ਕਿਹਾ-ਭਗਵਾਨ ਨਾਲ ਗੱਲਾਂ ਕਰਨ ਦੇ ਦਾਅਵੇ ਕਰਨ ਵਾਲਾ ਸਿਧੂ ਮਾਨਸਿਕ ਤੌਰ ਤੇ ਅਸਥਿਰ
ਚੰਡੀਗੜ੍ਹ- ਪੰਜਾਬ ਸਿਆਸਤ ਵਿੱਚ ਸਭ ਤੋਂ ਵੱਧ ਟੁੱਟ ਭੱਜ ਦਾ ਸਾਹਮਣਾ ਕਾਂਗਰਸ ਕਰ ਰਹੀ ਹੈ, ਜਿਸ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਬਗਾਵਤ ਕਰਦਿਆਂ ਵੱਖਰੀ ਪਾਰਟੀ ਬਣਾ ਲਈ। ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਕੈਪਟਨ ਅਮਰਿੰਦਰ ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੇ ਗੱਠਜੋੜ ਨਾਲ ਚੋਣ ਮੈਦਾਨ ਵਿੱਚ ਹਨ। ਚੋਣ ਸਰਗਰਮੀ ਵਿੱਚ ਭਖਵੀਂ ਬਹਿਸ ਛੇੜਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸ਼ਰੀਕ ਨਵਜੋਤ ਸਿੰਘ ਸਿੱਧੂ ਖਿਲਾਫ ਲਗਾਤਾਰ ਸ਼ਬਦੀ ਹੱਲੇ ਬੋਲਣੇ ਜਾਰੀ ਰੱਖੇ ਹੋਏ ਹਨ। ਹੁਣ ਉਹਨਾਂ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ 2017 ਵਿਚ ਜਦੋਂ ਪਾਰਟੀ ਬਹੁਮਤ ਵਿਚ ਆਈ ਸੀ ਤਾਂ ਨਵਜੋਤ ਸਿੱਧੂ ਨੂੰ ਪੰਜਾਬ ਵਿਚ ਮੰਤਰੀ ਬਣਵਾਉਣ ਲਈ ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਸ ਦੇ ਕਰੀਬੀਆਂ ਨੇ ਕਾਫ਼ੀ ਲਾਬਿੰਗ ਕੀਤੀ ਸੀ। ਕੈਪਟਨ ਮੁਤਾਬਕ, ‘‘ਪਾਕਿਸਤਾਨ ਵਿਚ ਰਹਿੰਦੇ ਵਿਅਕਤੀ ਜੋ ਇਮਰਾਨ ਖ਼ਾਨ ਤੇ ਸਿੱਧੂ ਦੇ ਕਰੀਬੀ ਦੋਸਤ ਹਨ, ਨੇ ਫੋਨ ’ਤੇ ਮੈਸੇਜ ਭੇਜ ਕੇ ਸਿੱਧੂ ਨੂੰ ਮੰਤਰੀ ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ। ਮੈਂ ਕਿਉਂ ਜੋ ਕਦੇ ਇਮਰਾਨ ਖ਼ਾਨ ਨੂੰ ਨਾ ਕਦੇ ਮਿਲਿਆ ਸਾਂ ਤੇ ਨਾ ਨਿੱਜੀ ਤੌਰ ’ਤੇ ਜਾਣਦਾ ਸਾਂ, ਇਸ ਲਈ ਪੰਜਾਬ ਵਿਚ ਕਾਂਗਰਸ ਦੀ ਜਿੱਤ ਤੋਂ ਬਾਅਦ ਅਜਿਹੇ ਮੈਸੇਜ ਵੇਖ ਕੇ ਹੈਰਾਨ ਹੀ ਨਹੀਂ ਹੋਇਆ ਸਾਂ ਬਲਕਿ ਮੈਨੂੁੰ ਝਟਕਾ ਲੱਗਾ ਸੀ ਕਿ ਇਕ ਵਿਅਕਤੀ ਨੂੰ ਪੰਜਾਬ ਦਾ ਮੰਤਰੀ ਬਣਵਾਉਣ ਲਈ ਕਿਵੇਂ ਦੂਜੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਓਹਦੇ ਕਰੀਬੀ ਵਿਅਕਤੀ ਦਬਾਅ ਪਾ ਰਹੇ ਹਨ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਇਹ ਮੈਸੇਜ ਤੁਰੰਤ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਪਿ੍ਰਅੰਕਾ ਗਾਂਧੀ ਨੂੰ ਭੇਜ ਦਿੱਤੇ ਸਨ। ਸੋਨੀਆ ਦਾ ਤਾਂ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਪਰ ਪ੍ਰਿਅੰਕਾ ਨੇ ਵਾਪਸੀ ਮੈਸੇਜ ਵਿਚ ਲਿਖਿਆ, ‘ਬੇਵਕੂਫ਼ ਆਦਮੀ ਹੈ ਜੋ ਇਹੋ-ਜਿਹੇ ਮੈਸੇਜ ਕਰਵਾ ਰਿਹਾ ਹੈ।’’ ਕੈਪਟਨ ਨੇ ਦੱਸਿਆ ਕਿ ਜਵਾਬੀ ਮੈਸੇਜ ਵਿਚ ਉਨ੍ਹਾਂ ਨੂੰ ਇਹ ‘ਸਲਾਹ’ ਦਿੱਤੀ ਗਈ ਸੀ ਕਿ ਉਸ (ਸਿੱਧੂ) ਨੂੰ ਮੰਤਰੀ ਬਣਾ ਲਓ, ਜੇ ਸਿੱਧੂ ਗੜਬੜ ਕਰਦਾ ਹੈ ਤਾਂ ਉਸ ਨੂੰ ਕੈਬਨਿਟ ਵਿੱਚੋਂ ਬਾਹਰ ਕਰ ਦੇਣਾ। ਕੈਪਟਨ ਮੁਤਾਬਕ, ‘‘ਇਹੋ-ਜਿਹੇ ਮੈਸੇਜ ਵੇਖ ਕੇ ਨਵਜੋਤ ਸਿੱਧੂ ਦੇ ਪਾਕਿਸਤਾਨ ਪ੍ਰਤੀ ਮੋਹ ਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਮੇਰੇ ਜੋ ਖ਼ਦਸ਼ੇ ਸਨ, ਉਹ ਹੋਰ ਮਜ਼ਬੂਤ ਹੋ ਗਏ। 2017 ਵਿਚ ਜਿਸ ਦਿਨ ਸਿੱਧੂ ਦੀ ਕਾਂਗਰਸ ਵਿਚ ਐਂਟਰੀ ਨੂੰ ਲੈ ਕੇ ਸ਼ੁਰੂਆਤੀ ਪੱਧਰ ’ਤੇ ਮੇਰੇ ਅਤੇ ਸੋਨੀਆ ਦਰਮਿਆਨ ਗੱਲਬਾਤ ਹੋਈ ਸੀ, ਉਦੋਂ ਮੈਂ ਇਹ ਫੀਡਬੈਕ ਦਿੱਤੀ ਸੀ ਕਿ ਸਿੱਧੂ ਦੀ ਮਾਨਸਿਕ ਹਾਲਤ ਸਥਿਰ ਨਹੀਂ ਹੈ। ਦਰਅਸਲ, ਸਿੱਧੂ ਜਦੋਂ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ, ਉਦੋਂ ਮੈਨੂੰ ਸੋਨੀਆ ਗਾਂਧੀ ਦਾ ਫੋਨ ਆਇਆ ਸੀ ਕਿ ਤੁਸੀਂ ਨਵਜੋਤ ਨੂੰ ਮਿਲ ਲਓ ਤੇ ਫੀਡਬੈਕ ਭੇਜੋ। ਮੇਰਾ ਫੋਨ ’ਤੇ ਪਹਿਲਾ ਜਵਾਬ ਸੀ ‘ਹੀ ਇਜ਼ ਏ ਗੁਡ ਬੁਆਏ ਐਂਡ ਕ੍ਰਿਕਟਰ’ (ਉਹ ਚੰਗਾ ਨੌਜਵਾਨ ਤੇ ਕ੍ਰਿਕਟਰ ਹੈ…)। ਮੈਂ ਸਿੱਧੂ ਨੂੰ ਫੋਨ ਕਰਕੇ ਦਿੱਲੀ ਦੇ ਹੋਟਲ ਵਿਚ ਲੰਚ ਦਾ ਸੱਦਾ ਦਿੱਤਾ। ਅਸੀਂ ਬੰਦ ਕਮਰੇ ਵਿਚ ਮਿਲੇ ਸਾਂ। ਮੀਟਿੰਗ ਸ਼ੁਰੂ ਹੁੰਦੇ ਹੀ ਸਿੱਧੂ ਨੇ ਆਪਣੀ ਜੇਬ ਵਿਚੋਂ (ਛੋਟਾ) ਸ਼ਿਵਲਿੰਗ ਕੱਢ ਕੇ ਮੇਜ਼ ’ਤੇ ਰੱਖ ਦਿੱਤਾ ਤੇ ਆਖਣ ਲੱਗਾ ਕਿ ਹਰ ਰੋਜ਼ 6 ਘੰਟੇ ਤੱਕ ਧਿਆਨ ਕਰਦਾ ਹਾਂ। ਹਰ ਰੋਜ਼ ਤਿੰਨ ਘੰਟਿਆਂ ਤੱਕ ਭਗਵਾਨ ਨਾਲ ਗੱਲ ਕਰਦਾ ਹਾਂ। ਉਹ (ਸਿੱਧੂ) ਬੋਲਦਾ ਰਿਹਾ ਤੇ ਮੈਂ ਸੁਣਦਾ ਰਿਹਾ..! ਫਿਰ ਮੈਂ ਪੁੱਛ ਹੀ ਲਿਆ ਕਿ ਓਹਦੀ ਭਗਵਾਨ ਨਾਲ ਕਿਹੋ ਜਿਹੀ ਗੱਲ ਹੁੰਦੀ ਹੈ? ਓਹਦਾ ਜਵਾਬ ਸੀ ਕਿ ਬੱਸ ਕੁਝ ਇਸ ਤਰ੍ਹਾਂ ਕਿ ਜਿਵੇਂ … ਇਸ ਵਾਰ ਪੰਜਾਬ ਵਿਚ ਫ਼ਸਲ ਕਿਹੋ-ਜਿਹੀ ਹੋਵੇਗੀ, ਬਾਰਸ਼ ਕਿੰਨੀ ਕੁ ਪਏਗੀ? ਵਗੈਰਾ ਵਗੈਰਾ। ਇਸ ਤੋਂ ਤੁਰੰਤ ਬਾਅਦ ਮੈਂ ਸੋਨੀਆ ਗਾਂਧੀ ਨੂੰ ਫੀਡਬੈਕ ਭੇਜ ਦਿੱਤੀ ਕਿ ਇਹ ਵਿਅਕਤੀ ਮਾਨਸਿਕ ਪੱਖੋਂ ਸਥਿਰ ਨਹੀਂ ਹੈ। ਪਾਰਟੀ ਨੂੰ ਬਰਬਾਦ ਕਰ ਦਊਗਾ।’’ ਕੈਪਟਨ ਨੇ ਕਿਹਾ ਕਿ ਦੇਖ ਲਓ, ਉਸ ਤੋਂ ਬਾਅਦ ਜੋ ਵੀ ਅੱਜ ਪਾਰਟੀ ਵਿਚ ਹੋ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ’’। ਨਵਜੋਤ ਸਿੱਧੂ ਦੇ ਪਾਕਿਸਤਾਨ ਨਾਲ ਕਾਰੋਬਾਰ ’ਤੇ ਜ਼ੋਰ ਦੇਣ ਦੇ ਸਵਾਲ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਇਹ ਸੰਭਵ ਨਹੀਂ ਹੈ। 2002 ਵਿਚ ਤਾਂ ਮੈਂ ਖ਼ੁਦ ਪਾਕਿਸਤਾਨ ਨਾਲ ਕਾਰੋਬਾਰ ਵਧਾਉਣ ਦਾ ਬਹੁਤ ਤਰਫ਼ਦਾਰ ਸਾਂ ਪਰ ਇਨ੍ਹਾਂ ਵੀਹ ਸਾਲਾਂ ਵਿਚ ਜਿਵੇਂ ਚੀਨ ਅਤੇ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਕਾਰਨ ਪਾਕਿ ਤੇ ਭਾਰਤ ਦੇ ਸਬੰਧਾਂ ਵਿਚ ਤਬਦੀਲੀ ਆਈ ਹੈ, ਉਸ ਕਾਰਨ ਸਮੀਕਰਨ ਤੇ ਹਾਲਾਤ ਬਦਲ ਚੁੱਕੇ ਹਨ। ਪਾਕਿਸਤਾਨ ਹਰ ਰੋਜ਼ ਸਾਡੇ ਜਵਾਨਾਂ ਨੂੰ ਮਾਰਦਾ ਹੈ ਜੋ ਸਿਰਫ਼ ਪੰਜਾਬ ਹੀ ਨਹੀਂ ਮੁਲਕ ਦੇ ਹੋਰਨਾਂ ਹਿੱਸਿਆਂ ਤੋਂ ਵੀ ਹੁੰਦੇ ਹਨ। ਅਜਿਹੇ ਵਿਚ ਇਨ੍ਹਾਂ ਤਬਦੀਲ ਹੋਏ ਹਾਲਾਤ ਵਿਚ ਰਿਸ਼ਤਿਆਂ ਨੂੰ ਵਧਾਉਣ ਦੇ ਨਾਂ ’ਤੇ ਦੇਸ਼ ਦੀ ਸੁਰੱਖਿਆ ਨੂੰ ਦਾਅ ’ਤੇ ਨਹੀਂ ਲਾਇਆ ਜਾ ਸਕਦਾ’’।
Comment here