ਸਿਆਸਤਖਬਰਾਂ

ਸਿੱਧੂ ਦਾ ਸਵਾਗਤ ਚ ਚਾਅ ਨਾਲ ਭਰੇ ਦੁਆਬੀਆਂ ਨੇ ਕਾਂਗਰਸ ਭਵਨ ਦੇ ਗੇਟ ਤੋੜ ਛੱਡੇ

ਜਲੰਧਰ-ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਪੰਜਾਬ  ਪਰਧਾਨ ਬਣਨ ਤੋਂ ਬਾਅਦ ਲਗਾਤਾਰ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਮਿਲ ਰਹੇ ਹਨ, ਅੱਜ ਉਹ ਕਪੂਰਥਲਾ ਤੇ ਜਲੰਧਰ ਦੇ ਆਗੂਆਂ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਜਲੰਧਰ ਪਹੁੰਚੇ। ਜਿੱਥੇ ਸਿੱਧੂ ਨੂੰ ਵੇਖਣ ਤੇ ਮਿਲਣ ਲਈ ਇਕੱਠੀ ਹੋਈ ਬੇਕਾਬੂ ਭੀੜ ਨੇ ਕਾਂਗਰਸ ਭਵਨ ਦਾ ਦਰਵਾਜ਼ਾ ਵੀ ਤੋੜ ਦਿੱਤਾ ਤੇ ਇਥੇ ਲਗੇ ਫੁਲ ਬੂਟੇ, ਸਮੇਤ ਗਮਲਿਆੰ ਦੇ ਨੁਕਸਾਨੇ ਗਏ। ਪੁਲਸ ਤੋਂ ਵੀ ਭੀੜ ਕੰਟਰੋਲ ਨਹੀਂ ਹੋਈ, ਮਿਲਣ ਵਾਲਿਆਂ ਚ ਵੱਡੀ ਗਿਣਤੀ ਨੌਜਵਾਨਾਂ ਦੀ ਸੀ। ਇੱਥੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਆਇਆ ਹਾਂ, ਜਿਨ੍ਹਾਂ ਨੂੰ ਹੁਣ ਬੂਰ ਪੈ ਰਿਹਾ ਹੈ।  ਉਹਨਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ। ਕੈਪਟਨ ਇਸ ‘ਤੇ ਐੱਸ. ਵਾਈ. ਐੱਲ. ਵਾਂਗੂੰ ਪੱਕਾ ਸਟੈਂਡ ਲੈਣ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਸੰਪਰਕ ਸਾਧਨਾ ਚਾਹੀਦਾ ਹੈ, ਬਿਜਲੀ ਸਮਜੌਤੇ ਰਦ ਕਰਨ ਲਈ ਪ੍ਰਕਿਰਿਆ ਸ਼ੁਰੂ ਹੋਣ ਦੀ  ਵੀ ਸਿੱਧੂ ਨੇ ਗੱਲ ਕੀਤੀ, ਤੇ ਨਸ਼ੇ ਦੇ ਮਾਮਲੇ ਚ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਓਪਨ ਕਰਨ ਲਈ ਵੀ ਕਿਹਾ। ਬੇਅਦਬੀ ਮਾਮਲਿਆਂ ਬਾਰੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਸਿੱਧੂ ਨੇ ਇਥੇ ਵੀ ਬਾਦਲ ਪਰਿਵਾਰ ਬਾਰੇ ਆਪਣੀ ਚਰਚਿਤ ਟਿਪਣੀ ਕੀਤੀ, – ਕੋਠੇ ’ਤੇ ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ। ਸਿੱਧੂ ਦੇ ਨਾਲ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ ਅਤੇ ਵਿਧਾਇਕ ਪਰਗਟ ਸਿੰਘ ਵੀ ਇਥੇ ਹਾਜ਼ਰ ਸਨ। ਪਾਰਟੀ ਦੇ ਹੋਰ ਕਈ ਹਲਕੇ ਦੇ ਵੱਡੇ ਕੱਦ ਦੇ ਨੇਤਾ ਵੀ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਨ ਲਈ ਹਾਜ਼ਰ ਹੋਏ। ਇੱਥੇ ਪਰਗਟ ਸਿੰਘ ਨੇ ਕਿਹਾ ਕਿ ਅਸੀਂ ਚੋਣ ਪ੍ਰਚਾਰ ਲਈ ਲੋਕਾਂ ਵਿਚਾਲੇ ਤਾਂ ਹੀ ਜਾਵਾਂਗੇ ਜਦੋਂ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰ ਲਏ।

Comment here