ਸਿਆਸਤਖਬਰਾਂ

ਸਿੱਧੂ ਦੇ ਸਲਾਹਕਾਰ ਮਾਲੀ ਨੇ ਦਿੱਤਾ ਅਸਤੀਫਾ, ਕਿਹਾ-ਕੈਪਟਨ ਤੋਂ ਜਾਨ ਨੂੰ ਖਤਰਾ

ਚੰਡੀਗੜ- ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਚਾਰ ਸਲਾਹਕਾਰ ਨਿਯੁਕਤ ਕੀਤੇ ਸਨ, ਜਿਹਨਾਂ ਵਿਚ ਸ਼ਾਮਲ ਮਾਲਵਿੰਦਰ ਸਿੰਘ ਮਾਲੀ ਅਤੇ ਡਾ ਪਿਆਰੇ ਲਾਲ ਗਰਗ ਦੇ ਬਿਆਨਾਂ ਨੇ ਕਾਂਗਰਸ ਚ ਭੂਚਾਲ ਲੈ ਆਂਦਾ, ਇਸ ਮਗਰੋਂ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਕਾਬੂ ਚ ਰੱਖਣ ਲਈ ਕਿਹਾ ਗਿਆ, ਫੇਰ ਵੀ ਮਾਲੀ ਦੇ ਬਿਆਨ ਜਾਰੀ ਰਹੇ, ਉਸ ਨੇ ਕਸ਼ਮੀਰ ਬਾਰੇ, ਤਾਲਿਬਾਨ ਬਾਰੇ, ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ, ਕੈਪਟਨ ਅਮਰਿੰਦਰ ਸਿੰਘ ਬਾਰੇ ਵਿਵਾਦਤ ਟਿਪਣੀਆਂ ਕੀਤੀਆਂ, ਤਾਂ ਸਿੱਧੂ ਨੂੰ ਹਰੀਸ਼ ਰਾਵਤ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ ਕਿਹਾ ਸੀ ਕਿ ਆਪਣੇ ਸਲਾਹਕਾਰ ਹਟਾਓ ਨਹੀਂ ਤਾਂ ਪਾਰਟੀ ਕਾਰਵਾਈ ਕਰੇਗੀ। ਇਸ ਮਗਰੋਂ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਉਪਰ ਹਮਲੇ ਵੀ ਕੀਤੇ। ਉਨ੍ਹਾਂ ਲਿਖਿਆ ਕਿ ਦਿੱਲੀ ਵਾਲੀਆਂ ਹਾਈ ਕਮਾਂਡਾਂ ਤੇ ਪੰਜਾਬ ਇਨਚਾਰਜਾਂ ਲਈ ਪੰਜਾਬ ਤਾਂ ਸੋਨੇ ਦੀ ਖਾਣ ਬਣਿਆ ਹੋਇਆ ਹੈ ਤੇ ਇਹ ਅਕਸਰ ਬੱਚੇ ਖਾਣੀ ਸੱਪਣੀ ਵਰਗਾ ਰੋਲ ਨਿਭਾਉਂਦੀਆਂ ਆ ਰਹੀਆਂ ਹਨ , ਪੰਜਾਬ ਅੰਦਰ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀ ਰਹੀ ਜਿਹੜੇ ਦਿੱਲੀ ਦੇ ਪੰਜਾਬ ਵਿਰੋਧੀ ਕੁਹਾੜੇ ਦਾ ਦਸਤਾ ਬਣਨ ਲਈ ਇਕ ਦੂਜੇ ਤੋਂ ਮੋਹਰੀ ਹੋਣ ਦੀ ਕਾਹਲ ਵਿੱਚ ਰਹੇ ਹਨ ਤੇ ਹੁਣ ਵੀ ਹਨ। ਪਰ ਪੰਜਾਬ ਆਪਣੇ ਸੱਚੇ ਸਪੂਤ ਦੀ ਭਾਲ ਵਿੱਚ ਅੱਜ ਵੀ ਦੁਵਿਧਾ ਤੇ ਭਟਕਣ ਦਾ ਸ਼ਿਕਾਰ ਹੈ, –  ਬਾਦਲਕੇ ਤਾਂ ਪਾਰਟੀ, ਪੰਜਾਬ ਤੇ ਦਿੱਲੀ ਵਾਲੀਆਂ ਗੁਰਦੁਆਰਾ ਪਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਉੱਪਰ ਪਰਵਾਰਿਕ ਕਬਜ਼ਾ ਕਰਕੇ ਸੰਮੁਦਰੀ ਡਾਕੂ ਬਣੇ ਹੀ ਹੋਏ ਹਨ, -ਆਮ ਆਦਮੀ ਪਾਰਟੀ ਦਾ ਤਜਰਬਾ ਤਾਂ ਤੁਹਾਡੇ ਸਾਹਮਣੇ ਹੀ ਹੈ ਤੇ ਕਾਂਗਰਸ ਪਾਰਟੀ ਬਾਰੇ ਅਜਿਹੇ ਦਿਲ ਰੌਂਗਟੇ ਖੜੇ ਕਰਨ ਵਾਲੇ ਤੱਥ ਜੱਗ ਜ਼ਾਹਰ ਹਨ ਤੇ ਕਈਆਂ ਦਾ ਮੈਂ ਸੁਲਤਾਨੀ ਗਵਾਹ ਹਾਂ , ਜੋ ਆਉਣ ਵਾਲੇ ਦਿਨਾਂ ਵਿੱਚ ਮੈਂ ਨਸ਼ਰ ਕਰਦਾ ਰਹਾਂਗਾ। 

ਇਸ ਤੋਂ ਬਾਅਦ ਮਾਲੀ ਨੇ ਇਹ ਅਸਤੀਫਾ ਦਿੰਦਿਆਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ, ”ਮੈਂ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦੇਣ ਲਈ ਦਿੱਤੀ ਗਈ ਸਹਿਮਤੀ ਨੂੰ ਵਾਪਸ ਲੈਣ ਦਾ ਨਿਮਰਤਾ ਸਹਿਤ ਐਲਾਨ ਕਰਦਾ ਹਾਂ।” ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਜੇ ਮੇਰਾ ਨੁਕਸਾਨ ਹੋਇਆ ਤਾਂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਵਿਜੇਂਦਰ ਸਿੰਘ, ਪੰਜਾਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਅਤੇ ਭਾਜਪਾ ਦੇ ਸੁਭਾਸ਼ ਸ਼ਰਮਾ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਜਰਨੈਲ ਸਿੰਘ ਜ਼ਿੰਮੇਵਾਰ ਹੋਣਗੇ।
ਇਸ ਦੌਰਾਨ ਇਹ ਵੀ ਖਬਰ ਆਈ ਹੈ ਕਿ ਕਸ਼ਮੀਰ ਮੁੱਦੇ ਵਾਲੇ ਵਿਵਾਦਿਤ ਬਿਆਨ ਉੱਤੇ ਬੀਜੇਪੀ ਆਗੂ ਆਰ ਪੀ ਸਿੰਘ ਨੇ ਕਿਹਾ ਕਿ ਉਹ ਮਾਲੀ ਦੇ ਖਿਲਾਫ਼ ਅਦਾਲਤ ਜਾਵੇਗਾ।

Comment here