਲਾਈ ਵੀ ਕੀਤਾ ਜਾ ਰਿਹਾ ਹੈ ।ਇੰਨਾ ਹੀ ਨਹੀਂ ਇੱਥੇ ਸਰਗਰਮ ਗੈਂਗਸਟਰਾਂ ਨੇ ਯੂ.ਪੀ., ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਦਿੱਲੀ, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਹਥਿਆਰਾਂ ਦੇ ਸਪਲਾਇਰਾਂ ਨਾਲ ਤਾਲ ਮੇਲ ਬਣਾ ਰੱਖਿਆ ਹੈ, ਜਿੱਥੋਂ ਉਨ੍ਹਾਂ ਨੂੰ ਵਰਤਣ ਲਈ ਦੇਸੀ ਕੱਟੇ ਪਿਸਤੌਲਾਂ, ਰਿਵਾਲਵਰਾਂ ਅਤੇ ਇਸ ਦੇ ਨਾਲ ਹੈਂਡ ਗ੍ਰਨੇਡ ਵਰਗੇ ਖਤਰਨਾਕ ਹਥਿਆਰ ਉਪਲੱਬਧ ਕਰਵਾਏ ਜਾ ਰਹੇ ਹਨ ।ਇਸ ਰਿਪੋਰਟ ‘ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਅੰਦਰੂਨੀ ਇਲਾਕਿਆਂ ‘ਵਿਚ ਅਪਰਾਧੀ ਅਤੇ ਗੈਂਗਸਟਰ ਯੂ.ਪੀ ਬਿਹਾਰ ਅਤੇ ਮੱਧ ਪ੍ਰਦੇਸ਼ ਤੋਂ ਛੋਟੇ ਹਥਿਆਰ ਜ਼ਿਆਦਾ ਮੰਗਵਾਉਣ ਲੱਗੇ ਹਨ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਇਲਾਕਿਆਂ ਤੋਂ ਲਿਆਂਦੇ ਹਥਿਆਰ ਗੈਂਗਸਟਰ ਅਤੇ ਹੋਰ ਅਪਰਾਧੀ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਖੁੱਲ੍ਹ ਕੇ ਇਸਤੇਮਾਲ ਕਰ ਰਹੇ ਹਨ, ਜੋ ਪੰਜਾਬ ਸਮੇਤ ਹੋਰਨਾਂ ਰਾਜਾਂ ਦੀ ਪੁਲਿਸ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ ।
Comment here