ਫ਼ਰੀਦਕੋਟ-ਲੰਘੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਨਤਮਸਤਕ ਹੋਏ। ਸਿੱਧੂ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾਵਾਂ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ।
ਜ਼ਿਕਰਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇਸੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕੀਤਾ ਗਿਆ ਸੀ ਤੇ ਕੁਝ ਸਮੇਂ ਬਾਅਦ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਸਿੱਧੂ ਨੇ ਵਿਸਾਖੀ ਮੌਕੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਸੀ ਤੇ ਬੇਅਦਬੀ ਦੀਆਂ ਘਟਨਾਵਾਂ ’ਚ ਇਨਸਾਫ਼ ਦਿਵਾਉਣ ਦਾ ਸੰਕਲਪ ਕੀਤਾ ਸੀ।
Comment here