ਸਿਆਸਤਖਬਰਾਂ

ਸਿੱਧੂ ਦਾ ਆਈਐਸਆਈ ਨਾਲ ਸੰਬੰਧ-ਮਜੀਠੀਆ

‘ਠੋਕੋ ਤਾੜੀ’ ਫੜੇਗਾ ਝਾੜੂ – ਮਜੀਠੀਆ

ਡਰੱਗ ਰਿਪੋਰਟ ਦੇ ਪਹਿਲੇ ਸਫੇ ਤੇ ਮਜੀਠੀਏ ਦਾ ਨਾਮ-ਬੀਬੀ ਨਵਜੋਤ

ਚੰਡੀਗੜ੍ਹ- ਵਿਰੋਧੀ ਸਿਆਸਤਦਾਨ ਇੱਕ ਦੂਜੇ ਤੇ ਸ਼ਬਦੀ ਹੱਲਾ ਬੋਲਣ ਦਾ ਕੋਈ ਮੌਕਾ ਨਹੀਂ ਗਵਾਉੰਦੇ। ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਕਟਾਖਸ਼ ਕੱਸਿਆ  ਹੈ ਕਿ ਸਿੱਧੂ ਦੇ ਆਈਐਸਆਈ ਨਾਲ ਸੰਬੰਧ ਹਨ, ਇਸ ਕਰਕੇ ਉਹ ਆਈਐਸਆਈ ਦੇ ਚੀਫ ਬਾਜਵਾ ਨਾਲ ਕਰਤਾਰਪੁਰ ਲਾਂਘ ਖੁਲਵਾਉਣ ਲਈ ਗੱਲ ਕਰ ਲਵੇ। ਤੇ ਚੰਨੀ ਭਾਰਤ ਸਰਕਾਰ ਨਾਲ ਗੱਲ ਕਰੇ ਪਰ ਕਰਤਾਰਪੁਰ ਲਾਂਘਾ ਖੁੱਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚਿਹਰਾ ਲੱਭ ਗਿਆ ਹੈ ਤੇ ਠੋਕੋ ਤਾੜੀ (ਨਵਜੋਤ ਸਿੱਧੂ) ਝਾੜੂ ਦਾ ਪੱਲਾ ਫੜੇਗਾ। ਮਜੀਠੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇਖ ਕੇ ਮੈਂ ਕਹਿ ਰਿਹਾਂ, ਸਿੱਧੂ ਨੇ ਹੁਣ ਕਾਂਗਰਸ ‘ਚ ਟਿਕਣਾ ਨਹੀਂ। ਚੰਨੀ ਸਰਕਾਰ ਤੇ ਹੱਲਾ ਬੋਲਦਿਆਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਸਿਰਫ ਇੱਕ ਦਿਨ ਤੱਕ ਸੀਮਤ ਕਰ ਦਿੱਤਾ ਹੈ। ਹੁਣ ਸੈਸ਼ਨ ਸ਼ਰਧਾਂਜਲੀਆਂ ਤਕ ਸੀਮਤ ਹੋ ਗਿਆ ਹੈ। ਇਸ ਲਈ ਵਿਸ਼ੇਸ਼ ਸੈਸ਼ਨ ਤੋਂ ਪੰਜਾਬ ਦੇ ਲੋਕ ਕੋਈ ਆਸ ਨਾ ਰੱਖਣ। ਸੈਸ਼ਨ ‘ਚ ਰੱਖੇ ਮੁੱਦਿਆਂ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ। ਕਾਂਗਰਸ ਦਾ ਇੱਕ ਜੁਮਲਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਬਕਾਏ ਖੜ੍ਹੇ ਹਨ। ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਮੁਲਾਜ਼ਮਾਂ ‘ਤੇ ਲਾਠੀਚਾਰਜ ਹੋ ਰਹੇ ਹਨ ਪਰ ਵਿਧਾਨ ਸਭਾ ਵਿੱਚ ਇਹ ਮੁੱਦੇ ਨਹੀਂ ਉਠਾਏ ਜਾ ਰਹੇ। ਬੀਐਸਐਫ ਦੇ ਮੁੱਦੇ ਤੇ ਮਜੀਠੀਆ ਨੇ ਕਿਹਾ ਪੰਜ ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤੇ ਅੰਦਰਖਾਤੇ ਪੰਜਾਬ ਦੇ ਹਿੱਤਾਂ ਨੂੰ ਸਰੰਡਰ ਕਰ ਦਿੱਤਾ। ਬਾਹਰ ਆ ਕੇ ਕੁਝ ਹੋਰ ਕਿਹਾ। ਫਿਰ 11 ਅਕਤੂਬਰ ਨੂੰ ਬੀਐਸਐਫ ਨੂੰ ਹੁਕਮ ਆ ਗਏ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਅੱਗੇ ਜੇਲ੍ਹਾਂ ਸਰੰਡਰ ਕੀਤੀਆਂ। ਮਜੀਠੀਆ ਨੇ ਕਿਹਾ ਜੋ ਮਨੀਸ਼ ਤਿਵਾੜੀ ਨੇ ਕਿਹਾ, ਉਸ ‘ਤੇ ਗੱਲ ਨਹੀਂ ਕੀਤੀ। ਕੇਂਦਰ ਅੱਗੇ ਇਹ ਮੁੱਦਾ ਨਹੀਂ ਉਠਾਇਆ। ਖੇਤੀ ਕਾਨੂੰਨਾਂ ‘ਤੇ ਜੋ ਮਤਾ ਪਾ ਕੇ ਭੇਜਿਆ ਪਰ ਉਹ ਗਵਰਨਰ ਕੋਲ ਪਹਿਲਾਂ ਹੀ ਪਿਆ ਤੇ ਹੁਣ ਸੈਸ਼ਨ ਵਿੱਚ ਇਹ ਮੁੱਦੇ ‘ਤੇ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ‘ਚ ਫੈਸਲਾ ਕਰਨ ਕਿ ਬੀਐਸਐਫ ਨੂੰ ਕੋਈ ਸਹਿਯੋਗ ਨਹੀਂ ਦੇਣਗੇ ਜਾਂ ਪੀਪੀਏ ਰੱਦ ਕਰਨ ਦਾ ਐਗਜੈਕਟਿਵ ਹੁਕਮ ਜਾਰੀ ਕਰਨ। ਲੋਕਾਂ ਨੂੰ ਮੂਰਖ ਬਣਾਉਣ ਲਈ ਕੈਬਨਿਟ ਮੀਟਿੰਗ ਸੱਦੀ ਹੈ। ਇਸ਼ਤਿਹਾਰਾਂ ‘ਤੇ ਧੜਾਧੜ ਕਰੋੜਾਂ ਰੁਪਏ ਖਰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੈਸ਼ਨ ਬੁਲਾ ਕੇ ਬਹੁਤ ਵੱਡਾ ਧੋਖਾ ਕਰ ਰਹੇ ਹਨ। ਵਿਧਾਇਕ ਅੰਤਰ-ਆਤਮਾ ਦੀ ਆਵਾਜ਼ ਨਾਲ ਦੱਸਣ ਜਿਹੜੇ ਮੁੱਦੇ ਲਿਆਂਦੇ, ਉਸ ਨਾਲ ਲੋਕਾਂ ਦਾ ਕੋਈ ਭਲਾ ਹੋਇਆ। ਉਨ੍ਹਾਂ ਕਿਹਾ ਕਿ ਓਨੇ ਦਿਨ ਸਰਕਾਰ ਨੂੰ ਨਹੀਂ ਹੋਏ ਜਿੰਨੀਆਂ ਕੈਬਨਿਟ ਮੀਟਿੰਗਾਂ ਹੋ ਰਹੀਆਂ ਹਨ। ਬਿਜਲੀ ਦੇ ਬਿੱਲ ਮਾਫ ਤਾਂ ਕਰ ਦਿੱਤੇ ਪਰ ਇਹ ਦੇਣੇ ਅਗਲੀ ਸਰਕਾਰ ਨੂੰ ਪੈਣੇ ਹਨ।

