ਕਸ਼ਮੀਰ ਬਾਰੇ ਦਿੱਤਾ ਸੀ ਵਿਵਾਦਤ ਬਿਆਨ
ਤਾਲਿਬਾਨ ਦੀ ਵੀ ਤਾਰੀਫ ਕਰ ਰਿਹੈ ਮਾਲੀ
ਅੰਮ੍ਰਿਤਸਰ – ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਸੂਤੇ ਫਸਦੇ ਜਾ ਰਹੇ ਹਨ, ਉਹਨਾਂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਲਗਾਤਾਰ ਕਈ ਵਿਵਾਦਤ ਬਿਆਨ ਦਿੱਤੇ ਹਨ। ਮਾਲੀ ਨੇ ਸੰਵਿਧਾਨ ਦੀ ਧਾਰਾ 370 ਦੇ ਤਹਿਤ ਜੰਮੂ -ਕਸ਼ਮੀਰ ਨੂੰ ਦਿੱਤੇ ਵਿਸ਼ੇਸ਼ ਦਰਜੇ ਅਤੇ ਖੁਦਮੁਖਤਿਆਰੀ ਨੂੰ ਰੱਦ ਕਰਨ ਦੇ ਵਿਰੁੱਧ ਆਪਣੀ ਹਾਲੀਆ ਫੇਸਬੁੱਕ ਪੋਸਟ ਨਾਲ ਇੱਕ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਨੇ ਕਾਂਗਰਸ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ, “ਕਸ਼ਮੀਰ ਕਸ਼ਮੀਰੀਆਂ ਦਾ ਹੈ। ਭਾਰਤ ਅਤੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੇ ਸਿਧਾਂਤਾਂ ਦੇ ਵਿਰੁੱਧ ਜਾ ਕੇ ਕਸ਼ਮੀਰ ਖੇਤਰ ਨੂੰ ਗੈਰਕਨੂੰਨੀ ਢੰਗ ਨਾਲ ਜੋੜਿਆ ਹੈ। ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਅਤੇ 35-ਏ ਰੱਖਣ ਦੀ ਕੀ ਲੋੜ ਸੀ। ਰਾਜਾ ਹਰੀ ਸਿੰਘ ਨਾਲ ਵਿਸ਼ੇਸ਼ ਸਮਝੌਤਾ ਕੀ ਸੀ? ਲੋਕਾਂ ਨੂੰ ਦੱਸੋ ਕਿ ਸਮਝੌਤੇ ਦੀਆਂ ਸ਼ਰਤਾਂ ਕੀ ਸਨ।” ਵਿਰੋਧੀ ਪਾਰਟੀਆਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਾਲੀ ਦੀ ਕਸ਼ਮੀਰ ਬਾਰੇ ਵਿਵਾਦਤ ਟਿੱਪਣੀਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਇਸ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੱਤਾ, ਜਦੋਂ ਕਿ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਮਾਲੀ ਨੂੰ ਸਲਾਹਕਾਰ ਦੇ ਅਹੁਦੇ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ।
ਪਰ ਮਾਲੀ ਆਪਣੇ ਬਿਆਨ ‘ਤੇ ਖੜ੍ਹੇ ਹਨ ਅਤੇ ਕਿਹਾ ਕਿ ਧਾਰਾ 370 ਅਤੇ 35 ਏ ਨੂੰ ਕਿਵੇਂ ਰੱਦ ਕੀਤਾ ਜਾ ਸਕਦਾ ਹੈ ਜਦੋਂ ਮਾਮਲਾ ਅਜੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ? ਮਾਲੀ ਦੀ ਵਿਵਾਦਤ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ,’ ‘ਕੀ ਉਹ ਉਨ੍ਹਾਂ ਤਾਕਤਾਂ ਦੇ ਨਾਲ ਖੜ੍ਹੇ ਹਨ ਜੋ ਦੇਸ਼ ਦੇ ਵਿਰੁੱਧ ਕੰਮ ਕਰ ਰਹੀਆਂ ਹਨ? ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਇਸਦੇ ਜਵਾਬ ਵਿੱਚ, ਮਾਲੀ ਨੇ ਇੱਕ ਅਖ਼ਬਾਰ ਦੀ ਕਲਿਪਿੰਗ ਪੋਸਟ ਕੀਤੀ ਜਿਸ ਵਿੱਚ ਦਿਖਾਇਆ ਗਿਆ ਕਿ ਅਕਾਲੀਆਂ ਨੇ ਅਤੀਤ ਵਿੱਚ ਕਸ਼ਮੀਰ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਸਮਰਥਨ ਕੀਤਾ ਸੀ। ਇਸ ਦੌਰਾਨ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਸਿੱਧੂ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਕੀ ਉਹ ਮਾਲੀ ਦੇ ਕਸ਼ਮੀਰ ਬਾਰੇ ਬਿਆਨ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਅਸੀਂ ਸਲਾਹਕਾਰ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਾਂ। ਮਾਲੀ ਨੇ ਤਾਲਿਬਾਨਾਂ ਦੀ ਵੀ ਤਾਰੀਫ ਕੀਤੀ ਹੈ, ਜਿਸ ਤੋਂ ਪਾਰਟੀ ਦੇ ਅੰਦਰ ਵੀ ਨਰਾਜ਼ਗੀ ਪੈਦਾ ਹੋ ਰਹੀ ਹੈ, ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਨੇ ਸਿਧੂ ਨੂੰ ਆਪਣੇ ਇਸ ਸਲਾਹਕਾਰ ਨੂੰ ਕਾਬੂ ਚ ਰੱਖਣ ਲਈ ਕਿਹਾ ਹੈ।
ਅੱਜ ਨਵਜੋਤ ਸਿੰਘ ਸਿੱਘੂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੇ ਬਾਹਰ ਭਾਰਤੀ ਯੁਵਾ ਮੋਰਚਾ ਵਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਨੇ ਕਸ਼ਮੀਰ ਸਬੰਧ ’ਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਹੈ, ਜਿਸ ਤੋਂ ਕਾਂਗਰਸ, ਸਿੱਧੂ ਅਤੇ ਉਸ ਦੀ ਟੀਮ ਦੀ ਅਸਲੀਅਤ ਸਾਹਮਣੇ ਆਈ ਹੈ। ਸਿੱਧੂ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਦੂਜੇ ਪਾਸੇ ਸਿੱਧੂ ਦੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ, ਹੈਰੀਕੇਡ ਲਾਏ ਗਏ, ਪਰਦਰਸ਼ਨਕਾਰੀ ਪੁਲਸ ਨਾਲ ਧੱਕਾਮੁਕੀ ਵੀ ਹੋਏ, ਯੁਵਾ ਮੋਰਚਾ ਦੇ ਆਗੂਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ, ਉਹ ਅਧ ਨੰਗੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ।
Comment here