ਅੰਮ੍ਰਿਤਸਰ : ਕਾਨਪੁਰ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਚੱਲ ਰਹੀ ਹੈ। ਇਸੇ ਸਿਲਸਿਲੇ ’ਚ ਟੀਮ ਪੰਜਾਬ ਦੇ ਦੌਰੇ ਤੇ ਹੈ। ਜਾਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਬੀਤੀ ਸ਼ਾਮ ਅੰਮ੍ਰਿਤਸਰ ਪਹੁੰਚੀ। ਟੀਮ ਨਾਲ ਗਏ ਜਾਂਚ ਅਧਿਕਾਰੀ ਐਸਪੀ ਸਿੰਘ ਨੇ ਦੱਸਿਆ ਕਿ ਉਹ ਚਾਰ ਵਿਅਕਤੀਆਂ ਦੇ ਬਿਆਨ ਦਰਜ ਕਰਨ ਲਈ ਅੰਮ੍ਰਿਤਸਰ ਆਏ ਹਨ। ਉਨ੍ਹਾਂ ਫਿਲਹਾਲ ਡੀ.ਐਸ ਗੁਰਾਇਆ ਨਾਲ ਮੁਲਾਕਾਤ ਕੀਤੀ ਹੈ। ਪੀੜਤ ਡੀਐਸ ਗੁਰਾਇਆ ’84 ਦੇ ਦੰਗਿਆਂ ਦੌਰਾਨ ਕਾਨਪੁਰ ਦੇ ਨਿਰਾਲਾ ਨਗਰ ਇਲਾਕੇ ‘ਚ ਸਤਪਾਲ ਸਿੰਘ ਨਾਂ ਦੇ ਵਿਅਕਤੀ ਦੇ ਘਰ ਕਿਰਾਏ ’ਤੇ ਰਹਿੰਦਾ ਸੀ। ਉਨ੍ਹਾਂ 31 ਅਕਤੂਬਰ 1984 ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਉਸ ਦੇ ਘਰ ‘ਤੇ ਵੀ ਭੀੜ ਨੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਭੀੜ ਦੇ ਪਾਸਿਓਂ ਗੋਲ਼ੀਆਂ ਵੀ ਚਲਾਈਆਂ ਗਈਆਂ। ਇਨ੍ਹਾਂ ਦੰਗਿਆਂ ‘ਚ ਭੀੜ ਵੱਲੋਂ ਦੋ ਵਿਅਕਤੀਆਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਤੇ ਪੰਜ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਉਸ ਦੇ ਪਰਿਵਾਰ ਦੇ ਦੋ ਮੈਂਬਰ ਵੀ ਮਾਰੇ ਗਏ ਸਨ। ਭੀੜ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ ਸੀ ਤੇ ਉਸ ਨੂੰ ਇਹ ਸੋਚ ਕੇ ਛੱਡ ਦਿੱਤਾ ਸੀ ਕਿ ਉਹ ਮਰ ਗਿਆ ਹੈ।ਜਾਂਚ ਅਧਿਕਾਰੀ ਅਨੁਸਾਰ ਕਾਨਪੁਰ ‘ਚ 127 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਕਾਨਪੁਰ ਛੱਡ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ, ਜਲੰਧਰ, ਰੂਪਨਗਰ, ਮੋਹਾਲੀ, ਬਟਾਲਾ ਅਤੇ ਚੰਡੀਗੜ੍ਹ ਵਿੱਚ ਰਹਿਣ ਲੱਗ ਪਏ। ਇਨ੍ਹਾਂ ਸਾਰੇ ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਟੀਮ ਵੱਲੋਂ ਅੰਮ੍ਰਿਤਸਰ ‘ਚ ਇੱਕ ਹੋਰ ਵਿਅਕਤੀ ਜਸਬੀਰ ਸਿੰਘ ਤੋਂ ਵੀ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਬਿਆਨ ਦਰਜ ਕੀਤੇ। ਉਸ ਨੇ ਵੀ ਸਾਰੀ ਘਟਨਾਂ ਦੱਸੀ ਹੈ, ਪਰ ਉਸ ਵਿੱਚ ਨਾ ਤਾਂ ਕੋਈ ਐਫਆਈਆਰ ਹੈ ਅਤੇ ਨਾ ਹੀ ਕੋਈ ਦਸਤਾਵੇਜ਼ ਅਤੇ ਸਬੂਤ ਜਸਬੀਰ ਸਿੰਘ ਕੋਲ ਹੈ। ਇਸ ਦਾ ਕੋਈ ਰਿਕਾਰਡ ਜਾਂਚ ਟੀਮ ਕੋਲ ਨਹੀਂ ਹੈ।ਉਨ੍ਹਾਂ ਦੱਸਿਆ ਕਿ ਟੀਮ ਨੂੰ ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ ਬੁੱਧ ਸਿੰਘ ਪੁੱਤਰ ਸਰਦੂਲ ਸਿੰਘ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਨਪੁਰ ‘ਚ 40 ਦੇ ਕਰੀਬ ਕੇਸ ਦਰਜ ਹਨ ਜੋ ਕਿ ਬਹੁਤ ਹੀ ਦਰਦਨਾਕ ਕਤਲ ਦੇ ਸਨ। ਐਸਆਈਟੀ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਅਸੀਂ ਕਰੀਬ 200 ਲੋਕਾਂ ਦੇ ਬਿਆਨ ਦਰਜ ਕਰਾਂਗੇ।ਉਨ੍ਹਾਂ ਕਿਹਾ ਕਿ ਕੋਈ ਵੀ ਪੀੜਤ ਜੋ ਇਸ ਮਾਮਲੇ ‘ਚ ਜਾਂਚ ਟੀਮ ਨੂੰ ਆਪਣਾ ਬਿਆਨ ਦੇਣਾ ਚਾਹੁੰਦਾ ਹੈ, ਉਹ ਸਾਡੇ ਫ਼ੋਨ ਨੰਬਰ 9897232797 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਕੋਲ ਜੋ ਪਤੇ ਪੀੜਤ ਪਰਿਵਾਰਾਂ ਦੇ ਹਨ, ਪੀੜਤਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਦੇ ਮੈਂਬਰਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ।
Comment here