ਡਰੱਗ ਰਿਪੋਰਟ ਦੇ ਪਹਿਲੇ ਪੇਜ ‘ਤੇ ਮਜੀਠੀਆ ਦਾ ਨਾਂ-ਨਵਜੋਤ ਕੌਰ

ਬਿਕਰਮ ਮਜੀਠੀਆ ਵਲੋਂ ਕੀਤੇ ਸ਼ਬਦੀ ਹੱਲਿਆਂ ਤੇ ਬੀਬੀ ਨਵਜੋਤ ਕੌਰ ਸਿੱਧੂ ਨੇ ਵੀ ਤਿੱਖੀ ਸੁਰ ਚ ਜੁਆਬ ਦਿੱਤਾ ਹੈ। ਉਹਨਾਂ ਕਿਹਾ ਕਿ ਡਰੱਗ ਦੀ ਰਿਪੋਰਟ ਖੁੱਲ੍ਹਣੀ ਚਾਹੀਦੀ ਹੈ ਕਿਉਂਕਿ ਉਸ ਰਿਪੋਰਟ ਦੇ ਪਹਿਲੇ ਪੇਜ ‘ਤੇ ਬਿਕਰਮ ਮਜੀਠੀਆ ਦਾ ਨਾਮ ਲਿਖਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਇਹ ਰਿਪੋਰਟ ਖੁਦ ਪੜ੍ਹੀ ਹੈ ਜਿਸ ‘ਚ ਭੋਲੇ ਨੇ ਮਜੀਠੀਆ ਦਾ ਜਿਕਰ ਕੀਤਾ ਹੈ। ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲੋਂ ਨਵਜੋਤ ਸਿੱਧੂ ‘ਤੇ ਲਾਏ ਗਏ ਇਲਜਾਮਾਂ ਦਾ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਬਿਕਰਮ ਮਜੀਠੀਆ ਦੇ ਸੂਤਰਾਂ ਨੇ ਹੀ ਇਨ੍ਹਾਂ ਨੂੰ ਇੱਥੋਂ ਤਕ ਪਹੁੰਚਾਇਆ ਹੈ ਤੇ ਮਜੀਠੀਆ ਨੂੰ ਜੇ ਆਈਐਸਆਈ ਬਾਰੇ ਇੰਨਾ ਪਤਾ ਹੈ ਤਾਂ ਫਿਰ ਮਜੀਠੀਆ ਦੇ ਲਿੰਕ ਜ਼ਰੂਰ ਹੋਣਗੇ। ਉਨ੍ਹਾਂ ਕਿਹਾ ਕਿ ਅਰੂਸਾ ਆਲਮ ਬਾਰੇ ਅਕਾਲੀ ਦਲ ਤੇ ਬਿਕਰਮ ਮਜੀਠੀਆ ਕਿਉਂ ਨਹੀਂ ਬੋਲੇ।ਨਵਜੋਤ ਕੌਰ ਸਿੱਧੂ ਆਪਣੇ ਹਲਕੇ ‘ਚ ਫੋਗਿੰਗ ਮਸ਼ੀਨਾਂ ਵੰਡਣ ਆਏ ਸਨ। ਆਪਣੇ ਪਤੀ ਨਵਜੋਤ ਸਿੱਧੂ ਦੇ ਮੌਜੂਦਾ ਬਿਆਨਾਂ ਤੇ ਤਲਖਕਲਾਮੀ ਬਾਰੇ ਮੈਡਮ ਸਿੱਧੂ ਨੇ ਕਿਹਾ ਸਿੱਧੂ ਦਾ ਇਤਰਾਜ ਇਸੇ ਕਰਕੇ ਹੈ ਕਿ ਜੇਕਰ ਏਂਦਾ ਹੀ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਾ ਸੀ ਤਾਂ ਫਿਰ ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ (ਏਜੀ) ਦਾ ਮਸਲਾ ਅੱਜ ਸ਼ਾਮ ਤਕ ਹੱਲ ਹੋ ਜਾਵੇਗਾ, ਕਿਉਂਕਿ ਸਿੱਧੂ ਨੇ ਸਾਫ ਕਰ ਦਿੱਤਾ ਸੀ ਜਾਂ ਮੈਨੂੰ ਰੱਖ ਲਓ ਜਾਂ ਏਜੀ ਨੂੰ ਰੱਖੋ। ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਸਾਡੀ ਏਜੀ ਨਾਲ ਕੋਈ ਨਿੱਜੀ ਖਹਿਬਾਜੀ ਨਹੀਂ ਪਰ ਗੱਲ ਅਸੂਲਾਂ ਦੀ ਹੈ ਕਿ ਇਸੇ ਏਜੀ ਨੇ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਦਿਵਾਈ ਸੀ ਤਾਂ ਉਹ ਉਸ ਖਿਲਾਫ ਕਿਵੇਂ ਕੇਸ ਲੜ ਸਕਦਾ ਹੈ। ਸਿੱਧੂ ਦੇ ਆਮ ਆਦਮੀ ਪਾਰਟੀ ‘ਚ ਜਾਣ ਦੇ ਦੋਸ਼ਾਂ ‘ਤੇ ਮੈਡਮ ਸਿੱਧੂ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ ਜਦਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੈਨੂੰ ਮਿਲੇ ਹਨ ਤੇ ਆਪ ਪਹਿਲਾਂ ਆਪਣੇ ਵਿਧਾਇਕ ਸੰਭਾਲ ਲਵੇ।

 

Comment here