ਮਾਨਸਾ-ਐਤਕੀਂ ਬਸੰਤ ਪੰਚਮੀ ਤੋਂ ਮਹੀਨਾ ਪਹਿਲਾਂ ਹੀ ਪਤੰਗ ਵਿਕਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ 80 ਪ੍ਰਤੀਸ਼ਤ ਉਹ ਪਤੰਗ ਵਿਕ ਰਹੇ ਹਨ, ਜਿਨ੍ਹਾਂ ’ਤੇ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੋਈ ਹੈ। ਪੂਰੇ ਪੰਜਾਬ ’ਚ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗ ਵਿਕਣ ਦੀ ਸੂਚਨਾ ਹੈ ਅਤੇ ਇਕੱਲੇ ਮਾਨਸਾ ਸ਼ਹਿਰ ਵਿਚ ਹੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮਰਹੂਮ ਗਾਇਕ ਦੀ ਤਸਵੀਰ ਵਾਲੇ ਪਤੰਗ ਖ਼ਰੀਦੇ ਜਾ ਰਹੇ ਹਨ। ਦੁਕਾਨਦਾਰਾਂ ਦਾ ਦੱਸਣਾ ਹੈ ਕਿ ਬੱਚੇ ਤੋਂ ਲੈ ਕੇ ਨੌਜਵਾਨਾਂ ਦੀ ਪਹਿਲੀ ਮੰਗ ਹੁੰਦੀ ਹੈ ਕਿ ਮੂਸੇਵਾਲਾ ਦੀ ਤਸਵੀਰ ਵਾਲਾ ਪਤੰਗ ਹੀ ਦਿੱਤਾ ਜਾਵੇ। ਦੁਕਾਨਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਰੋਜ਼ਾਨਾ 1500 ਤੋਂ 2000 ਦੇ ਕਰੀਬ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗ ਵਿਕਦੇ ਹਨ। ਪਤੰਗਾਂ ਤੋਂ ਪਹਿਲਾਂ ਬਾਜ਼ਾਰਾਂ ’ਚ ਗਾਇਕ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ, ਬੈਨਰ, ਝੰਡੇ, ਛੱਲੇ, ਪੋਸਟਰ ਆਦਿ ਵੱਡੀ ਗਿਣਤੀ ਵਿਚ ਵਿਕੇ ਹਨ ਜਦਕਿ ਵੱਡੀ ਗਿਣਤੀ ਵਿਚ ਦੋ ਪਹੀਆ ਵਾਹਨਾਂ ਤੋਂ ਲੈ ਕੇ ਕਾਰਾਂ, ਜੀਪਾਂ ਦੇ ਨਾਲ ਹੀ ਟਰੱਕਾਂ ਆਦਿ ’ਤੇ ਗਾਇਕ ਦੀ ਫੋਟੋ ਵਾਲੇ ਪੋਸਟਰ ਲੱਗੇ ਆਮ ਨਜ਼ਰੀ ਪੈਂਦੇ ਹਨ। ਪਤੰਗ ਖ਼ਰੀਦਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਆਪਣੇ ਮਹਿਬੂਬ ਗਾਇਕ, ਜਿਸ ਨੇ ਮਾਨਸਾ ਜ਼ਿਲ੍ਹੇ ਦਾ ਨਾਂਅ ਦੁਨੀਆ ਭਰ ਵਿਚ ਪ੍ਰਸਿੱਧ ਕੀਤਾ ਹੈ, ਨੂੰ ਪਤੰਗ ਉਡਾ ਕੇ ਸ਼ਰਧਾਂਜਲੀ ਭੇਟ ਕਰਨਗੇ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ 26 ਜਨਵਰੀ ਨੂੰ ਬਸੰਤ ਪੰਚਮੀ ਵਾਲੇ ਦਿਨ ਇਕੱਲੇ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਨਾਲ ਹੋਰ ਦੇਸਾਂ ’ਚ ਵਸਦੇ ਗਾਇਕ ਮੂਸੇਵਾਲਾ ਦੇ ਪ੍ਰਸੰਸਕ ਲੱਖਾਂ ਦੀ ਗਿਣਤੀ ਵਿਚ ਪਤੰਗ ਉਡਾ ਕੇ ਮੰਗ ਕਰਨਗੇ ਕਿ ਮੂਸੇਵਾਲਾ ਪਰਿਵਾਰ ਨੂੰ ਪੂਰਨ ਇਨਸਾਫ਼ ਦਿੱਤਾ ਜਾਵੇ।

Comment here