ਸਿਆਸਤਵਿਸ਼ੇਸ਼ ਲੇਖ

ਸਿੱਖ ਸਮਾਜ ਚ ਦੂਜੇ ਵਿਆਹ ਨੂੰ ਖੁੱਲ੍ਹੀ ਪ੍ਰਵਾਨਗੀ ਕਿਉਂ ਨਹੀਂ?

ਕਈ ਸਾਲ ਪਹਿਲਾਂ ਸੁਪਰੀਮ ਕੋਰਟ ਦੇ ਇਕ ਜੱਜ ਨੇ ਨਵੀਂ ਦਿੱਲੀ ਵਿਚ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਸੀ ਕਿ ਸਿੱਖ ਧਰਮ ਵਿਚ ਜਿੰਨੇ ਪਵਿੱਤਰ, ਪਕੇਰੇ ਅਤੇ ਸਾਦੇ ਨੈਤਿਕ ਜੀਵਨ ਸਿਧਾਂਤ ਦਿੱਤੇ ਗਏ ਹਨ, ਉਸ ਦੇ ਬਾਵਜੂਦ ਭਾਰਤੀ ਅਦਾਲਤਾਂ ‘ਚ ਸਭ ਤੋਂ ਵੱਧ ਤਲਾਕ ਦੇ ਮਾਮਲੇ ਸਿੱਖ ਪਰਿਵਾਰਾਂ ਤੋਂ ਆ ਰਹੇ ਹਨ।
ਸਿੱਖਾਂ ਦੇ ਧਾਰਮਿਕ ਹਲਕਿਆਂ ਅੰਦਰ ਅਕਸਰ ਇਸ ਵਿਸ਼ੇ ‘ਤੇ ਚਿੰਤਾਜਨਕ ਬਹਿਸ ਛਿੜੀ ਰਹਿੰਦੀ ਹੈ ਕਿ ਸਿੱਖ ਸਮਾਜ ਅੰਦਰ ਤਲਾਕ ਦੀ ਵਬ੍ਹਾ ਤੇਜ਼ੀ ਨਾਲ ਵੱਧ ਰਹੀ ਹੈ ਹਾਲਾਂਕਿ ਅਨੰਦ ਮੈਰਿਜ ਐਕਟ, ਜਿਸ ਦੇ ਤਹਿਤ ਸਿੱਖਾਂ ਦੇ ਵਿਆਹ ਰਜਿਸਟਰਡ ਕੀਤੇ ਜਾਂਦੇ ਹਨ, ਵਿਚ ‘ਤਲਾਕ’ ਨਾਮ ਦੀ ਕੋਈ ਮਦ ਦਰਜ ਨਹੀਂ ਹੈ। ਇਹ ਚਰਚਾ ਐਕਟ ਲਾਗੂ ਕਰਨ ਵੇਲੇ ਵੀ ਛਿੜੀ ਸੀ ਕਿ ਅਨੰਦ ਮੈਰਿਜ ਐਕਟ ਵਿਚ ‘ਤਲਾਕ’ ਦੀ ਮਦ ਜੋੜੀ ਜਾਵੇ ਪਰ ਵਿਦਵਾਨਾਂ ਤੇ ਬੁੱਧੀਜੀਵੀਆਂ ਦਾ ਤਰਕ ਸੀ ਕਿ ਸਿੱਖ ਧਰਮ ਵਿਚ ‘ਤਲਾਕ’ ਦਾ ਕੋਈ ਵਿਧਾਨ ਹੀ ਮੌਜੂਦ ਨਹੀਂ ਹੈ। 
ਸਿੱਖ ਧਰਮ ਵਿਚ ਜਿੱਥੇ ਗ੍ਰਹਿਸਥ ਪ੍ਰਵੇਸ਼ ਲਈ ‘ਅਨੰਦ ਸੰਸਕਾਰ’ ਦੀ ਪਰੰਪਰਾ ਹੈ, ਉੱਥੇ ਇਸ ਦੇ ਉਲਟ ਗ੍ਰਹਿਸਤ ਨੂੰ ਛੱਡਣ ਦੀ ਕੋਈ ਰੀਤ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਸਿੱਖ ਧਰਮ ਵਿਚ ਗ੍ਰਹਿਸਥ ਮਾਰਗ ਨੂੰ ਧਰਮ ਦਾ ਅਟੁੱਟ ਅੰਗ ਮੰਨਿਆ ਜਾਂਦਾ ਹੈ। ਪਰ ਬਾਵਜੂਦ ਇਸ ਦੇ ਸਿੱਖ ਪਰਿਵਾਰ ਹਿੰਦੂ ਮੈਰਿਜ ਐਕਟ ਅਧੀਨ ਧੜਾਧੜ ਤਲਾਕ ਲੈ ਰਹੇ ਹਨ ਅਤੇ ਦੂਜੀ, ਤੀਜੀ ਅਤੇ ਚੌਥੀ-ਚੌਥੀ ਵਾਰ ਵੀ ਕੁਝ ਲੋਕ ਵਿਆਹ ਕਰਵਾ ਰਹੇ ਹਨ। ਚੇਤੰਨ ਧਾਰਮਿਕ ਤੇ ਸਮਾਜਿਕ ਲੋਕ ਇਸ ਵਰਤਾਰੇ ਨੂੰ ਲੈ ਕੇ ਬੇਹੱਦ ਚਿੰਤਤ ਹਨ, ਜੋ ਬੇਹੱਦ ਸ਼ਾਲੀਨਤਾ ਭਰਪੂਰ ਸਾਡੇ ਪੰਜਾਬੀ ਸਮਾਜ ਨੂੰ ਭੋਗਵਾਦੀ ਪੱਛਮੀ ਸਮਾਜ ਦਾ ਰੂਪ ਦੇ ਰਿਹਾ ਹੈ।
ਸੱਤ ਸਾਲ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਸੀ ਅਤੇ ਵੀਰਵਾਰ ਨੂੰ ਲਗਪਗ 50 ਸਾਲਾਂ ਨੂੰ ਢੁਕੇ ਭਗਵੰਤ ਮਾਨ ਹੁਰਾਂ ਦਾ ਲਗਪਗ 30-32 ਸਾਲ ਦੀ ‘ਬੀਬਾ’ ਨਾਲ ਦੂਜਾ ਵਿਆਹ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਦੇ ਪਹਿਲਾਂ ਹੋਏ ਤਲਾਕ ਅਤੇ ਦੂਜੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੇ ਹਲਕੇ, ਮਜਾਹੀਆ, ਵਿਰੋਧ, ਨੁਕਤਾਚੀਨੀ ਅਤੇ ਵਧਾਈਆਂ ਦੇਣ ਵਾਲੇ ਵਿਚਾਰ ਚੱਲ ਰਹੇ ਹਨ। ਕੁਝ ਲੋਕ ਮੁੱਖ ਮੰਤਰੀ ਵਲੋੰ ਆਪਣੇ ਤੋਂ ਲਗਪਗ 18-20 ਸਾਲ ਛੋਟੀ ਕੁੜੀ ਨਾਲ ਵਿਆਹ ਕਰਵਾਉਣ ‘ਤੇ ਹਲਕੇ ਅਤੇ ਸਖਤ ਤਨਜ ਕੱਸ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਮਸਲਾ ਦੱਸ ਰਹੇ ਹਨ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਦੇ ਦੂਜੇ ਵਿਆਹ ਨੂੰ ਜਿਸ ਤਰ੍ਹਾਂ ਮਜਾਹੀਆ ਰੂਪ ਵਿਚ ਲਿਆ ਜਾ ਰਿਹਾ ਹੈ ਇਹ ਓਨਾ ਹਲਕੇ ਪੱਧਰ ਦਾ ਮਸਲਾ ਨਹੀਂ ਹੈ ਅਤੇ ਨਾ ਹੀ ਇਹ ਨਿੱਜਤਾ ਦੀ ਆੜ ਵਿਚ ਉੱਕਾ ਹੀ ਨਜ਼ਰਅੰਦਾਜ ਕਰਨ ਵਾਲਾ ਮਸਲਾ ਹੈ।
ਜਿੱਥੋਂ ਤੱਕ ਮੁੱਖ ਮੰਤਰੀ ਦੇ ਦੂਜੇ ਵਿਆਹ ਨੂੰ ਨਿੱਜੀ ਮਸਲਾ ਦੱਸਿਆ ਜਾ ਰਿਹਾ ਹੈ, ਕਿਸੇ ਵੀ ਸਮਾਜ ਦੇ ਲੋਕ ਸੇਵਾ ਖੇਤਰ ਨਾਲ ਜੁੜੇ ਹੋਏ ਆਗੂਆਂ ਦੀ ਨਿੱਜੀ ਜ਼ਿੰਦਗੀ ਵੀ ਸਮੁੱਚੇ ਸਮਾਜ ‘ਤੇ ਵੱਡਾ ਪ੍ਰਭਾਵ ਪਾਉਂਦੀ ਹੁੰਦੀ ਹੈ। ‘ਰਾਜ ਧਰਮ’ ਦੀਆਂ ਪਰੰਪਰਾਵਾਂ ਵਿਚ ਵੀ ‘ਰਾਜੇ’ ਦਾ ਜੀਵਨ ‘ਪਰਜਾ’ ਨੂੰ ਸਮਰਪਿਤ ਦੱਸਿਆ ਗਿਆ ਹੈ ਅਤੇ ‘ਰਾਜੇ’ ਦੀ ਨਿੱਜੀ ਜ਼ਿੰਦਗੀ ਵੀ ਖੁੱਲ੍ਹੀ ਕਿਤਾਬ ਨਿਆਈਂ ਦਰਸਾਈ ਜਾਂਦੀ ਹੈ। ਰਾਜਨੀਤੀ ਦੀ ਇਕ ਮਰਯਾਦਾ ਨੀਯਤ ਹੈ, ਜੋ ਕਦੇ ਵੀ ਭੰਗ ਨਹੀਂ ਹੋਣੀ ਚਾਹੀਦੀ। ਰਾਜਨੀਤੀ ਦਾ ਅਰਥ ਹੈ, ਰਾਜੇ ਦਾ ਪਰਜਾ ਨਾਲ ਕਿਹੋ ਜਿਹਾ ਵਿਹਾਰ ਹੈ, ਕੀ ਉਹ ਪਰਜਾ ਨੂੰ ਆਪਣਾ ਪੁੱਤਰ ਰੂਪ ਸਮਝ ਕੇ ਉਨ੍ਹਾਂ ਦੇ ਹਿਤ ਦੀ ਲੋਚਾ ਕਰਦਾ ਹੈ ਜਾਂ ਨਹੀਂ, ਇਸੇ ਤਰ੍ਹਾਂ ਪਰਜਾ ਦਾ ਫ਼ਰਜ਼ ਹੈ ਕਿ ਉਹ ਰਾਜਾ ਨੂੰ ਪਿਤਾ ਰੂਪ ਜਾਣ ਕੇ ਉਸ ਦੀ ਆਗਿਆ ਦਾ ਪਾਲਣ ਕਰੇ। ਦੂਜੇ ਅਰਥਾਂ ਵਿਚ ਲੋਕ ਸੇਵਾ ਵਾਲੇ ਸਿਆਸੀ ਖੇਤਰ ਵਿਚ ਮਨੁੱਖ ਦੀ ਨਿੱਜੀ ਜ਼ਿੰਦਗੀ ਲਗਪਗ ਮਨਫੀ ਮੰਨੀ ਜਾਂਦੀ ਹੈ। ਲੋਕ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਦੇ ਆਗੂ ਦੀ ਜ਼ਿੰਦਗੀ ਖੁੱਲ੍ਹੀ ਕਿਤਾਬ ਵਾਂਗ ਹੋਵੇ ਤੇ ਉਹ ਸਮਾਜ ਲਈ ਸੇਧਮਈ ਵੀ ਹੋਵੇ। ਇਹੀ ਕਾਰਨ ਹੈ ਕਿ ਸਮਾਜ ਦੇ ਆਮ ਲੋਕ, ਖਾਸ ਕਰਕੇ ਨੌਜਵਾਨ ਤਬਕਾ ਆਪਣੇ ਸਿਆਸੀ ਆਗੂਆਂ ਦੀ ਜੀਵਨ ਸ਼ੈਲੀ ਵਿਚ ਵਿਸ਼ੇਸ਼ ਦਿਲਚਸਪੀ ਰੱਖਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਦੋਸਤੀ ਨੂੰ ਲੈ ਕੇ ਪੰਜਾਬੀ ਸਮਾਜ ਵਿਚ ਉੱਠਦੇ ਰਹੇ ਵੱਡੇ ਇਤਰਾਜ਼ ਪਿੱਛੇ ਵੀ ਇਹੀ ਕਾਰਨ ਸੀ।
ਹਾਲਾਂਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੂਜਾ ਵਿਆਹ ਨਾ ਵੀ ਕਰਵਾਉਂਦੇ, ਪੰਜਾਬੀ, ਖਾਸ ਕਰਕੇ ਸਿੱਖ ਸਮਾਜ ਅੰਦਰ ਤਲਾਕ ਅਤੇ ਪੁਨਰ ਵਿਆਹਾਂ ਦੀ ਰੀਤ ਬੰਦ ਨਹੀਂ ਹੋ ਜਾਣੀ ਸੀ ਪਰ ਇਕ ਮੁੱਖ ਮੰਤਰੀ ਦੇ ਪਹਿਲੀ ਪਤਨੀ ਨੂੰ ਉਸ ਵੇਲੇ ਤਲਾਕ ਦੇਣ ਜਦੋਂ ਉਨ੍ਹਾਂ ਦੇ ਬੱਚੇ ਵੀ ਜਵਾਨ ਹੋ ਰਹੇ ਹੋਣ ਅਤੇ ਉਸ ਤੋਂ ਕਈ ਸਾਲ ਬਾਅਦ ਆਪਣੇ ਤੋਂ ਕਈ ਸਾਲ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਣ ਦੇ ਨਾਲ ਸਮਾਜ ਦੇ ਅੰਦਰ, ਖਾਸ ਕਰਕੇ ਨੌਜਵਾਨ ਤਬਕੇ ‘ਤੇ ਪੈਣ ਵਾਲੇ ਬਹੁ-ਪਰਤੀ ਮਨੋਵਿਗਿਆਨਿਕ ਅਤੇ ਭਾਵਨਾਤਮਿਕ ਪ੍ਰਭਾਵਾਂ ਦੀ ਸੰਭਾਵਨਾ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ। ਜਦੋਂ ਸਮਾਜ ਦੀ ਰਾਜਨੀਤਕ ਇਕਾਈ ਦੀ ਸਿਖਰਲੀ ਪਦਵੀ ‘ਤੇ ਬੈਠੀ ਕੋਈ ਸ਼ਖ਼ਸੀਅਤ, ਜਿਸ ਉੱਤੇ ਬਿਠਾਇਆ ਵੀ ਸਮਾਜ ਨੇ ਵੱਡੇ ਬਹੁਮਤ ਨਾਲ ਹੋਵੇ, ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਿਤ ਕੋਈ ਵੱਡਾ ਤੇ ਅਹਿਮ ਫੈਸਲਾ ਲੈਂਦੀ ਹੈ ਤਾਂ ਉਸ ਨਾਲੋਂ ਸਮੁੱਚੇ ਸਮਾਜ ਨੂੰ ਕਿੰਜ ਨਿਖੇੜ ਸਕੋਗੇ?
ਹਾਲਾਂਕਿ ਦੂਜਾ ਵਿਆਹ ਕਰਵਾਉਣਾ ਕੋਈ ਅਸੱਭਿਅਕ ਜਾਂ ਗੈਰ-ਸਮਾਜੀ ਰੀਤੀ ਨਹੀਂ ਹੈ ਪਰ ਸਾਡੇ ਕਦਰਾਂ-ਕੀਮਤਾਂ ਪ੍ਰਧਾਨ ਸਮਾਜ ਅੰਦਰ ਇਸ ਨੂੰ ਆਮ ਹੀ ਹਾਲਾਤਾਂ ਵਿਚ ‘ਖੁੱਲ੍ਹੇ ਰੂਪ ਵਿਚ’ ਪ੍ਰਵਾਨਗੀ ਵੀ ਨਹੀਂ ਮਿਲੀ ਹੋਈ, ਬੇਸ਼ੱਕ ਇਸ ਤਰ੍ਹਾਂ ਸਮਾਜ ਅੰਦਰ ਵੱਡੇ ਰੂਪ ਵਿਚ ਵਾਪਰ ਵੀ ਰਿਹਾ ਹੈ।
ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਅੰਦਰ ਚਾਰ ਲਾਵਾਂ ਦੀ ਪਾਵਨ ਬਾਣੀ ਉਚਾਰਨ ਕੀਤੀ ਹੈ। ਜਿੱਥੇ ਇਨ੍ਹਾਂ ਲਾਵਾਂ ਦੁਆਰਾ ਅਨੰਦ ਕਾਰਜ ਦੀ ਮਰਯਾਦਾ ਸੰਪੂਰਨ ਹੁੰਦੀ ਹੈ, ਉਥੇ ਗ੍ਰਹਿਸਥ ਵਿਚ ਰਹਿ ਕੇ ਵਾਹਿਗੁਰੂ ਰੂਪ ਪਤੀ ਦੀ ਪ੍ਰਾਪਤੀ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। ‘ਲਾਵ’ ਦਾ ਭਾਵ ਹੈ ਵਿਆਹ ਸਮੇਂ ਪਰਕਰਮਾ (ਪ੍ਰਣ) ਕਰਦਿਆਂ ਸਤਿਗੁਰੂ ਜੀ ਅਤੇ ਸੰਗਤ ਦੀ ਹਾਜ਼ਰੀ ਵਿਚ ਲੜਕੀ ਅਤੇ ਲੜਕੇ ਵਲੋਂ ਪ੍ਰਣ ਕੀਤਾ ਗਿਆ ਹੈ ਕਿ ਅੱਜ ਤੋਂ ਅਸੀਂ ਦੁੱਖ-ਸੁੱਖ ਅੰਦਰ ਇਕੱਠੇ ਰਹਾਂਗੇ। ਲਾਂਵ ਦਾ ਭਾਵ ਇਹ ਵੀ ਹੈ ਕਿ ਪਤੀ-ਪਤਨੀ ਦੀਆਂ ਪ੍ਰੇਮ ਦੀਆਂ ਗੰਢਾਂ ਐਸੀਆਂ ਪੱਕੀਆਂ ਪੈ ਜਾਂਦੀਆਂ ਹਨ, ਜੋ ਜੀਵਨ ਦੇ ਉਤਰਾਅ-ਚੜ੍ਹਾਅ ਅਤੇ ਆਚਾਰ-ਵਿਹਾਰ ਵਿਚ ਪ੍ਰਪੱਕ ਨਿਭਦੀਆਂ ਹਨ। ਪਰ ਸਾਡੇ ਸਮਾਜ ਅੰਦਰ ਇਹ ਕੈਸੀ ਵਿਆਹ ਪਰੰਪਰਾ ਵਿਕਸਿਤ ਹੋ ਰਹੀ ਹੈ ਕਿ ਪਹਿਲਾਂ ਕਿਸੇ ਇਕ ਨਾਲ ਚਾਰ ਲਾਵਾਂ ਲੈ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਾਖਸ਼ੀ ਮੰਨ ਕੇ, ਮਾੜੇ-ਚੰਗੇ ਹਾਲਾਤਾਂ ਵਿਚ ਵੀ ਇਕੱਠਿਆਂ ਜੀਣ-ਮਰਨ ਦਾ ਪ੍ਰਣ ਕੀਤਾ ਜਾਵੇ ਤੇ ਕੁਝ ਸਾਲ ਬਾਅਦ ਉਸ ਨੂੰ ਛੱਡ ਕੇ ਮੁੜ ਕਿਸੇ ਹੋਰ ਨਾਲ, ਉਹੀ ਪ੍ਰਤਿੱਗਿਆ ਦੁਹਰਾਈ ਜਾਵੇ। ‘ਤਲਾਕ’ ਅਤੇ ਇਕ ਨੂੰ ਛੱਡ ਕੇ ਦੂਜਾ ਵਿਆਹ ਕਰਵਾਉਣ ਦੀ ਸਿੱਖ ਸਮਾਜ ਅੰਦਰ ਵੱਧ ਰਹੀ ਵਬ੍ਹਾ ਧਾਰਮਿਕ ਅਤੇ ਸਮਾਜਿਕ ਲੀਡਰਸ਼ਿਪ ਦਾ ਧਿਆਨ ਮੰਗਦੀ ਹੈ, ਤਾਂ ਜੋ ਸਾਡੀਆਂ ਮੌਲਿਕ ਪਰੰਪਰਾਵਾਂ ਨੂੰ ਬਚਾਇਆ ਜਾ ਸਕੇ।
ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)

Comment here