ਸਿਆਸਤਖਬਰਾਂਦੁਨੀਆ

ਸਿੱਧੂ ਦੇ ਪਾਕਿਸਤਾਨੀ ਦੋਸਤਾਂ ਨਾਲ ਪ੍ਰੇਮ ਦੇ ਬਚਾਅ ਚ ਆਏ ਹਰੀਸ਼ ਰਾਵਤ

ਕਿਹਾ-ਪੰਜਾਬੀ ਭਰਾ ਨੂੰ ਗਲ਼ੇ ਮਿਲਣਾ ਦੇਸ਼ਧ੍ਰੋਹ ਨਹੀਂ
ਚੰਡੀਗੜ-ਪੰਜਾਬ ਕਾਂਗਰਸ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਪਾਕਿ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਜੱਫੀ ਪਾਉਣ ਦੇ ਮਾਮਲੇ ’ਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਧਾਰਮਿਕ ਅਸਥਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਧੰਨਵਾਦ ਦਿੰਦੇ ਹੋਏ ਇਕ ਆਪਣੇ ਦੂਸਰੇ ਪੰਜਾਬੀ ਭਰਾ ਨੂੰ ਗਲ਼ੇ ਮਿਲਦਾ ਹੈ ਤਾਂ ਇਸ ਵਿਚ ਦੇਸ਼ਧ੍ਰੋਹ ਕੀ ਹੈ। ਰਾਵਤ ਨੇ ਕਿਹਾ ਕਿ ਭਾਜਪਾ ਨੂੰ ਨਵਜੋਤ ਸਿੰਘ ਸਿੱਧੂ ਦੀ ਇਮਰਾਨ ਖ਼ਾਨ ਦੇ ਨਾਲ ਦੋਸਤੀ ਖਲ਼ ਰਹੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ’ਚ ਹਨ ਪਰ ਜਦੋਂ ਭਾਪਾ ਦੇ ਸੰਸਦ ਮੈਂਬਰ ਸਨ, ਉਦੋਂ ਭਾਜਪਾ ਉਨ੍ਹਾਂ ਨੂੰ ਪੰਜਾਬ ’ਚ ਆਪਣਾ ਖ਼ੈਰ-ਖਵਾਹ ਮੰਨਦੀ ਸੀ, ਉਸ ਵੇਲੇ ਵੀ ਤਾਂ ਸਿੱਧੂ ਦੀ ਇਮਰਾਨ ਖ਼ਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੂੜ੍ਹੀ ਮਿੱਤਰਤਾ ਸੀ। ਰਾਵਤ ਨੇ ਭਾਜਪਾ ਨੂੰ ਚੇਤੇ ਕਰਾਇਆ ਹੈ ਕਿ ਪੀਐੱਮ ਨਰਿੰਦਰ ਮੋਦੀ ਵੀ ਨਵਾਜ ਸ਼ਰੀਫ ਨੂੰ ਗਲ਼ੇ ਮਿਲੇ ਸਨ। ਸਿੱਧੂ ਜਦੋਂ ਕਰਤਾਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਗਏ ਸਨ ਤਾਂ ਉਹ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ’ਚ ਲੋਕਲ ਬਾਡੀ ਮਿਨੀਸਟਰ ਸਨ। ਕੈਪਟਨ ਨੇ ਉਸ ਵੇਲੇ ਵੀ ਸਿੱਧੂ ਦੀ ਇਸ ਹਰਕਤ ’ਤੇ ਇਤਰਾਜ਼ ਪ੍ਰਗਟਾਇਆ ਸੀ। ਇਸ ਤੋਂ ਬਾਅਦ ਕੈਪਟਨ ਤੇ ਸਿੱਧੂ ਵਿਚਕਾਰ ਦੂਰੀ ਵਧਦੀ ਚਲੀ ਗਈ। ਕੈਪਟਨ ਨੇ ਉਨ੍ਹਾਂ ਦਾ ਵਿਭਾਗ ਬਦਲ ਦਿੱਤਾ ਸੀ। ਸਿੱਧੂ ਨੂੰ ਊਰਜਾ ਵਿਭਾਗ ਦਿੱਤਾ ਗਿਆ, ਪਰ ਸਿੱਧੂ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਤੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੋ ਸਾਲਾਂ ਤੋਂ ਚੁੱਪ ਧਾਰਨ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ ’ਚ ਸਿੱਧੂ ਇਕ ਵਾਰ ਫਿਰ ਸਰਗਰਮ ਹੋਏ ਤੇ ਕੈਪਟਨ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਕੁਝ ਮੰਤਰੀਆਂ ਵੱਲੋਂ ਸਿੱਧੂ ਖਿਲਾਫ਼ ਬਗ਼ਾਵਤ ਕਰ ਦਿੱਤੀ ਗਈ। ਆਖ਼ਰਕਾਰ ਕੈਪਟਨ ਨੂੰ ਸੀਐੱਮ ਅਹੁਦਾ ਛੱਡਣਾ ਪਿਆ। ਸੀਐੱਮ ਅਹੁਦਾ ਛੱਡਣ ਤੋਂ ਬਾਅਦ ਕੈਪਟਨ ਨੇ ਇਕ ਵਾਰ ਫਿਰ ਸਿੱਧੂ ’ਤੇ ਬਾਜਵਾ ਨੂੰ ਗਲ਼ੇ ਮਿਲਣ ਸਬੰਧੀ ਟਿੱਪਣੀ ਕੀਤੀ ਤਾਂ ਭਾਜਪਾ ਨੇ ਇਸ ਨੂੰ ਮੌਕੇ ਵਜੋਂ ਲਿਆ। ਭਾਜਪਾ ਨੇ ਕਿਹਾ ਕਿ ਕੈਪਟਨ ਨੇ ਸਿੱਧੂ ਖਿਲਾਫ਼ ਦੋਸ਼ ਲਗਾਏ ਹਨ, ਪਰ ਕਾਂਗਰਸ ਦੀ ਸੁਪਰੀਮ ਅਗਵਾਈ ਚੁੱਪ ਹੈ। ਹੁਣ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰ ਕੇ ਜਵਾਬ ਦਿੱਤਾ ਹੈ।

Comment here