ਬਾਦਲ ਪਰਿਵਾਰ ਦੇ ਹੱਥ ਚੰਨੀ ਸਰਕਾਰ ਦੇ ਕੰਟਰੋਲ ਤੋਂ ਖਫਾ ਨੇ ਸਿੱਧੂ
ਵਿਸ਼ੇਸ਼ ਰਿਪੋਰਟ-ਲਕਸ਼ ਕੁਮਾਰ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਨਵਜੋਤ ਸਿੱਧੂ ਵਲੋਂ ਚਾਹੇ ਬੀਤੇ ਮੰਗਲਵਾਰ ਨੂੰ ਅਸਤੀਫਾ ਦਿੱਤਾ ਗਿਆ ਪਰ ਉਨ੍ਹਾਂ ਦੀ ਨਰਾਜ਼ਗੀ ਦੇ ਸੰਕੇਤ ਇਕ ਹਫਤਾ ਪਹਿਲਾਂ ਮਿਲਣੇ ਸ਼ੁਰੂ ਹੋ ਗਏ ਸਨ। ਦੱਸਿਆ ਜਾ ਰਹਾ ਹੈ ਕਿ 22 ਸਤੰਬਰ ਨੂੰ ਅੰਮ੍ਰਿਤਸਰ ਦੌਰੇ ਦੌਰਾਨ ਦੁਪਹਿਰ ਤੋਂ ਬਾਅਦ ਸਿੱਧੂ ਨੇ ਚਰਨਜੀਤ ਚੰਨੀ ਤੋਂ ਦੂਰੀ ਬਣਾ ਲਈ ਸੀ, ਜੋ ਉਸ ਤੋਂ ਬਾਅਦ ਲਗਾਤਾਰ ਜਾਰੀ ਸੀ, ਸਿੱਧੂ ਨੇ ਚੰਨੀ ਨਾਲ ਜਲੰਧਰ, ਕਪੂਰਥਲਾ, ਬਠਿੰਡਾ ਦੌਰੇ ਤੋਂ ਇਲਾਵਾ ਚੰਡੀਗੜ੍ਹ ’ਚ ਰਹਿੰਦੇ ਹੋਏ ਵੀ ਦੂਰੀ ਬਣਾ ਕੇ ਰੱਖੀ ਅਤੇ ਪੰਜਾਬ ਕਾਂਗਰਸ ਦੇ ਦਫਤਰ ਵਿਚ ਬੈਠ ਕੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇੱਥੋਂ ਤੱਕ ਕਿ ਕੈਬਨਿਟ ਫੇਰਬਦਲ ਨੂੰ ਲੈ ਕੇ ਵੀ ਸਿੱਧੂ ਅਤੇ ਚੰਨੀ ਇਕ ਵਾਰ ਹੀ ਇਕੱਠੇ ਦਿੱਲੀ ਗਏ ਅਤੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਵੀ ਸਿੱਧੂ ਬਿਨਾਂ ਰੁਕੇ ਉਥੋਂ ਚਲੇ ਗਏ ਸਨ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਦਾ ਨਤੀਜਾ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋਣ ਤੋਂ ਤੁਰੰਤ ਬਾਅਦ ਸਿੱਧੂ ਦੇ ਅਸਤੀਫੇ ਦੇ ਰੂਪ ’ਚ ਸਾਹਮਣੇ ਆਇਆ ਹੈ। ਸਿੱਧੂ ਦੇ ਅਸਤੀਫੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਸੁਖਜਿੰਦਰ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਉਣ ਤੋਂ ਇਲਾਵਾ ਹੋਮ ਮਨਿਸਟਰ ਬਣਾਉਣ ਦਾ ਵਿਰੋਧ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਹੁਣ ਜਿਸ ਤਰ੍ਹਾਂ ਸਿੱਧੂ ਨੇ ਆਪਣੀ ਵੀਡੀਓ ’ਚ ਅਧਿਕਾਰੀਆਂ ਤੋਂ ਇਲਾਵਾ ਦਾਗੀ ਨੇਤਾਵਾਂ ਨੂੰ ਅਡਜਸਟ ਕਰਨ ਸਬੰਧੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਰੰਧਾਵਾ ਤੋਂ ਇਲਾਵਾ ਕਈ ਹੋਰ ਮੰਤਰੀਆਂ ਦੇ ਨਾਂ ਅਤੇ ਵਿਭਾਗਾਂ ’ਤੇ ਵੀ ਸਿੱਧੂ ਨੂੰ ਇਤਰਾਜ਼ ਹੈ। ਹਾਲਾਂਕਿ ਇਸ ਸਬੰਧੀ ਸਿੱਧੂ ਨੇ ਕੋਈ ਨਾਮ ਕਲੀਅਰ ਨਹੀਂ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕ ਸੰਪਰਕ ਵਿਭਾਗ ਸਿਧੂ ਪਰਗਟ ਸਿੰਘ ਨੂੰ ਦਿਵਾਉਣਾ ਚਾਹੁੰਦੇ ਸੀ, ਪਰ ਇਹ ਮੁਖ ਵਿਭਾਗ ਸੀ ਐਮ ਚੰਨੀ ਨੇ ਸਿਆਣੇ ਸਿਆਸਤਦਾਨ ਵਾਂਗ ਆਪਣੇ ਕੋਲ ਰਖਿਆ, ਇਸ ਤੋਂ ਵੀ ਸਿਧੂ ਨਰਾਜ਼ ਸੀ। ਚਰਚਾ ਤਾਂ ਇਥੋੰ ਤਕ ਹੋ ਰਹੀ ਹੈ ਕਿ ਚੰਨੀ ਸਰਕਾਰ ਬਾਦਲ ਪਰਿਵਾਰ ਦੀ ਫੀਡਬੈਕ ਨਾਲ ਹੀ ਚਲ ਰਹੀ ਹੈ, ਕਿਉਂਕਿ ਮੁੱਖ ਮੰਤਰੀ ਬਣਾਉਣ ਲਈ ਮਨਪ੍ਰੀਤ ਬਾਦਲ ਵਲੋਂ ਹਾਈਕਮਾਨ ਦੇ ਸਾਹਮਣੇ ਚੰਨੀ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਸੀ ਅਤੇ ਵਿੰਨੀ ਮਹਾਜਨ ਦੀ ਜਗ੍ਹਾ ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾਉਣ ਲਈ ਵੀ ਮਨਪ੍ਰੀਤ ਦੀ ਭੂਮਿਕਾ ਦੱਸੀ ਜਾ ਰਹੀ ਹੈ। ਸਿੱਧੂ ਇਸ ਗੱਲ ਤੋਂ ਦੁਖੀ ਹਨ ਕਿ ਨਵੇਂ ਮੰਤਰੀ ਮੰਡਲ ਦਾ ਗਠਨ, ਵਿਭਾਗਾਂ ਦੀ ਵੰਡ ਅਤੇ ਅਧਿਕਾਰੀਆਂ ਦੀ ਤਾਇਨਾਤੀ ਵਿਚ ਮਨਪ੍ਰੀਤ ਬਾਦਲ ਦਾ ਵੱਡਾ ਹੱਥ ਹੈ। ਕਿਤੇ ਨਾ ਕਿਤੇ ਖੂਨ ਦਾ ਰਿਸ਼ਤਾ ਕੰਮ ਕਰ ਰਿਹਾ ਹੈ।ਇਸ ਤੋੰ ਇਲਾਵਾ ਚੰਨੀ ਅਤੇ ਮਨਪ੍ਰੀਤ ਰੋਜ਼ਾਨਾ ਦੇਰ ਰਾਤ ਤੱਕ ਆਪਸ ਵਿਚ ਮੀਟਿੰਗ ਕਰ ਰਹੇ ਹਨ। ਚੰਨੀ ਨੂੰ ਮਨਪ੍ਰੀਤ ਬਾਦਲ ਤੋਂ ਸਰਕਾਰ ਚਲਾਉਣ ਲਈ ਫੀਡਬੈਕ ਮਿਲ ਰਹੀ ਹੈ।
ਓਧਰ ਆਮ ਜਨਤਾ ਦਾ ਵੱਡਾ ਹਿੱਸਾ ਸਿੱਧੂ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈ। ਮੀਡੀਆ ਨਾਲ ਗੱਲ ਕਰਦਿਆਂ ਆਮ ਲੋਕਾਂ ਨੇ ਕਿਹਾ ਹੈ ਕਿ ‘ਜਿਸ ਤਰ੍ਹਾਂ ਸਿੱਧੂ ਨੇ ਪਹਿਲਾਂ ਮੰਤਰੀ ਦਾ ਅਹੁਦਾ ਅਤੇ ਹੁਣ ਪ੍ਰਧਾਨਗੀ ਛੱਡੀ, ਓਦਾਂ ਤਾਂ ਕੋਈ ਪਿੰਡ ਦੀ ਪੰਚੀ ਵੀ ਨਹੀਂ ਛੱਡਦਾ’। ਲੋਕਾਂ ਦਾ ਕਹਿਣਾ ਸੀ ਕਿ ਸਿੱਧੂ ’ਚ ਫ਼ੈਸਲਾ ਲੈਣ ਦੀ ਸ਼ਕਤੀ ਹੈ। ਉਹ ਪੰਜਾਬ ਦੇ ਹਿਤਾਂ ਲਈ ਅਜਿਹਾ ਕਰ ਰਿਹਾ ਹੈ। ਜੇਕਰ ਬੇਅਦਬੀ ਮਾਮਲੇ ਚ ਦੋਸ਼ੀਆਂ ਨੂੰ ਬਚਾਉਣ ਵਾਲੇ ਅਫਸਰਾਂ ਅਤੇ ਵਕੀਲਾਂ ਨੂੰ ਹੀ ਅਹੁਦੇ ਦੇਣੇ ਸਨ ਤਾਂ ਫਿਰ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਨ ਦੀ ਕੀ ਲੋੜ ਸੀ? ਜਿਸ ਮਕਸਦ ਲਈ ਸਿੱਧੂ ਨੇ ਲੜਾਈ ਲੜੀ, ਸਿੱਧੂ ਦਾ ਉਹ ਮਕਸਦ ਪੂਰਾ ਨਹੀਂ ਹੋ ਰਿਹਾ ਸੀ, ਜਿਸ ਕਰਕੇ ਉਸ ਨੇ ਅਹੁਦਾ ਛਡ ਦਿਤਾ ਹੈ। ਜ਼ਿਆਦਾਤਰ ਲੋਕ ਇਹ ਗੱਲ ਮੰਨ ਰਹੇ ਹਨ ਕਿ ਸਿੱਧੂ ਨੂੰ ਇਹ ਅਹਿਸਾਸ ਹੋ ਗਿਆ ਕਿ ਮੌਜੂਦਾ ਸਿਸਟਮ ਵਿਚ ਵੀ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਵਾ ਸਕਣਗੇ ਅਤੇ ਤਿੰਨ ਮਹੀਨਿਆਂ ਦੀ ਸਰਕਾਰ ਦਾ ਏਜੰਡਾ ਕੁੱਝ ਹੋਰ ਬਣ ਗਿਆ ਹੈ, ਜਿਸ ਕਰਕੇ ਹੀ ਉਨ੍ਹਾਂ ਅਸਤੀਫਾ ਦੇ ਕੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਹਨ।
Comment here